ਪਿੰਡ ਪਨਗੋਟਾ ਦੀ ਪੰਚਾਇਤ ਅਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਪਿੰਡ ਪਨਗੋਟਾ ਦੀ ਪੰਚਾਇਤ ਅਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਚੋਹਲਾ ਸਾਹਿਬ, 6 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅੱਜ ਸੰਗਤ ਦੇ ਸੱਦੇ ਤੇ ਅੱਜ ਪਿੰਡ ਪਨਗੋਟਾ ਵਿਖੇ ਪਹੁੰਚੇ ਅਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਆਪ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, “ ਸਾਨੂੰ ਕਦੇ ਵੀ ਪਰਮਾਤਮਾ ਦੇ ਦਇਆਲੂ ਸੁਭਾਅ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ। ਅਗਰ ਸਾਡੀ ਜਿੰਦਗੀ ਵਿਚ ਕੋਈ ਦੁੱਖ ਤਕਲੀਫ ਵੀ ਆਉਂਦੀ ਹੈ ਤਾਂ ਇਸ ਨੂੰ ਵੀ ਉਸ ਦੀ ਦਾਤ ਹੀ ਸਮਝਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, “ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥”  ( ਜਪੁ ਜੀ ਸਾਹਿਬ) ਪ੍ਰਭੂ ਸਦਾ ਨਿਰਵੈਰ ਹੈ। ਦੁੱਖ ਵੇਲੇ ਸਾਨੂੰ ਉਸ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ। ਹੜ੍ਹਾਂ ਦੀ ਬਿਪਤਾ ਵਿਚ ਆਪ ਸਭ ਸੰਗਤ ਨੇ ਇੱਕਜੁਟ ਹੋ ਕੇ ਬੰਨ੍ਹ ਦੀ ਸੇਵਾ ਵਿਚ ਹਿੱਸਾ ਲਿਆ। ਵਾਹਿਗੁਰੂ ਆਪ ਸਭ ਤੇ ਮਿਹਰ ਬਣਾਈ ਰੱਖੇ। ਅਸੀਂ ਆਪ ਸਭ ਸੰਗਤ ਦੇ ਤਹਿ-ਦਿਲੋਂ ਧੰਨਵਾਦੀ ਹਾਂ।” ਇਸ ਮੌਕੇ ਸੰਗਤ ਦੇ ਵਿਸ਼ਾਲ ਇਕੱਠ ਵਿਚ ਸੁਖਵੰਤ ਸਿੰਘ ਸਰਪੰਚ, ਮਨੀ ਸਿੰਘ ਸੇਕ੍ਰੇਟਰੀ ਪੰਜਾਬ, ਗੁਰਦਿਆਲ ਸਿੰਘ, ਮਿਲਖਾ ਸਿੰਘ ਨੰਬਰਦਾਰ,  ਅਨਮੋਲ ਸਿੰਘ, ਸਿਕੰਦਰ ਸਿੰਘ,  ਕੁਲਵੰਤ ਸਿੰਘ, ਇਕਬਾਲ ਸਿੰਘ, ਕਾਲਾ ਸਿੰਘ, ਦਵਿੰਦਰ ਸਿੰਘ, ਨਵਰੂਪ ਸਿੰਘ, ਗੁਰਸਾਹਿਬ ਸਿੰਘ, ਭਿੰਦਾ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸੰਗਤ ਵਿਚ ਬੋਲਦਿਆ ਸਰਪੰਚ ਸੁਖਵੰਤ ਸਿੰਘ ਨੇ ਆਖਿਆ, “ ਸਮੂਹ ਗ੍ਰਾਮ ਪੰਚਾਇਤ ਪਨਗੋਟਾ ਅਤੇ ਸਾਧਸੰਗਤ ਸੰਤ ਬਾਬਾ ਸੁੱਖਾ ਸਿੰਘ ਨੂੰ ‘ਜੀ ਆਇਆਂ’ ਆਖਦੀ ਹੈ। ਅੱਜ ਅਸੀਂ ਬਾਬਾ ਜੀ ਨੂੰ ਸਨਮਾਨਤ ਕਰਨ ਲਈ ਇਕੱਠੇ ਹੋਏ ਹਾਂ। ਸਾਡੇ ਪਿੰਡ ਨੂੰ ਬਾਬਾ ਸੁੱਖਾ ਸਿੰਘ ਦੀ ਬਦੌਲਤ ਹੀ ਬੰਨ੍ਹ ਬੰਨਣ ਦੀਆਂ ਸੇਵਾਵਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਿਲਆ ਹੈ। ਸਾਡੇ ਪਿੰਡ ਦੇ ਕਈ ਨੌਜਵਾਨ ਇਹਨਾਂ ਸੇਵਾਵਾਂ ਵਿਚ ਹਿੱਸਾ ਲੈਣ ਕਰਕੇ ਸਿੱਖੀ ਜੀਵਨ ਵੱਲ ਪ੍ਰੇਰਿਤ ਹੋਏ ਹਨ। ਸਾਡੇ ਪਿੰਡ ਵਲੋਂ ਬੇਨਤੀ ਹੈ ਕਿ ਸਾਨੂੰ ਵੀ ਸੇਵਾ ਵਿਚ ਜੋੜੀ ਰੱਖਿਆ ਕਰੋ।”