60 ਗਰੀਬ ਵਿਦਿਆਰਥਣਾਂ ਨੂੰ ਠੰਡ ਦੀ ਮਾਰ ਤੋਂ ਬਚਾਉਣ ਲਈ ਗਰਮ ਜਰਸੀਆਂ ਵੰਡੀਆਂ

60 ਗਰੀਬ ਵਿਦਿਆਰਥਣਾਂ ਨੂੰ ਠੰਡ ਦੀ ਮਾਰ ਤੋਂ ਬਚਾਉਣ ਲਈ  ਗਰਮ ਜਰਸੀਆਂ ਵੰਡੀਆਂ

ਡਾ ਅਜੀਤਪਾਲ ਸਿੰਘ ਐਮ ਡੀ ਦੀ ਪ੍ਰੇਰਨਾ ਸਦਕਾ ਰੇੰਕਰ ਸਕਿਓਰਿਟੀ ਦੇ ਇੰਚਾਰਜ ਕੈਪਟਨ ਗੁਰਦਾਸ ਸਿੰਘ ਮਾਨ ਨੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਮੌਕੇ ਪਹੁੰਚ ਕੇ 60 ਗਰੀਬ ਵਿਦਿਆਰਥਣਾਂ ਨੂੰ ਠੰਡ ਦੀ ਮਾਰ ਤੋਂ ਬਚਾਉਣ ਲਈ ਚੌਦਾਂ ਹਜ਼ਾਰ ਰੁਪਏ ਦੀਆਂ ਗਰਮ ਜਰਸੀਆਂ ਵੰਡੀਆਂ।ਸਕੂਲ ਦੀ ਪ੍ਰਿੰਸੀਪਲ ਮੈਡਮ ਸਵੀਨ ਕਿਰਨ ਕੌਰ ਤੇ ਸਮੁੱਚੇ ਸਟਾਫ਼ ਨੇ ਉਨ੍ਹਾਂ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਹੈ।ਯਾਦ ਰਹੇ ਕਿ ਸਰਕਾਰੀ ਸਕੂਲਾਂ ਵਿੱਚ ਬਸਤੀਆਂ ਤੇ ਹੋਰ ਗ਼ਰੀਬਾਂ ਦੇ ਬੱਚੇ ਹੀ ਪੜ੍ਹਨ ਆਉਂਦੇ ਹਨ ਕਿਉਂਕਿ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਪੜਾਈ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ।ਪਿਛਲੇ ਸੈਸ਼ਨ ਦੇ ਨਤੀਜਿਆਂ ਤੋਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸਰਕਾਰੀ ਸਕੂਲਾਂ ਦੇ ਗਰੀਬ ਬੱਚੇ ਖਾਸ ਕਰਕੇ ਲੜਕੀਆਂ ਟੇਲੈਂਟ ਪੱਖੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਨ ਮਾਲ ਰੋਡ ਤੇ ਸਥਿਤ ਇਸ ਕੰਨਿਆ ਸਰਕਾਰੀ ਸੈਕੰਡਰੀ ਸਕੂਲ ਦੀ ਇੱਕ ਵਿਦਿਆਰਥਣ ਨੇ ਤਾਂ ਇਸ ਸੈਸ਼ਨ ਦੇ ਨਤੀਜਿਆਂ ਵਿੱਚ ਪਚੰਨਵੇਂ ਫੀਸਦੀ ਦੇ ਕਰੀਬ ਨੰਬਰ ਹਾਸਿਲ ਕਰਕੇ ਬੋਰਡ ਦੀ ਮੈਰਿਟ ਵਿੱਚ ਪਹਿਲੀਆਂ ਪੁਜੀਸ਼ਨਾਂ ਵਿੱਚ ਆਪਣੀ ਥਾਂ ਬਣਾ ਕੇ ਸਕੂਲ ਦਾ ਹੀ ਨਹੀਂ ਬਲਕਿ ਸਾਰੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ।ਹੋਰ ਤਾਂ ਹੋਰ ਸਭ ਤੋਂ ਵੱਧ ਕੁਆਲੀਫਾਈਡ ਸਟਾਫ਼ ਸਰਕਾਰੀ ਸਕੂਲਾਂ ਵਿੱਚ ਹੀ ਮੁਹੱਈਆ ਹੈ।ਵਪਾਰੀਕਰਨ ਤੇ ਨਿੱਜੀਕਰਨ ਦੇ ਇਸ ਦੌਰ ਵਿੱਚ ਕੁਝ ਕੁ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਈਵੇਟ ਸਕੂਲਾਂ ਤੇ ਹੋਰ ਅਦਾਰਿਆਂ ਨੇ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।ਮਹਿੰਗੀਆਂ ਕਿਤਾਬਾਂ ਵਰਦੀਆਂ ਅਤੇ ਵੱਡੀਆਂ ਫੀਸਾਂ ਦਾ ਬੋਝ ਮਾਪਿਆਂ ਸਿਰ ਲੱਦ ਕੇ ਅਜਿਹੇ ਸਕੂਲ ਆਪਣੀ ਸ਼ਾਨੋਸ਼ੌਕਤ ਦਾ ਮੁਜ਼ਾਹਰਾ ਕਰਦੇ ਹਨ ਜਦ ਕਿ ਪੜ੍ਹਾਈ ਦੀ ਕੁਆਲਿਟੀ ਉੱਥੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਨਿਗੂਣੀ ਹੈ।ਲਾਜ਼ਮੀ ਅਤੇ ਮੁਫ਼ਤ ਬੁਨਿਆਦੀ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਫਰਜ਼ ਹੈ ਅਤੇ ਇਹ ਸਿੱਖਿਆ ਲੋਕਾਂ ਦਾ ਬੁਨਿਆਦੀ ਅਧਿਕਾਰ ਵੀ ਹੈ।ਸਿੱਖਿਆ ਵਰਗੇ ਲੋਕ ਭਲਾਈ ਦੇ ਅਜਿਹੇ ਕੰਮਾਂ ਤੋਂ ਸਰਕਾਰ ਜੇ ਆਪਣਾ ਹੱਥ ਪਿੱਛੇ ਖਿੱਚਦੀ ਹੈ ਤਾਂ ਦਾਨੀ ਸੱਜਣਾਂ ਤੋਂ ਇਲਾਵਾ ਲੋਕਾਂ ਕੋਲ ਇਨ੍ਹਾਂ ਅਦਾਰਿਆਂ ਨੂੰ ਚਲਾਉਣ ਲਈ ਹੋਰ ਕੋਈ ਚਾਰਾ ਬਚਦਾ ਵੀ ਨਹੀਂ ਹੈ।ਇਸ ਤੋਂ ਇਲਾਵਾ ਹਰ ਸੂਝਵਾਨ ਤੇ ਜਾਗਰੂਕ ਸ਼ਹਿਰੀ ਦਾ ਇਹ ਫਰਜ਼ ਵੀ ਬਣ ਜਾਂਦਾ ਹੈ ਕਿ ਇਨ੍ਹਾਂ ਸਕੂਲਾਂ ਨੂੰ ਚਲਾਉਣ ਲਈ ਜ਼ਰੂਰੀ ਬਜਟ ਅਲਾਟ ਕਰਨ ਵਾਸਤੇ ਸਰਕਾਰ ਤੇ ਉਹ ਦਬਾਅ ਪਾਉਣ ਅਤੇ ਨਾਲ ਹੀ ਨਾਲ ਸਰਦੇ ਪੁਜਦੇ ਲੋਕ ਆਪਣੇ ਕੋਲੋਂ ਵੀ ਥੋੜ੍ਹਾ ਬਹੁਤ ਦਾਨ ਕਰਕੇ ਸਕੂਲਾਂ ਨੂੰ ਚੱਲਦਾ ਰੱਖਣ ਕਿਉਂਕਿ ਮੁਕਾਬਲੇ ਦੇ ਇਸ ਦੌਰ ਵਿੱਚ ਜਨਤਕ ਖੇਤਰ ਦੇ ਇਹ ਸਕੂਲ ਕਿਤੇ ਪਿੱਛੇ ਨਾ ਰਹਿ ਜਾਣ ਅਤੇ ਗ਼ਰੀਬਾਂ ਦੇ ਅਨਪੜ੍ਹ ਰਹਿਣ ਤੱਕ ਦੀ ਨੌਬਤ ਆ ਜਾਵੇ।