ਪਾਕਿ 'ਚ ਜੱਦੀ ਘਰ ਪਹੁੰਚੇ ਗਿੱਪੀ ਗਰੇਵਾਲ, ਪੁਸ਼ਤੈਨੀ ਘਰ 'ਚੋਂ ਤੋਹਫੇ 'ਚ ਮਿਲੀ ਇਹ ਚੀਜ਼
Wed 22 Jan, 2020 0ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰਾਕਸਟਾਰ ਹਾਲ ਹੀ 'ਚ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ। ਸ੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ 47 ਜੇ. ਬੀ. ਮਨਸੂਰਾ ਵੀ ਗਏ, ਜਿਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਦੌਰਾਨ ਗਿੱਪੀ ਨਾਲ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ, ਤਪਿੰਦਰ ਸਿੰਘ, ਗੁਫਾਰ ਅਲੀ ਤੇ ਭਾਣਾ ਐੱਲ. ਏ. ਨਜ਼ਰ ਆਏ। ਗਿੱਪੀ ਗਰੇਵਾਲ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ।
ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ 'ਚ ਸਿਰਫ 4-5 ਘੰਟੇ ਹੀ ਰੁਕੇ ਸਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਬਜ਼ੁਰਗ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਪਿਤਾ ਦੇ ਖਾਸ ਦੋਸਤ ਬਾਬਾ ਅਨਵਰ ਅਲੀ ਨਾਲ ਆਪਣੇ ਵੱਡ-ਵਡੇਰਿਆਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਦੌਰਾਨ ਗਿੱਪੀ ਗਰੇਵਾਲ ਨੇ ਲਾਹੌਰ ਦੇ ਸਥਾਨਕ ਕਲਾਕਾਰਾਂ ਤੇ ਗਾਇਕਾਂ ਨਾਲ ਵੀ ਮੁਲਾਕਾਤ ਕੀਤੀ।
ਗਿੱਪੀ ਗਰੇਵਾਲ ਦੇ ਜੱਦੀ ਪਿੰਡ ਵਾਲੇ ਘਰ 'ਚ ਰਹਿ ਰਹੇ ਪਰਿਵਾਰ ਵਲੋਂ ਉਨ੍ਹਾਂ ਦੇ ਘਰ ਦਾ ਇਕ ਤਾਲਾ ਗਿੱਪੀ ਨੂੰ ਤੋਹਫੇ ਵਜੋਂ ਦਿੱਤਾ ਗਿਆ। ਗਿੱਪੀ ਉਥੋਂ ਹੀ ਸ਼ਾਮ 4.30 ਵਜੇ ਦੇ ਕਰੀਬ ਰਾਜਧਾਨੀ ਇਸਲਾਮਾਬਾਦ ਲਈ ਰਵਾਨਾ ਹੋ ਗਏ ਸਨ।
ਗਿੱਪੀ ਗਰੇਵਾਲ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ, ਉਥੇ ਹੀ ਉਨ੍ਹਾਂ ਨੇ ਚੌਰ ਸਾਹਿਬ ਦੀ ਸੇਵਾ ਵੀ ਕੀਤੀ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਲੰਗਰ ਵੀ ਛਕਿਆ ਤੇ ਸਥਾਨਕ ਸਿੱਖ ਭਾਈਚਾਰੇ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵਲੋਂ ਜਾਰੀ ਕੀਤਾ ਗਿਆ 550 ਰੁਪਏ ਦਾ ਯਾਦਗਾਰੀ ਸਿੱਕਾ ਤੇ ਸਿਰੋਪਾਓ ਵੀ ਭੇਟ ਕੀਤਾ ਗਿਆ।
Comments (0)
Facebook Comments (0)