ਨਿਊਜੀਲੈਂਡ ਨੇ ਕਿਹਾ ਨਵੇਂ ਸਾਲ ਨੂੰ 'ਜੀ ਆਇਆਂ'

ਨਿਊਜੀਲੈਂਡ ਨੇ ਕਿਹਾ ਨਵੇਂ ਸਾਲ ਨੂੰ 'ਜੀ ਆਇਆਂ'

ਸਕਾਈ ਟਾਵਰ ਔਕਲੈਂਡ 'ਤੇ ਦਿਲਕਸ਼ ਆਤਿਸ਼ਬਾਜੀ, ਲੇਜ਼ਰ ਅਤੇ ਐਨੀਮੇਸ਼ਨ ਨਾਲ ਨਵੇਂ ਸਾਲ ਦੀ ਸ਼ੁਰੂਆਤ
ਔਕਲੈਂਡ 1 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਪੂਰੀ ਦੁਨੀਆ ਦੇ ਵਿਚ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਇਸਦੀ ਧਰਤੀ ਨਾਲ ਸਾਂਝ ਪਾ ਕੇ ਕੁਦਰਤ ਦੀ ਬਨਸਪਤੀ ਨੂੰ ਹੋਰ ਖਿੜ੍ਹਨ ਦੇ ਵਿਚ ਸਹਿਯੋਗ ਕਰਦੀਆਂ ਹਨ। ਦੇਸ਼ ਦੀ ਖੂਬਸੂਰਤੀ ਦੇ ਵਿਚ ਵਾਤਾਵਰਣ ਦਾ ਵੱਡਾ ਯੋਗਦਾਨ ਹੈ। ਔਕਲੈਂਡ ਸ਼ਹਿਰ ਦੇ ਵਿਚ ਸਥਿਤ ਸਕਾਈ ਟਾਵਰ ਜਿਸ ਦੀ ਉਚਾਈ 1076 ਫੁੱਟ (328 ਮੀਟਰ) ਹੈ ਵਿਖੇ ਹਰ ਸਾਲ 31 ਦਸੰਬਰ ਦੀ ਰਾਤ ਠੀਕ 12 ਵਜੇ ਦਿਲਕਸ਼ ਆਤਿਸ਼ਬਾਜੀ ਦੇ ਨਾਲ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਇਸ ਵਾਰ ਇਕ ਕਦਮ ਹੋਰ ਅਗਾਂਹ ਹੁੰਦਿਆ ਪਹਿਲੀ ਵਾਰ ਆਤਿਸ਼ਬਾਜੀ ਦੇ ਨਾਲ-ਨਾਲ ਲੇਜ਼ਰ ਅਤੇ ਐਨੀਮੇਸ਼ਨ ਸ਼ੋਅ ਵੀ ਲੋਕਾਂ ਨੂੰ ਵੇਖਣ ਵਾਸਤੇ ਮਿਲਿਆ। ਠੀਕ 12 ਵਜੇ ਰੰਗ-ਬਿੰਰਗੇ ਪਟਾਖੇ, ਆਤਿਸ਼ਬਾਜੀ ਨੇ ਅਸਮਾਨ ਦੇ ਵਿਚ ਰੌਸ਼ਨੀਆਂ ਦੇ ਫੁੱਲ ਖਿਲਾਰ ਦਿੱਤੇ। ਇਸ ਅੱਦਭੁੱਤ ਨਜ਼ਾਰੇ ਨੂੰ ਵੇਖਣ ਵਾਸਤੇ ਹਜ਼ਾਰਾਂ ਲੋਕ ਔਕਲੈਂਡ ਸਿਟੀ ਪਹੁੰਚੇ ਹੋਏ ਸਨ। ਇਲਾਕੇ ਦੀਆਂ ਸੜਕਾਂ ਨੂੰ ਵਾਹਨਾਂ ਦੇ ਲਈ ਰੋਕ ਦਿੱਤਾ ਗਿਆ ਸੀ ਤਾਂ ਕਿ ਲੋਕ ਆਸਾਨੀ ਨਾਲ ਇਹ ਦ੍ਰਿਸ਼ ਮਾਣ ਸਕਣ। ਇਸ ਤੋਂ ਇਲਾਵਾ ਜਿੱਥੇ ਪੂਰੇ ਸ਼ਹਿਰ ਵਿਚ ਦੀਪ ਮਲਾਵਾਂ ਕੀਤੀਆਂ ਗਈਆਂ ਸਨ ਉਥੇ ਹਾਰਬਰ ਬ੍ਰਿਜ ਜਿਸ ਦੀ ਲੰਬਾਈ 1020 ਮੀਟਰ ਹੈ ਅਤੇ ਉਚਾਈ ਐਨੀ ਹੈ ਕਿ ਵੱਡੇ ਸ਼ਿੱਪ ਇਸਦੇ ਹੇਠਾਂ ਤੋਂ ਨਿਕਲ ਜਾਂਦੇ ਹਨ ਨੂੰ ਵੀ ਰਾਤ 9 ਵਜੇ ਤੋਂ ਲੈ ਕੇ 1 ਵਜੇ ਤੱਕ ਰੰਗ-ਬਿਰੰਗਆਂ ਰੌਸ਼ਨੀਆਂ ਦੇ ਨਾਲ ਸ਼ਿੰਗਾਰਿਆ ਗਿਆ। ਪੁੱਲ ਉਤੇ ਬਣੇ ਸਾਈਕਲ ਪਾਥ ਨੂੰ ਵੀ ਰੌਸ਼ਨੀਆਂ ਦੇ ਨਾਲ ਸਜਾਇਆ ਗਿਆ ਸੀ। ਪੰਜਾਬੀਆਂ ਸਮੇਤ ਹਜਾਰਾਂ ਲੋਕਾਂ ਨੇ ਇਸ ਘੜੀ ਨੂੰ ਸ਼ੋਸਲ ਮੀਡੀਆ 'ਤੇ ਲਾਈਵ ਕੀਤਾ।
ਨਿਊਜ਼ੀਲੈਂਡ ਦੇ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਸੂਰਜ ਚੜ੍ਹਨ ਦਾ ਸਮਾਂ 6.04 ਮਿੰਟ ਅਤੇ ਸੂਰਜ ਛਿਪਣ ਦਾ ਸਮਾਂ 8।43 ਰਹੇਗਾ ਅਤੇ ਇਸ ਹਿਸਾਬ ਨਾਲ ਪੂਰੇ ਦਿਨ ਦੀ ਲੰਬਾਈ 14 ਘੰਟੇ 38 ਮਿੰਟ ਅਤੇ 42 ਸੈਕਿੰਡ ਰਹੇਗੀ।