ਦਿੱਲੀ ਵਿਚ ਲੱਗਿਆ ਪਹਿਲਾ ਸਮੌਗ ਟਾਵਰ, 6 ਲੱਖ ਕਿਊਬਿਕ ਮੀਟਰ ਹਵਾਂ ਹੋਵੇਗੀ ਸਾਫ਼!

ਦਿੱਲੀ ਵਿਚ ਲੱਗਿਆ ਪਹਿਲਾ ਸਮੌਗ ਟਾਵਰ, 6 ਲੱਖ ਕਿਊਬਿਕ ਮੀਟਰ ਹਵਾਂ ਹੋਵੇਗੀ ਸਾਫ਼!

ਨਵੀਂ ਦਿੱਲੀ : ਦਿੱਲੀ ਵਿਚ ਵਧਦਾ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖ਼ਾਸ ਕਰ ਕੇ ਤਿਉਹਾਰਾਂ ਦੇ ਮੌਸਮ ਦੌਰਾਨ ਦਿੱਲੀ ਵਿਚਲਾ ਪ੍ਰਦੂਸ਼ਣ ਵਿਕਰਾਲ ਰੁਖ ਅਖ਼ਤਿਆਰ ਕਰ ਲੈਂਦਾ ਹੈ। ਹੁਣ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਮਰਕੱਸੇ ਕਰ ਲਏ ਹਨ। ਇਸੇ ਤਹਿਤ ਰਾਜਧਾਨੀ ਵਿਖੇ ਪਹਿਲਾ ਸਮੌਗ ਟਾਵਰ ਸਥਾਪਤ ਕਰ ਦਿਤਾ ਗਿਆ ਹੈ। ਦਿੱਲੀ ਦੇ ਲਾਜਪਤ ਨਗਰ ਵਿਖੇ ਸਥਾਪਤ ਕੀਤਾ ਗਿਆ ਇਹ ਟਾਵਰ 750 ਮੀਟਰ ਦੇ ਦਾਇਰੇ ਅੰਦਰ ਹਵਾਂ ਨੂੰ ਸ਼ੁੱਧ ਕਰੇਗਾ।

 

 

ਸਮੌਗ-ਫਰੀ ਟਾਵਰ ਦੇ ਲੱਗਣ ਨਾਲ ਢਾਈ ਲੱਖ ਤੋਂ ਛੇ ਲੱਖ ਕਿਊਬਿਕ ਮੀਟਰ ਹਵਾ ਰੋਜ਼ਾਨਾ ਸ਼ੁਧ ਕੀਤੀ ਜਾ ਸਕੇਗੀ। ਇਸ ਨੂੰ ਚਲਾਉਣ ਲਈ ਹਰ ਮਹੀਨੇ ਤੀਹ ਹਜ਼ਾਰ ਰੁਪਏ ਦਾ ਖ਼ਰਚ ਆਵੇਗਾ, ਜਿਸਨੂੰ ਮਾਰਕੀਟ ਐਸੋਸੀਏਸ਼ਨ ਸਹਿਣ ਕਰੇਗਾ। ਦਿੱਲੀ ਵਿਚ ਅਜਿਹੇ ਪੰਜਾਹ ਤੋਂ ਵੀ ਵਧੇਰੇ ਟਾਵਰ ਦੀ ਜ਼ਰੂਰਤ ਹੈ ।

 

 

ਫਰੇਂਚ ਮੇਡ ਸ਼ੁੱਧ ਨਾਮ ਨਾਲ ਜਾਣਿਆ ਜਾਂਦਾ ਇਹ ਏਅਰ ਪਿਊਰੀਫਾਇਰ ਨੂੰ ਟਰੇਡਰਜ਼ ਐਸੋਸੀਏਸ਼ਨ ਲਾਜਪਤ ਨਗਰ ਅਤੇ ਗੌਤਮ ਗੰਭੀਰ ਫਾਉਂਡੇਸ਼ਨ ਵਲੋਂ ਲਗਾਇਆ ਗਿਆ ਹੈ। ਇਸ ਦੀ ਉਚਾਈ 20 ਫੁੱਟ ਹੈ।

 

 

ਦਾਅਵੇ ਅਨੁਸਾਰ ਇਹ ਟਾਵਰ 500-750 ਮੀਟਰ ਇਲਾਕੇ ਵਿਚੋਂ ਰੋਜ਼ਾਨਾ 250000 ਤੋਂ 600000 ਕਿਊਬਿਕ ਮੀਟਰ ਹਵਾ ਨੂੰ ਸਾਫ਼ ਕਰੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਮਾਰਵਾਹਾ ਨੇ ਦਸਿਆ ਕਿ ਟਾਵਰ 2 ਘੰਟੇ ਦੇ ਅੰਦਰ ਹੀ ਹਵਾਂ ਸਾਫ਼ ਕਰ ਕੇ ਏਕਿਊਆਈ 50 ਤੋਂ ਵਧੇਰੇ ਨਹੀਂ ਜਾਣ ਦੇਵੇਗਾ।

 

 

ਮੀਂਹ ਦੀ ਕਮੀ ਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਦਿੱਲੀ ਦਾ ਏਕਿਊਆਈ 417 'ਤੇ ਪਹੁੰਚੀ : ਮੀਂਹ ਨਾ ਹੋਣ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਵੀਰਵਾਰ ਨੂੰ ਦਿੱਲੀ ਐਨਸੀਆਰ ਦੀ ਏਅਰ ਕਵਾਲਟੀ ਸੀਵੀਅਰ ਦੀ ਕੈਟੇਗਰੀ ਵਿਚ ਬਣੀ ਰਹੀ। ਦੇਸ਼ ਦੇ 99 ਸ਼ਹਿਰਾਂ ਵਿਚੋਂ 7 ਥਾਵਾਂ 'ਤੇ ਏਅਰ ਕਵਾਲਿਟੀ ਸੀਵੀਅਰ ਕੈਟੇਗਰੀ ਵਿਚਾਲੇ ਰਹੀ। ਇਨ੍ਹਾਂ ਵਿਚ ਦਿੱਲੀ-ਐਨਸੀਆਰ ਦੇ ਤਿੰਨ ਸ਼ਹਿਰ ਸ਼ਾਮਲ ਹਨ।

 

 

ਗੁੜਗਾਓ ਦੂਜੇ ਨੰਬਰ 'ਤੇ ਰਿਹਾ। ਦੇਸ਼ ਵਿਚ ਸੀਵੀਅਰ ਕੈਟੇਗਰੀ ਵਾਲੇ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਖ਼ਰਾਬ ਹਾਲਤ ਬਿਹਾਰ ਦੇ ਮੁਜੱਫਰਪੁਰ ਦੀ ਰਹੀ। ਇਥੇ ਏਕਿਊਆਈ 450 ਦਰਜ ਕੀਤਾ ਗਿਆ। ਦੂਜੇ ਨੰਬਰ 'ਤੇ ਗੁੜਗਾਓ ਵਿਚ ਏਕਿਊਆਈ 429 ਰਿਹਾ। ਇਸ ਤੋਂ ਇਲਾਵਾ ਨੋਏਡਾ ਵਿਚ 410, ਮੁਰਾਦਾਬਾਦ ਵਿਚ 401, ਕਾਨਪਰ ਵਿਚ 418, ਫਰੀਦਾਬਾਦ ਵਿਚ 418 ਅਤੇ ਦਿੱਲੀ ਵਿਚ 417 ਏਕਿਊਆਈ ਰਿਹਾ।