ਇੰਡੋਨੇਸ਼ਿਆਈ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 189 ਮੁਸਾਫ਼ਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਇੰਡੋਨੇਸ਼ਿਆਈ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 189 ਮੁਸਾਫ਼ਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਲਾਇਨ ਏਅਰ ਦਾ ਜਹਾਜ਼ ਜਿਸ ਵਿੱਚ ਅਮਲੇ ਸਮੇਤ 189 ਮੁਸਾਫ਼ਰ ਸਵਾਰ ਸਨ, ਅੱਜ ਸਮੁੰਦਰ ਵਿਚ ਡਿੱਗ ਗਿਆ। ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਮਹਿਜ਼ 13 ਮਿੰਟਾਂ ਬਾਅਦ ਹੀ ਇਹ ਜਹਾਜ਼ ਰਾਡਾਰ ਦੇ ਘੇਰੇ ਤੋਂ ਬਾਹਰ ਹੋ ਗਿਆ। ਜ਼ਾਹਰਾ ਤੌਰ ’ਤੇ ਹਾਦਸੇ ਵੇਲੇ ਦੀ ਫਿਲਮਾਈ ਗਈ ਇਕ ਵੀਡੀਓ ਵਿਚ ਸਮੁੰਦਰ ਦੀ ਸਤਹਿ ’ਤੇ ਤੇਲ ਦੀ ਗਹਿਰੀ ਪਰਤ ਨਜ਼ਰ ਆ ਰਹੀ ਹੈ। ਇਸ ਬੋਇੰਗ 737 ਐਮਏਐਕਸ8 ਜਹਾਜ਼ ਦਾ ਪਾਇਲਟ ਭਾਰਤ ਦਾ ਭਵਯ ਸੁਨੇਜਾ ਸੀ। ਇਹ ਜਹਾਜ਼ ਪੰਗਕਾਲ ਪਿਨਾਂਗ ਜਾ ਰਿਹਾ ਸੀ ਤੇ ਜਕਾਰਤਾ ਤੋਂ 32 ਕਿਲੋਮੀਟਰ ਦੂਰ ਕੇਰਾਵਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ। ਇੰਡੋਨੇਸ਼ੀਆ ਵਿਚ ਭਾਰਤੀ ਦੂਤਾਵਾਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਸੁਨੇਜਾ ਦੇ ਨਾਲ ਕੋ-ਪਾਇਲਟ ਹਾਰਵਿਨੋ ਤੇ ਕੈਬਿਨ ਦਸਤੇ ਦੇ ਛੇ ਮੈਂਬਰ ਵੀ ਸਨ। ਸੁਨੇਜਾ ਕੋਲ 6 ਹਜ਼ਾਰ ਘੰਟਿਆਂ ਦੀ ਉਡਾਣ ਤੇ ਕੋ-ਪਾਇਲਟ ਵਜੋਂ 5 ਹਜ਼ਾਰ ਘੰਟਿਆਂ ਦੀ ਉਡਾਣ ਦਾ ਤਜਰਬਾ ਸੀ।ਭਵਯ ਸੁਨੇਜਾ ਦਿੱਲੀ ਦਾ ਜੰਮਪਲ ਸੀ ਤੇ ਦੱਖਣੀ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਦੇ ਅਹਿਲਕੋਨ ਪਬਲਿਕ ਸਕੂਲ ਦਾ ਵਿਦਿਆਰਥੀ ਰਿਹਾ ਹੈ।

 

ਇੰਡੋਨੇਸ਼ੀਆ ਦੇ ਕੌਮੀ ਆਫ਼ਤ ਪ੍ਰਬੰਧਨ ਬੋਰਡ ਦੇ ਮੁਖੀ ਸੁਤੋਪੋ ਪੁਰਵੋ ਨਗਰੋਹੋ ਨੇ ਦੱਸਿਆ ਕਿ ਸਮੁੰਦਰ ਵਿਚ ਜਹਾਜ਼ ਦੇ ਕਈ ਹਿੱਸੇ ਲੱਭ ਲਏ ਗਏ ਹਨ। ਜਹਾਜ਼ ਵਿਚ 178 ਬਾਲਗ ਮੁਸਾਫ਼ਰ, ਇਕ ਬੱਚਾ, ਦੋ ਨਵਜਨਮੇ ਬੱਚੇ, ਦੋ ਪਾਇਲਟ ਤੇ ਪੰਜ ਫਲਾਈਟ ਅਟੈਂਡੈਂਟ ਸਵਾਰ ਸਨ। ਹਾਦਸੇ ’ਚੋਂ ਕਿਸੇ ਮੁਸਾਫ਼ਰ ਦੇ ਜ਼ਿੰਦਾ ਬਚਣ ਦੀ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਇਕ ਕਿਸ਼ਤੀ ਪਹੁੰਚ ਗਈ ਸੀ ਅਤੇ ਦੋ ਹੋਰ ਜਹਾਜ਼ ਵੀ ਰਵਾਨਾ ਹੋ ਗਏ ਸਨ।