ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਿਓ-ਧੀ ਦੀ ਮੌਤ
Wed 29 May, 2019 0ਤਰਨਤਾਰਨ :
ਸੂਬੇ ਵਿੱਚ ਸੜਕ ਹਾਦਸੇ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਗਈਆਂ ਹਨ । ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਪੂਰਥਲਾ-ਅਟਾਰੀ ਮਾਰਗ ਦੇ ਨੇੜੇ ਪੈਂਦੇ ਪਿੰਡ ਰੈਸ਼ੀਆਣਾ ਕੋਲ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ । ਇਸ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਿਓ-ਧੀ ਦੀ ਮੌਤ ਹੋ ਗਈ, ਜਦ ਕਿ ਮ੍ਰਿਤਕ ਦੀ ਪਤਨੀ ਜ਼ਖ਼ਮੀ ਹੋਣ ਕਾਰਨ ਹਸਪਤਾਲ ਦਾਖਿਲ ਹੈ । ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
ਇਸ ਮਾਮਲੇ ਵਿੱਚ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮੰਗਾ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਧਰਮ ਸਿੰਘ, ਮਾਤਾ ਕੈਲਾਸ਼ੋ ਅਤੇ ਭੈਣ ਲੱਛਮੀ ਤਿੰਨੋ ਮੋਟਰਸਾਈਕਲ ‘ਤੇ ਸਵਾਰ ਹੋ ਕੇ ਤਰਨਤਾਰਨ ਤੋਂ ਨਾਗੋਕੇ ਨੂੰ ਜਾ ਰਹੇ ਸਨ । ਜਦੋਂ ਉਹ ਪਿੰਡ ਰੈਸ਼ੀਆਣਾ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ਸਵਿਫ਼ਟ ਕਾਰ ਨੰਬਰ ਪੀ.ਬੀ.02.ਬੀ.ਐੱਚ.8688 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ।
ਜਿਸ ਕਾਰਨ ਉਸ ਦੇ ਪਿਤਾ ਅਤੇ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ,ਜਦਕਿ ਉਸਦੀ ਮਾਤਾ ਦੇ ਮਾਮੂਲੀ ਸੱਟਾਂ ਲੱਗੀਆਂ । ਇਸ ਹਾਦਸੇ ਦੇ ਬਾਅਦ ਜਖ਼ਮੀਆਂ ਨੂੰ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਪਿਤਾ ਧਰਮ ਸਿੰਘ ਅਤੇ ਭੈਣ ਲੱਛਮੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਮਾਤਾ ਦਾ ਇਲਾਜ ਕਰਵਾਇਆ ਜਾ ਰਿਹਾ ਹੈ ।
ਇਸ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਵੀ ਦਰਜ ਕਰ ਲਿਆ ਗਿਆ ਹੈ । ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮਕਸੂਦਾਂ ਵਿੱਚ ਦੇਖਣ ਨੂੰ ਮਿਲਿਆ ਸੀ, ਜਿੱਥੇ ਫਲਾਈਓਵਰ ‘ਤੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਸੀ , ਪਰ ਇਸ ਹਾਦਸੇ ਵਿੱਚ ਕੋਈ ਵੀ ਨੁਕਸਾਨ ਹੋਣ ਤੋਂ ਬਚ ਗਿਆ ਸੀ । ਦੱਸਿਆ ਜਾ ਰਿਹਾ ਸੀ ਕਿ ਦਿਲਬਾਗ ਨਗਰ ਵਾਸੀ ਰਮੇਸ਼ ਕੁਮਾਰ ਆਪਣੀ ਪਤਨੀ ਰੀਤੂ ਦੇ ਨਾਲ ਕਰਤਾਰਪੁਰ ਕਿਸੇ ਕੰਮ ਲਈ ਜਾ ਰਹੇ ਸਨ । ਉਨ੍ਹਾਂ ਨੇ ਦੱਸਿਆ ਕਿ ਜਦੋਂ ਹੀ ਉਹ ਮਕਸੂਦਾਂ ਫਲਾਈਓਵਰ ‘ਤੇ ਪਹੁੰਚੇ ਤਾਂ ਪਿੱਛਿਓਂ ਆ ਰਹੇ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ । ਇਸ ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ।
Comments (0)
Facebook Comments (0)