ਗੁਰਦਾਸਪੁਰ ਵਿਚ ਲੱਗੇ ਸਨੀ ਦਿਉਲ ਦੀ 'ਗੁੰਮਸ਼ੁਦਗੀ' ਦੇ ਪੋਸਟਰ
Sun 12 Jan, 2020 0ਫਿਲਮ ਅਦਾਕਾਰ ਨੂੰ ਵੋਟ ਪਾ ਕੇ ਪਛਤਾਅ ਰਹੇ ਹਨ ਹਲਕੇ ਦੇ ਲੋਕ
ਗੁਰਦਾਸਪੁਰ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਐਮ.ਪੀ. ਸਨੀ ਦਿਉਲ ਮੁੜ ਸੁਰਖੀਆਂ ਵਿਚ ਹਨ। ਫ਼ਿਲਮ ਅਦਾਕਾਰ ਦੀ ਗੁੰਮਸ਼ੁਦਗੀ ਨਾਲ ਸਬੰਧਤ ਪੋਸਟਰ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਲੱਗੇ ਵੇਖੇ ਗਏ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਨੀ ਦਿਉਲ ਆਪਣੇ ਹਲਕੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਨਾਂ ਨੇ ਇਸ ਉਮੀਦ ਨਾਲ ਸਨੀ ਦਿਉਲ ਨੂੰ ਵੋਟ ਪਾਈ ਸੀ ਕਿ ਸਰਹੱਦੀ ਹਲਕਾ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਵਧੇਗਾ। ਬੇਰੁਜ਼ਗਾਰੀ ਦੀ ਦਰ ਘਟੇਗੀ ਪਰ ਹਾਲਾਤ ਬਿਲਕੁਲ ਉਲਟ ਨਜ਼ਰ ਆ ਰਹੇ ਹਨ। ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸਮੱਸਿਆਵਾਂ ਵੱਲ ਧਿਆਨ ਦੇਣਾ ਤਾਂ ਦੂਰ, ਸਨੀ ਦਿਉਲ ਕਈ ਮਹੀਨੇ ਤੋਂ ਹਲਕੇ ਦਾ ਦੌਰਾ ਕਰਨ ਵੀ ਨਹੀਂ ਆਏ। ਸਥਾਨਕ ਲੋਕਾਂ ਨੇ ਕਿਹਾ ਕਿ ਸਨੀ ਦਿਉਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣ ਦਾ ਮਕਸਦ ਇਹ ਹੈ ਕਿ ਉਨਾਂ ਨੂੰ ਪਤਾ ਲੱਗ ਸਕੇ ਕਿ ਗੁਰਦਾਸਪੁਰ ਦੇ ਲੋਕ ਕਿੰਨੀ ਬੇਸਬਰੀ ਨਾਲ ਉਨਾਂ ਦੀ ਉਡੀਕ ਕਰ ਰਹੇ ਹਨ। ਚੇਤੇ ਰਹੇ ਕਿ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਸਨੀ ਦਿਉਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾ ਕੇ ਗੁਰਦਾਸਪੁਰ ਲੋਕ ਸਭਾ ਸੀਟ ਜਿੱਤੀ ਸੀ ਅਤੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ।
Comments (0)
Facebook Comments (0)