ਢੱਡਰੀਆਂ ਵਾਲੇ ਨੇ ਫਿਰ ਦੇ ਦਿੱਤੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੱਡੀ ਚੁਣੌਤੀ!

ਢੱਡਰੀਆਂ ਵਾਲੇ ਨੇ ਫਿਰ ਦੇ ਦਿੱਤੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੱਡੀ ਚੁਣੌਤੀ!

ਚੰਡੀਗੜ੍ਹ: ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਨਕਲੀ ਨਿਰੰਕਾਰੀ ਕਿਹਾ ਹੈ। ਉਹਨਾਂ ਨੇ ਇਹਨਾਂ ਸ਼ਬਦਾਂ ਨੂੰ ਮੂੰਹੋਂ ਕੱਢਿਆ ਹੈ ਹੁਣ ਜਾਂ ਤਾਂ ਉਹ ਇਸ ਨੂੰ ਸਾਬਤ ਕਰ ਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਤੇ ਪਹੁੰਚਣ ਲਈ ਤਿਆਰ ਰਹਿਣ।

 

 

ਫਿਰ ਦੋਵਾਂ ਦੀ ਡਿਬੇਟ ਸਾਰੀ ਦੁਨੀਆ ਸਾਹਮਣੇ ਲਾਈਵ ਚੈਨਲਾਂ ਤੇ ਹੋਵੇਗੀ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਇਕ ਕਵਿਤਾ ਦੀ ਪੇਸ਼ ਕਰ ਕੇ ਕਿਹਾ ਕਿ ਕੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜੱਥੇਦਾਰ ਜੀ, ਅੱਗੋਂ ਤੁਸੀਂ ਆਪ ਹੀ ਸਿਆਣੇ ਜੱਥੇਦਾਰ ਜੀ। ਉਹਨਾਂ ਨੇ ਇਸ ਕਵਿਤਾ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਸਿਆ ਹੈ ਅਤੇ ਨਾਲ ਹੀ ਉਹਨਾਂ ਨੇ ਸਿਸਟਮ ਤੇ ਕਈ ਸਵਾਲ ਚੁੱਕੇ ਹਨ।

 

 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਾਰਮਿਕ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਬੰਦ ਕਮਰੇ ਵਿਚ ਵਿਚਾਰ ਵਟਾਂਦਰਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂ ਕਿ ਉਹਨਾਂ ਕਿਸੇ ਨਾ ਮੰਨ ਕੇ ਕੇਵਲ ਅਪਣੀ ਹੀ ਮੰਨਵਾਉਣੀ ਹੈ। ਇਸ ਲਈ ਉਹ ਸਾਰੀ ਦੁਨੀਆ ਸਾਹਮਣੇ ਅਪਣੀ ਗੱਲ ਰੱਖਣਾ ਚਾਹੁੰਦੇ ਹਨ ਤਾਂ ਜੋ ਦੁਨੀਆ ਨੂੰ ਪਤਾ ਲਗ ਸਕੇ ਕਿ ਕਿੱਥੇ ਕੌਣ ਸਹੀ ਹੈ ਤੇ ਕੌਣ ਗਲਤ।

 

 

ਉੱਧਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਢੱਡਰੀਆਂ ਵਾਲੇ ਨੇ ਨਕਲੀ ਨਿਰੰਕਾਰੀ ਵਾਲੇ ਬਿਆਨ ਨੂੰ ਗਲਤ ਸਮਝਿਆ ਹੈ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਟਕਸਾਲ ਤੇ ਢੱਡਰੀਆਂ ਵਾਲਿਆਂ ਵਿਚਕਾਰ ਮਸਲਾ ਸੁਲਝਾਉਂਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਖੁਦ ਸਿੱਖ ਕੌਮ 'ਚ ਚਰਚਾ ਦਾ ਵਿਸ਼ਾ ਬਣ ਗਏ ਹਨ।

 

 

ਦਸ ਦਈਏ ਕਿ ਕੁੱਝ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵੱਲੋਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਗਲਤ ਤਰੀਕੇ ਨਾਲ ਦੁਨੀਆ ਸਾਹਮਣੇ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਵਿਵਾਦ ਦੇ ਨਬੇੜੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਾਈ ਢੱਡਰੀਆਂਵਾਲਿਆਂ ਨਾਲ ਗੱਲਬਾਤ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਸਾਹਮਣੇ ਪੇਸ਼ ਹੋਣ ਤੋਂ ਭਾਈ ਢੱਡਰੀਆਂਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ।

 

 

ਢੱਡਰੀਆਂਵਾਲਿਆਂ ਦਾ ਕਹਿਣਾ ਸੀ ਕਿ ਜਥੇਦਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਬੀਲ ਦੇ ਨਾਂ 'ਤੇ ਉਨ੍ਹਾਂ ਦੇ ਇਕ ਸਿੱਖ ਸਾਥੀ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਜਥੇਦਾਰ ਵਲੋਂ ਇਸ ਦੀ ਨਿੰਦਾ ਤਕ ਨਹੀਂ ਕੀਤੀ ਗਈ। ਆਖਿਰ ਢੱਡਰੀਆਂਵਾਲਿਆਂ ਨੇ ਇਹ ਆਖ ਕੇ ਆਪਣੇ ਦੀਵਾਨ ਵੀ ਤਿਆਗ ਦਿੱਤੇ ਕਿ ਉਹ ਨਹੀਂ ਚਾਹੁੰਦੇ ਕਿ ਦੀਵਾਨ ਦੌਰਾਨ ਕਿਸੇ ਕਿਸਮ ਦਾ ਖੂਨ ਖਰਾਬਾ ਹੋਵੇ ਜਾਂ ਕਿਸੇ ਦੀ ਗ੍ਰਿਫਤਾਰੀ ਹੋਵੇ।

ਦਸ ਦਈਏ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਕਦੇ ਸੰਪਰਦਾਈ, ਕਦੇ ਟਕਸਾਲੀ, ਕਦੇ ਅਖੰਡ ਕੀਰਤਨੀ ਅਤੇ ਕਦੇ ਨਿਹੰਗ ਸਿੰਘ ਰਵਾਇਤੀ ਬਾਣੇ ਬਦਲਣ ਕਾਰਨ ਵੀ ਚਰਚਾ ਦਾ ਕੇਂਦਰ ਬਣਦੇ ਰਹੇ ਹਨ। ਸਾਲ 2016 'ਚ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਦੀ ਸ਼ੁਰੂਆਤ ਹੋਈ । ਉਦੋਂ ਜਦੋਂ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣਾ ਨਾਂ ਬਦਲ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਰੱਖ ਲਿਆ।