ਸਿੱਧੂ, ਕੇਜਰੀਵਾਲ ਅਤੇ ਢੀਂਡਸਾ ਨੇ ਉਡਾਈ ਵੱਡੇ ਬਾਦਲ ਦੀ ਨੀਂਦ
Sat 15 Feb, 2020 0ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨਾਂ ਸਾਲਾਂ ਤੋਂ ਅਪਣੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ ਪਰ ਇਸ ਦੇ ਬਾਵਜੂਦ ਵੀ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਅਪਣੀ ਜਗ੍ਹਾ ਨਹੀਂ ਬਣਾ ਸਕੇ। ਅਜਿਹਾ ਹੋਣ ਪਿੱਛੇ ਬਹੁਤ ਸਾਰੇ ਮੁੱਦੇ ਤੇ ਕਾਰਨ ਹਨ। ਅਕਾਲੀ ਦਲ ਦੀ ਗੱਡੀ ਰਾਜਸੀ ਲੀਹਾਂ ਤੇ ਚੜ੍ਹਨ ਦੀ ਬਜਾਏ ਦਿਨੋ-ਦਿਨ ਡਿੱਕੇ-ਡੋਲੇ ਖਾਂਦੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ।
ਸੋਚਿਆ ਜਾਵੇ ਤਾਂ ਅਕਾਲੀ ਦਲ ਦੀ ਕਿਤੇ ਵੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿਚਲੇ ਆਗੂ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ ਦੇ ਹੋਰ ਦੋ ਦਰਜਨ ਆਗੂਆਂ ਦੇ ਪਾਰਟੀ ਛੱਡ ਜਾਣ ਕਰ ਕੇ ਪਾਰਟੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਅਕਾਲੀਆਂ ਇਕ ਨੂੰ ਹੋਰ ਵੱਡਾ ਝਟਕਾ ਲੱਗਿਆ ਹੈ।
ਦਿੱਲੀ ਵਿਚ ਆਪ ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੂਤੇ ਪਏ ਹਨ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਘਰੋਂ ਕੱਢਣਾ ਪਿਆ, ਜਿਸ ਕਰ ਕੇ ਸੰਗਰੂਰ ਰੈਲੀ ਵਿਚ ਸ. ਬਾਦਲ ਪਹੁੰਚੇ ਸਨ ਭਾਸ਼ਣ ਦਿੱਤਾ ਸੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਹੋਈ ਰੈਲੀ ਵਿਚ ਵੀ ਬਹੁਤ ਗਰਜੇ ਸਨ।
ਬਾਦਲ ਦੇ ਘਰੋਂ ਬਾਹਰ ਨਿਕਲਣ ਤੇ ਸਿਆਸੀ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਬਾਦਲ ਦੀ ਗੱਲ ਤੇ ਤਾਂ ਵਿਸ਼ਵਾਸ ਕਰ ਸਕਦੇ ਹਨ ਪਰ ਅਕਾਲੀ ਦਲ ਦੇ ਹੋਰ ਕਿਸੇ ਦੂਜੇ ਆਗੂ ਦੀ ਜ਼ੁਬਾਨ ਤੇ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਨੇ ਪੰਜਾਬ ਨੂੰ 10 ਸਾਲ ਵਿਚ ਵਿਕਾਸ ਦੇ ਰਾਹ ਤੇ ਲਿਆਂਦਾ ਸੀ ਪਰ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਜਿਸ ਕਰ ਕੇ ਪੰਜਾਬੀ ਅਤੇ ਪੰਥਕ ਹਲਕੇ ਅਕਾਲੀ ਤੋਂ ਦੂਰ ਹਨ।
ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਧਮਾਕੇਦਾਰ ਵਾਪਸੀ ਨੇ ਸਿਆਸੀ ਗਲਿਆਰਿਆਂ ਅੰਦਰ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਰੱਖਿਆ ਹੈ। ਇਸੇ ਦੌਰਾਨ ਕਈਆਂ ਦਾ ਸਿਤਾਰਾ ਚਮਕਣ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਜਦਕਿ ਕਈਆਂ ਦੇ ਸਿਤਾਰੇ ਗਰਦਸ਼ 'ਚ ਜਾਣ ਦੀਆਂ ਭਵਿੱਖਬਾਣੀਆਂ ਵੀ ਹੋ ਰਹੀਆਂ ਹਨ। ਭਾਜਪਾ ਜੋ ਕੁੱਝ ਦਿਨ ਪਹਿਲਾਂ ਅਕਾਲੀ ਦਲ ਨੂੰ ਅਣਗੌਲਿਆ ਕਰਦਿਆਂ ਦਿੱਲੀ ਚੋਣਾਂ 'ਚ ਜੇਤੂ ਅੰਦਾਜ਼ 'ਚ ਕੁੱਦੀ ਸੀ, ਚੋਣ ਨਤੀਜਿਆਂ ਤੋਂ ਬਾਅਦ ਹੁਣ ਉਹ ਮੂੰਹ ਲਕੌਦੀ ਫਿਰ ਰਹੀ ਹੈ।
ਇਸੇ ਤਰ੍ਹਾਂ ਪੰਜਾਬ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਬਾਅਦ ਹਾਸ਼ੀਏ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਮੁੜ ਸਰਗਰਮ ਹੋਣ ਦੀਆਂ ਕਨਸ਼ੋਆਂ ਦਾ ਬਾਜ਼ਾਰ ਗਰਮ ਹੈ। ਸਿਆਸੀ ਘਟਨਾਵਾਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ 'ਸਿਆਸੀ ਚੁਪੀ' ਹੇਠ ਚੱਲ ਰਹੇ ਨਵਜੋਤ ਸਿੰਘ ਸਿੱਧੂ ਬਿਨਾਂ ਮੂੰਹ ਖੋਲ੍ਹੇ ਹੀ ਸਿਆਸੀ ਮਹਿਫ਼ਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਪਾਰਟੀ ਅੰਦਰ ਟਿਕਾਈ ਰੱਖਣ ਲਈ ਆਉਣ ਵਾਲੇ ਦਿਨਾਂ 'ਚ ਵੱਡਾ ਸਿਆਸੀ ਫ਼ੈਸਲਾ ਲੈਣ ਸਬੰਧੀ ਵੀ ਖ਼ਬਰਾਂ ਉਡ ਰਹੀਆਂ ਹਨ।
ਮਾਹਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ 2017 ਵਿਚ ਇਸ ਕਰ ਕੇ ਸੱਤਾ ਵਿਚ ਆਏ ਸਨ ਕਿ ਲੋਕਾਂ ਵਿਚ ਉਨ੍ਹਾਂ ਦਾ ਵਿਸ਼ਵਾਸ 2002 ਤੋਂ 2007 ਦੌਰਾਨ ਬਣਿਆ ਹੋਇਆ ਸੀ ਪਰ ਇਸ ਵਾਰ ਉਹ ਵੀ ਪੱਛੜਦੇ ਨਜ਼ਰ ਆ ਰਹੇ ਹਨ, ਜਦੋਂਕਿ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਜਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ 'ਤੇ ਲੋਕ ਇਕ ਵਾਰ ਤਾਂ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਗੱਲ 'ਤੇ ਵਿਸ਼ਵਾਸ ਕਰਨਗੇ।
ਰਾਜਭਾਗ ਹਾਸਲ ਕਰਨ ਤੋਂ ਬਾਅਦ ਉਹ ਖਰੇ ਉੱਤਰਦੇ ਹਨ ਜਾਂ ਨਹੀਂ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਸੋਚਿਆ ਹੋਵੇ ਕਿ ਲੋਕਾਂ ਦੇ ਵਿਸ਼ਵਾਸਪਾਤਰ ਪ੍ਰਕਾਸ਼ ਸਿੰਘ ਬਾਦਲ ਨੂੰ ਘਰੋਂ ਕੱਢ ਕੇ ਉਸ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਲੋਕ ਆਪਣੇ ਬੂਹੇ ਖੋਲ੍ਹ ਸਕਣ।
Comments (0)
Facebook Comments (0)