
ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਵਿਚ ਹਾਜ਼ਰੀਆਂ ਭਰਨ ਅਤੇ ਸੇਵਾ ਕਰਨ ਵਾਸਤੇ ਵਿਦੇਸ਼ਾਂ ਤੋਂ ਸ਼ਰਧਾਲੂ ਪਹੁੰਚਣ ਲੱਗੇ
Tue 26 Dec, 2023 0
ਚੋਹਲਾ ਸਾਹਿਬ, 26 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਬੰਦਗੀ ਤੇ ਸੇਵਾ ਘਾਲ ਕਮਾਈ ਦਾ ਪ੍ਰਤਾਪ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਹਨਾਂ ਦੁਆਰਾ ਕਰਵਾਈ ਗਈ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਫਹਰਿਸਤ ਬੜੀ ਲੰਬੀ ਹੈ। ਉਹਨਾਂ ਤੋਂ ਬਾਅਦ ਸੰਤ ਬਾਬਾ ਚਰਨ ਸਿੰਘ ਜੀ ਨੇ ਲਗਭਗ 14 ਸਾਲ ਸੰਪਰਦਾਇ ਦੀ ਵਾਗਡੋਰ ਸੰਭਾਲੀ ਅਤੇ ਲੋਕ ਸੇਵਾ ਦੇ ਮਹਾਨ ਕਾਰਜਾਂ ਨੂੰ ਵੱਡੀ ਪੱਧਰ ‘ਤੇ ਜਾਰੀ ਰੱਖਿਆ। 2001 ਤੋਂ ਹੁਣ ਤਕ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੀ ਮਾਨਵਤਾ ਦੀ ਸੇਵਾ ਦੇ ਵੱਡੇ-ਵੱਡੇ ਮੀਲ ਪੱਥਰ ਸਥਾਪਤ ਕਰ ਚੁੱਕੇ ਹਨ। 2023 ਦੀ ਹੜ੍ਹ ਬਿਪਤਾ ਮੌਕੇ ਕੀਤੀ ਗਈ ਸੇਵਾ ਵੇਲੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦਾ ਨਾਂ ਇਕ ਵਾਰ ਫਿਰ ਵੱਡੇ ਪੱਧਰ ‘ਤੇ ਪੂਰੀ ਦੁਨੀਆਂ ਵਿਚ ਉੱਭਰਿਆ ਹੈ। ਸੱਚਖੰਡਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ 18 ਪੋਹ 1987 ਨੂੰ ਦਿਨ ਨੂੰ ਦਿਨ ਦੇ ਸਾਢੇ ਗਿਆਰਾਂ ਵਜੇ ਸੱਚਖੰਡ ਪਿਆਨਾ ਕਰ ਗਏ ਸਨ, ਜਿਨ੍ਹਾਂ ਦੀ ਮਿੱਠੀ ਯਾਦ ਵਿਚ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ,ਇਸ ਵਾਰ 31 ਦਸੰਬਰ 2023 ਤੋਂ 2 ਜਨਵਰੀ 2024 ਤਕ ਹੋਵੇਗਾ। ਇਸ ਸਮਾਗਮ ਵਿਚ ਹਾਜ਼ਰੀਆਂ ਭਰਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ 31 ਦਸੰਬਰ ਐਤਵਾਰ ਦੀ ਰਾਤ ਰੈਣਿ ਸਬਾਈ ਕੀਰਤਨ ਸਮਾਗਮ ਹੋਵੇਗਾ ਅਤੇ ਸੋਮਵਾਰ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਣਗੇ, ਜਿਸ ਪੰਥ ਪ੍ਰਸਿੱਧ ਕੀਰਤਨੀਏ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਸੰਗਤ ਨੂੰ ਹਰੀ ਜੱਸ ਸੁਣਾ ਕੇ ਨਿਹਾਲ ਕਰਨਗੇ।
2 ਜਨਵਰੀ 2024 ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਮੂਹਕ ਅਨੰਦ ਕਾਰਜ ਵੀ ਹੋਣਗੇ। ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਅੱਜ ਬਰਸੀ ਸਮਾਗਮ ਦੇ ਸਮੂਹ ਪ੍ਰਬੰਧਾਂ ਬਾਰੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਤੋਂ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਗੁਰਦੁਆਰਾ ਗੁਰਪੁਰੀ ਸਾਹਿਬ ਵਾਲੀ ਨਹਿਰ ਉੱਤੇ ਸੰਗਤਾਂ ਲਈ ਹੋਏ ਆਰਜ਼ੀ ਪੁਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਆਉਣ-ਜਾਣ ਵਾਲੇ ਰਸਤਿਆਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਹੋ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਅਤੇ ਡੇਰਾ ਤਪੋਬਨ ਸਾਹਿਬ ( ਨਵਾਂ ਪੜਾਅ) ਵਿਖੇ ਸੰਗਤ ਦੀ ਰਿਹਾਇਸ਼ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਧੁੰਦ ਅਤੇ ਕੜਾਕੇ ਦੀ ਸਰਦੀ ਮੁਤਾਬਕ ਲੋੜੀਂਦੇ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਸੇਵਾਦਾਰਾਂ ਨੂੰ ਡਿਊਟੀ ਮੁਤਾਬਕ 24 ਘੰਟੇ ਹਾਜ਼ਰੀ ਯਕੀਨੀ ਬਣਾਉਣ ਲਈ ਹੁਕਮ ਕੀਤੇ ਗਏ ਹਨ। ਸਰਹਾਲੀ ਤੋਂ ਤੋਂ ਗੁ। ਗੁਰਪੁਰੀ ਸਾਹਿਬ ਤਕ ਸੰਗਤ ਦੇ ਆਉਣ-ਜਾਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਆਵਾਜਾਈ ਵਿਚ ਕੋਈ ਮੁਸ਼ਕਿਲ ਨਾ ਆਵੇ। ਦੋਪਹੀਆਅਤੇ ਚਾਰ ਪਹੀਆ ਵਾਹਨਾਂ ਵਾਸਤੇ ਵਿਸ਼ਾਲ ਮੈਦਾਨਾਂ ਵਿਚ ਵੱਖਰੀ-ਵੱਖਰੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਡੀਕਲ ਸਹੂਲਤ ਵਜੋਂ ਡਾਕਟਰਾਂ ਦੀ ਟੀਮ 24 ਘੰਟੇ ਹਾਜ਼ਰ ਰਹੇਗੀ।
Comments (0)
Facebook Comments (0)