ਸੈਮੀਨਾਰ ਵਿੱਚ ਕੀਤੀ ਮੁਨਿਆਦੀ, ਕਰਨੀ ਪਊ ਕੰਟਰੋਲ ਅਬਾਦੀ

ਸੈਮੀਨਾਰ ਵਿੱਚ ਕੀਤੀ ਮੁਨਿਆਦੀ, ਕਰਨੀ ਪਊ ਕੰਟਰੋਲ ਅਬਾਦੀ

ਸੀਐੱਚਸੀ ਸਰਹਾਲੀ ਵਿਖੇ ਮਨਾਇਆ ਵਿਸ਼ਵ ਅਬਾਦੀ ਦਿਵਸ
ਸਰਹਾਲੀ ਕਲਾਂ 14 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ) 
ਸੀਐੱਚਸੀ ਸਰਹਾਲੀ ਵਿਖੇ ਮਨਾਇਆ ਵਿਸ਼ਵ ਅਬਾਦੀ ਦਿਵਸ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਨੂੰ ਕੰਟਰੋਲ ਕਰਨ ਦਾ ਹੋਕਾ ਦੇ ਗਿਆ।ਤੇਜ਼ੀ ਨਾਲ ਵਧ ਰਹੀ ਬੇਰੁਜ਼ਗਾਰੀ ਬੇਰੁਜ਼ਗਾਰੀ ਤੇ ਵਧਦੀ ਜਨਸੰਖਿਆ ਦੇ ਨਾਲ ਹੀ ਵਧ ਰਹੀ ਮਹਿੰਗਾਈ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਹਾਸਲ ਜਾਣਕਾਰੀ ਅਨੁਸਾਰ ਅੱਜ ਸੀਐੱਚਸੀ ਸਰਹਾਲੀ ਦੇ ਵਿਹੜੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਹਾਜ਼ਰੀਨਾਂ ਨਾਲ ਗੱਲਬਾਤ ਕਰਦਿਆਂ ਐੱਸਐੱਮਓ ਡਾ ਗਿੱਲ ਨੇ ਕਿਹਾ ਕਿ ਵਧ ਰਹੀ ਜਨਸੰਖਿਆ ਨੇ ਸਿਰਫ਼ ਭਾਰਤ ਨੂੰ ਹੀ ਨਹੀ ਸਗੋਂ ਸੰਸਾਰ ਨੂੰ ਵੀ ਫਿ਼ਕਰਾਂ ਵਿੱਚ ਪਾ ਦਿੱਤਾ ਹੈ।ਭਾਰਤ ਦੀ ਜਨਸੰਖਿਆ ਚੀਨ ਤੋਂ ਬਾਅਦ ਦੂਜੇ ਨੰਬਰ ਉੱਤੇ ਹੈ, ਜਿਸ ਕਾਰਨ ਦਿਨ ਬ ਦਿਨ ਬੇਰੁਜ਼ਗਾਰੀ ਦਰ ਵਿੱਚ ਵਾਧਾ ਦਰਜ ਹੋ ਰਿਹਾ ਹੈ।ਵਧ ਰਹੀ ਜਨਸੰਖਿਆ ਕਾਰਨ ਕੁਦਰਤੀ ਵਸੀਲੇ ਘਟ ਰਹੇ ਹਨ , ਜਿਸ ਕਾਰਨ ਆਲਮੀ ਪੱਧਰ ਉੱਤੇ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ , ਆਰਥਿਕਤਾ ਦਾ ਦਾਇਰਾ ਸੁੰਗੜ ਰਿਹਾ ਹੈ ਅਤੇ ਲੋਕ ਵਿਹਲੇ ਹੋਣ ਕਾਰਨ ਸਮਾਜਿਕ ਕੁਰੀਤੀਆਂ ਵਿੱਚ ਲਿਪਤ ਹੋ ਰਹੇ ਹਨ।ਲੋਕ ਚੰਗੇ ਮਿਆਰ ਦੀ ਜਿ਼ੰਦਗੀ ਜਿਊਣ ਦੀ ਬਜਾਇ ਡੰਗ ਟਪਾ ਰਹੇ ਹਨ। ਉਹਨਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 2011 ਵਿੱਚ ਮਰਦਮਸ਼ੁਮਾਰੀ ਵੇਲੇ ਪੰਜਾਬ ਦੀ ਅਬਾਦੀ ਪੌਣੇ ਤਿੰਨ ਕਰੋੜ ਸੀ ਜ਼ੋ ਕਿ ਏਸ ਵੇਲੇ ਵਧ ਕੇ ਤਿੰਨ ਕਰੋੜ ਤੋਂ ਵਧ ਗਈ ਹੈ। ਉਹਨਾਂ ਲੋਕਾਂ ਨੂੰ ਛੋਟਾ ਪਰਿਵਾਰ , ਸੁਖੀ ਪਰਿਵਾਰ ਦੇ ਨਾਅਰੇ ਨੂੰ ਜਿ਼ੰਦਗੀ ਵਿੱਚ ਅਪਨਾਉਣ ਲਈ ਪੇ੍ਰਰਿਤ ਕਰਦਿਆਂ ਕਿਹਾ ਕਿ ਜੇਕਰ ਇੱਕ ਜਾਂ ਦੋ ਬੱਚਿਆਂ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਪੱਕਾ ਢੰਗ ਅਪਣਾਇਆ ਜਾਵੇ ਤਾਂ ਇਹ ਕੰਮ ਤੁਹਾਨੂੰ ਸਮਾਜ ਦੇ ਅਦਰਸ਼ ਨਾਗਰਿਕ ਬਣਾ ਦੇਵੇਗਾ।ਇਸ ਮੌਕੇ ਬੋਲਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਅਬਾਦੀ ਕੰਟਰੋਲ ਕਰਨ ਲਈ ਭਾਰਤ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਕੱਚੇ-ਪੱਕੇ ਤਰੀਕੇ ਸ਼ੁਰੂ ਕੀਤੇ ਹਨ।ਮਾਲਾ , ਅੰਤਰਾ , ਛਾਇਆ ਪਰਿਵਾਰ ਨਿਯੋਜਨ ਦੇ ਆਰਜ਼ੀ ਤਰੀਕੇ ਹਨ , ਜੋ ਬੱਚੇ ਪੈਦਾ ਕਰਨ ਵਿੱਚ ਸਪੇਸਿੰਗ ਵਿੱਚ ਅਸਰਦਾਰ ਹਨ ਜਦਕਿ ਨਸਬੰਦੀ ਅਤੇ ਨਲਬੰਦੀ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਹਨ। ਪੁਰਸ਼ਾਂ ਦੀ ਨਲਬੰਦੀ ਕਰਵਾਉਣ ਉੱਤੇ ਉਹਨਾਂ ਨੂੰ 1100 ਰੁਪਏ ਦਿੱਤੇ ਜਾਂਦੇ ਹਨ ਅਤੇ ਔਰਤਾਂ ਦੀ ਨਸਬੰਦੀ ਕਰਨ ਉੱਤੇ ਉਹਨਾਂ ਨੂੰ 700 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਪਰਿਵਾਰ ਨਿਯੋਜਨ ਬਾਰੇ ਕੋਈ ਵੀ ਵਿਅਕਤੀ ਕਿਸੇ ਵੀ ਸਰਕਾਰੀ ਹਸਪਤਾਲ, ਸਬ ਸੈਂਟਰ ਦੀ ਏਐੱਨਐੱਮ , ਮਲਟੀਪਰਪਜ਼ ਹੈਲਥ ਵਰਕਰ ਜਾਂ ਆਪਣੇ ਪਿੰਡ ਦੀ ਆਸ਼ਾ ਵਰਕਰ ਤੋਂ ਜਾਣਕਾਰੀ ਲੈ ਸਕਦਾ ਹੈ।ਇਸ ਮੌਕੇ ਹੈਲਥ ਇੰਸਪੈਕਟਰ ਬਿਹਾਰੀ ਲਾਲ , ਚੀਫ਼ ਫਾਰਮੇਸੀ ਅਫ਼ਸਰ ਮਨੋਜ਼ ਕੁਮਾਰ , ਫਾਰਮੇਸੀ ਅਫ਼ਸਰ ਪਰਮਜੀਤ ਸਿੰਘ , ਕੰਪਿਊਟਰ ਅਪ੍ਰੇਟਰ ਪਰਮਿੰਦਰ ਚੋਹਲਾ , ਮਨਦੀਪ ਅਰੋੜਾ ਇੰਫਰਮੇਸ਼ਨ ਅਸਿਸਟੈਂਟ , ਨਰਿੰਦਰ ਕੁਮਾਰ , ਮਹਿੰਦਰ ਬਲੌਰੀਆ , ਆਸ਼ਾ ਫਸਿਲੀਟੇਟਰ ਹਰਜਿੰਦਰ ਕੌਰ , ਚਰਨਜੀਤ ਕੌਰ, ਆਸ਼ਾ ਵਰਕਰਾਂ ਆਦਿ ਹਾਜ਼ਰ ਸਨ।