ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਭੜਕਾਊ ਗਾਇਕਾਂ ਤੇ ਗੀਤਕਾਰਾਂ ਨੂੰ ਪਾਈ ਜਾਵੇ ਨੱਥ
Sat 29 Feb, 2020 0ਸਮਾਜ ਵਿਰੋਧੀ ਗਾਇਕਾਂ ਤੇ ਗੀਤਕਾਰਾਂ ਖਿਲਾਫ ਸਖਤ ਕਦਮ ਚੁੱਕਣੇ ਸਮੇਂ ਦੀ ਮੁੱਖ ਮੰਗ : ਪ੍ਰਧਾਨ ਸੰਦੀਪ ਸਿੱਧੂ
ਨਸ਼ੇ,ਗੁੰਡਾਗਰਦੀ,ਧਰਮਾਂ-ਜਾਤਾਂ ਦੇ ਵਿਤਕਰੇ ਫੈਲਾਅ ਰਹੇ ਨੇ ਗੀਤਕਾਰ ਤੇ ਗਾਇਕ
ਰਾਕੇਸ਼ ਬਾਵਾ,ਨਿਰਮਲ ਸੰਗਤਪੁਰ
ਚੋਹਲਾ ਸਾਹਿਬ 29 ਫਰਵਰੀ 2020
ਸੰਗੀਤ ਕਲਾ ਦੀ ਇੱਕ ਅਜਿਹੀ ਕਿਸਮ ਜੋ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਦੀ ਹੈ। ਨਾ ਸਿਰਫ਼ ਇਨਸਾਨਾਂ ਨੂੰ, ਬਲਕਿ ਜਾਨਵਰਾਂ ਅਤੇ ਰੁੱਖਾਂ ਉੱਤੇ ਵੀ ਸੰਗੀਤ ਦੇ ਅਸਰ ਨੂੰ ਵਿਗਿਆਨ ਪ੍ਰਮਾਣਿਤ ਕਰ ਚੁੱਕਾ ਹੈ। ਪਰ ਇਸ ਮਹਾਨ ਤੇ ਪਵਿਤਰ ਕਲਾ ਨੂੰ ਅਜੋਕੇ ਗਾਇਕਾਂ ਅਤੇ ਗੀਤਕਾਰਾਂ ਨੇ ਦੁਨੀਆ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਨੀਵੇਂ ਪੱਧਰ ਤੇ ਲਿਆ ਕੇ ਖੜਾ ਕਰ ਦਿੱਤਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਬਲੱਡ ਵਾਲਟ ਟੀਮ ਦੇ ਪ੍ਰਧਾਨ ਇੰਜ:ਸੰਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਮਨੋਰੰਜਨ ਦੇ ਨਾਂਅ ਤੇ ਇੱਕ ਜ਼ਹਿਰ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਜਿਸਨੂੰ ਲੋਕ ਬੜੇ ਚਾਅ ਨਾਲ ਬਿਨ੍ਹਾਂ ਇਸਦੇ ਅਸਰ-ਪ੍ਰਭਾਵ ਜਾਣੇ ਬਗੈਰ ਸਵਾਦ ਲੈ-ਲੈ ਕੇ ਖਾਈ ਜਾ ਰਹੇ ਹਨ। ਗਾਇਕਾਂ, ਗੀਤਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਸਿੱਧੀ ਅਤੇ ਪੈਸੇ ਕਮਾਉਣ ਦੀ ਭੁੱਖ ਸਮਾਜ ਨੂੰ ਪ੍ਰਦੂਸ਼ਿਤ ਕਰ ਰਹੀ ਹੈ। ਵਿਆਹਾਂ ਤੇ ਭਡ਼ਕੀਲੇ ਗਾਣਿਆਂ ਤੇ ਭੂਤਰੀ ਹੋਈ ਮੰਡੀਰ ਵੱਲੋਂ ਕਈ ਕੀਮਤੀ ਜਾਨਾਂ ਲਈਆਂ ਜਾ ਚੁੱਕੀਆਂ ਹਨ ਅਤੇ ਹਰ ਸਾਲ ਇਹ ਘਟਨਾਵਾਂ ਵੱਧ ਰਹੀਆਂ ਹਨ।ਹਰ ਰੋਜ਼ ਸੋਸ਼ਲ ਮੀਡੀਆ ਤੇ ਹੁੰਦੀਆਂ ਗਾਇਕਾਂ ਦੀਆਂ ਲੜਾਈਆਂ ਨੇ ਸਮਾਜ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਬੇਚੈਨੀ ਦਾ ਮਾਹੌਲ ਬਣਾ ਦਿੱਤਾ ਹੈ, ਨੌਜਵਾਨ ਦਾ ਦਿਮਾਗੀ ਪੱਧਰ ਦਿਨ ਬਦਿਨ ਏਨਾ ਨੀਵਾਂ ਹੁੰਦਾ ਜਾ ਰਿਹਾ ਹੈ ਕਿ ਗਾਇਕਾਂ ਪਿੱਛੇ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਲੜ੍ਹਦੇ ਭਿੜਦੇ ਅਕਸਰ ਵੇਖਿਆ ਜਾ ਸਕਦਾ ਹੈ। ਇੱਕ ਪਾਸੇ ਸਮਾਜ ਨੂੰ ਨਸ਼ਿਆਂ ਦੀ ਜੋਕ ਚਿੰਬੜੀ ਹੋਈ ਹੈ ਜੋ ਨੌਜ਼ਵਾਨੀ ਨੂੰ ਖਤਮ ਕਰ ਰਹੀ ਹੈ ਤੇ ਦੂਜੇ ਪਾਸੇ ਇਹ ਗੈਂਗਸਟਰ, ਨਸ਼ੇ, ਹਥਿਆਰਾਂ, ਆਸ਼ਕੀ,ਧਰਮ,ਜਾਤਾਂ-ਪਾਤਾਂ ਤੇ ਹੋਰ ਗੈਰ-ਸਮਾਜਿਕ ਤੱਤਾਂ ਨੂੰ ਪ੍ਰਫੁੱਲਤ ਕਰਕੇ ਨਵੀਂ ਪੀੜੀ ਦਾ ਘਾਣ ਕਰ ਰਹੇ ਹਨ। ਹੋਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਹਿਸਾਬ ਨਾਲ ਸਾਡਾ ਮਾਨਸਿਕ ਪੱਧਰ ਡਿੱਗਦਾ ਜਾ ਰਿਹਾ ਹੈ ਅਸੀਂ ਕਦੇ ਵੀ ਵਿਕਸਿਤ ਦੇਸ਼ਾਂ ਦੇ ਹਾਣੀ ਬਣਕੇ ਨਹੀਂ ਜੀ ਸਕਦੇ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਿਸ ਵਿੱਚ ਪ੍ਰਸ਼ਾਸ਼ਨ ਨੂੰ ਉਚੇਚੇ ਤੌਰ ਤੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ।ਉਹਨਾਂ ਕਿਹਾ ਕਿ ਨਵੇਂ ਕਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਕੋਈ ਵੀ ਕੰਪਨੀ, ਲੇਖਕ ਜਾਂ ਗਾਇਕ ਗੀਤ ਬਣਾਉਣ ਵੇਲੇ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕੰਮ ਕਰੇ। ਅਸੀਂ ਇਸ ਵਿਸ਼ੇ ਉੱਤੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ ਤੇ ਜੇ ਲੋੜ ਪਈ ਤੇ ਹੋਰ ਵੀ ਵਧੀਆ ਤਰੀਕੇ ਨਾਲ ਸੁਚੇਤ ਤੇ ਸੁਲਝੇ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਪ੍ਰਸਾਸ਼ਨ ਦੀਆਂ ਨਜ਼ਰਾਂ ਤੱਕ ਲੈ ਕੇ ਜਾਵਾਂਗੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਪੰਜਾਬੀ ਨੂੰ ਕਲੰਕਿਤ ਕਰਨ ਵਾਲੇ ਗੀਤਕਾਰਾਂ ਅਤੇ ਗਾਇਕਾਂ ਦੀ ਦਿਨੋ ਦਿਨ ਭਰਮਾਰ ਹੋ ਰਹੀ ਹੈ ਇਹ ਗਾਇਕ ਸਮਾਜ ਵਿੱਚ ਜਿੱਥੇ ਅਸ਼ਲੀਲਤਾ ਫੈਲਾ ਰਹੇ ਹਨ ਉੱਥੇ ਸਮਾਜ ਵਿੱਚ ਗੁੰਡਾਗਰਦੀ,ਅਨਪੜ੍ਹਤਾ, ਜਾਤਾਂ-ਧਰਮਾਂ ਦੇ ਵਿਤਕਰੇ ਵੱਡੇ ਪੱਧਰ ਤੇ ਫੈਲਾ ਰਹੇ ਹਨ।ਇਹਨਾਂ ਖਿਲਾਫ ਸਖਤ ਕਾਰਵਾਈ ਕਰਕੇ ਸਮਾਜ ਵਿੱਚ ਵਿਰੋਧ ਪੈਦਾ ਕਰਨ ਵਾਲੇ ਗਾਣਿਆਂ ਤੇ ਸਖਤੀ ਨਾਲ ਰੋਕ ਲਗਾਈ ਜਾਵੇ।ਉਹਨਾਂ ਕਿਹਾ ਕਿ ਸਤਿੰਦਰ ਸਰਤਾਜ,ਗੁਰਦਾਸ ਮਾਨ, ਵਡਾਲੀ ਬਰਦਰਜ਼,ਸੁਰਜੀਤ ਪਾਤਰ ਆਦਿ ਵਰਗੇ ਗੀਤਕਾਰ ਤੇ ਗਾਇਕ ਨਿਰੋਆ ਸਮਾਜ ਉਸਾਰ ਰਹੇ ਹਨ ।ਦੂਸਰੇ ਗਾਇਕਾਂ ਨੂੰ ਵੀ ਇਹਨਾਂ ਤੋਂ ਸੇਧ ਲੈਕੇ ਸਾਡੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਂਦੇ ਗੀਤ ਲਿਖਣੇ ਤੇ ਗਾਉਂਦੇ ਚਾਹੀਦੇ ਹਨ ਤਾਂ ਜ਼ੋ ਸਾਡੇ ਲੋਕ ਧਰਮਾਂ,ਜਾਤਾਂ ਦੇ ਨਾਮ ਝਗੜਾ ਕਰਨ ਦੀ ਬਿਜਾਏ ਆਪਸ ਵਿੱਚ ਰਲਮਿਲਕੇ ਰਹਿਣ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਣ।ਇਸ ਸਮੇਂ ਰਵਨੀਤ ਲਾਂਬਾ,ਰਾਕੇਸ਼ ਬਾਵਾ,ਐਮ.ਡੀ.ਨਿਰਮਲ ਸਿੰਘ,ਰਸ਼ਪਾਲ ਸਿੰਘ,ਮਨਜੀਤ ਸਿੰਘ,ਰਣਜੋਧ ਸਿੰਘ ਰੱਤੋਕੇ,ਸੁਜੀਤ ਕੁਮਾਰ ਬੰਟੀ,ਜਸ ਗੋਬਿੰਦ ਸਿੰਘ ਟੋਨੀ,ਲਵਲ ਲਹਿਰ,ਦਲੇਰ ਸਿੰਘ,ਅਰੁਣਦੀਪ ਸਿੰਘ,ਸੁਖਬੀਰ ਸਿੰਘ ਮਾਲੜਾ,ਅਰਸ਼ਦੀਪ ਸਿੰਘ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)