ਅਰੂਸਾ ਤੇ ਕੈਪਟਨ ਦਾ ਕੀ ਰਿਸ਼ਤਾ DGP ਗੁਪਤਾ ਦੱਸਣ: ਭਗਵੰਤ ਮਾਨ

ਅਰੂਸਾ ਤੇ ਕੈਪਟਨ ਦਾ ਕੀ ਰਿਸ਼ਤਾ DGP ਗੁਪਤਾ ਦੱਸਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਵੱਲੋਂ ਹਾਲ ਹੀ 'ਚ ਦਿੱਤੇ ਬਿਆਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਵੀ ਅੱਜ ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ ਹੋ ਰਿਹਾ ਹੈ। ਵਿਧਾਨ ਸਭਾ ਤੋਂ ਬਾਹਰ ਕੈਪਟਨ ਅਤੇ ਡੀਜੀਪੀ ਪੰਜਾਬ ਦੀਆਂ ਤਸਵੀਰਾਂ ਚੁੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

 

 

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੁਰਾਂ ਸਮੇਤ ਭਾਰੀ ਪ੍ਰਦਰਸ਼ਨ ਕੀਤਾ ਗਿਆ। ਵਿਧਾਨ ਤੋਂ ਬਾਹਰ ਪ੍ਰਦਰਸ਼ਨ ਦੌਰਾਨ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਕਹਿਦੇ ਹਨ ਕਿ ਇਕ ਵਿਅਕਤੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦਾ ਹੈ ਪਰ ਸ਼ਾਮ ਨੂੰ 6 ਘੰਟਿਆਂ ਵਿਚ ਉਹ ਅਤਿਵਾਦੀ ਬਣ ਜਾਂਦਾ ਹੈ।

 

 

ਮਾਨ ਨੇ ਕਿਹਾ ਕਿ ਮੈਂ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਹਾਂ, ਪਾਕਿਸਤਾਨ ਦੀ ਅਰੂਸਾ ਆਲਮ ਲਗਾਤਾਰ 6 ਸਾਲ ਤੋਂ ਸਰਕਾਰੀ ਰਿਹਾਇਸ਼ 'ਤੇ ਰਹਿ ਰਹੀ ਹੈ, ਉਹ ਕੋਣ ਹੈ? ਡੀਜੀਪੀ ਪੰਜਾਬ ਉਨ੍ਹਾਂ ਬਾਰੇ ਦੱਸਣ ਕਿ ਉਹ ਇੱਥੇ ਕਿਵੇਂ ਤੇ ਕਿਉਂ ਰਹਿ ਰਹੀ ਹੈ ਅਤੇ ਕੈਪਟਨ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ। ਮਾਨ ਨੇ ਕਿਹਾ ਕਿ ਜਦੋਂ ਮੇਰੇ ਵਿਆਹ ਸਮੇਂ ਮੇਰਾ ਸਰਵਾਲਾ ਪਾਕਿਸਤਾਨ ਦਾ ਸੀ, ਮੈਨੂੰ ਉਸਦਾ ਘੰਟੇ-ਘੰਟੇ ਬਾਅਦ ਵੀਜ਼ਾ ਲੈਣਾ ਪਿਆ ਸੀ ਪਰ ਕੈਪਟਨ ਸਾਬ੍ਹ ਅਰੂਸਾ ਨੂੰ ਕਦੇ ਪਟਿਆਲਾ, ਕਦੇ ਸ਼ਿਮਲਾ, ਉਹ ਦੱਸਣ ਅਰੂਸਾ ਦਾ ਵੀਜ਼ਾ ਕਿੱਥੇ ਹੈ?

 

 

ਭਗਵੰਤ ਮਾਨ ਕਿਹਾ ਕਿ ਜਲਦੀ ਤੋਂ ਜਲਦੀ ਡੀਜੀਪੀ ਨੂੰ ਬਰਖ਼ਾਸ਼ਤ ਕਰਨਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਡੀਜੀਪੀ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਫ਼ੌਰੀ ਅਤਿਵਾਦ ਦੀ ਨਰਸਰੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਪਤਾ ਨੇ ਇਕ ਵਾਰ ਫਿਰ ਸਮੁੱਚੀ ਸਿੱਖ ਕੌਮ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆ ਦਿੱਤਾ ਹੈ।

 

 

ਦੱਸ ਦਈਏ ਕਿ ਡੀਜੀਪੀ ਗੁਪਤਾ ਨੇ ਇਕ ਇੰਟਰਵਿਊ ਵਿਚ ਕਰਤਾਰਪੁਰ ਸਾਹਿਬ ਬਾਰੇ ਭਾਰਤ ਦੀ ਚਿੰਤਾ ਨੂੰ ਦਰਸਾਉਂਦਿਆਂ ਕਿਹਾ ਕਿ ਸੁਰੱਖਿਆ ਨਾਲ ਜੁੜੀਆਂ ਫ਼ਿਕਰਾਂ ਹੋਣ ਦੇ ਬਾਵਜੂਦ ਲਾਂਘੇ ਨੂੰ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ।