ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ; ਘੱਗਰ ਵਿੱਚ ਪਾਣੀ ਵਧਿਆ

ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ; ਘੱਗਰ ਵਿੱਚ ਪਾਣੀ ਵਧਿਆ

ਮਾਨਸਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਚੜ੍ਹਨ ਕਾਰਨ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਇਨ੍ਹਾਂ ਵਿਚੋਂ ਲਗਭਗ ਤਿੰਨ ਦਰਜਨ ਪਿੰਡਾਂ ਬੁਢਲਾਡਾ ਸਬ-ਡਵੀਜ਼ਨ ਦੇ ਅਤੇ ਇੱਕ ਦਰਜਨ ਪਿੰਡ ਸਰਦੂਲਗੜ੍ਹ ਸਬ-ਡਵੀਜ਼ਨ ਦੇ ਹਨ। ਡਿਪਟੀ ਕਮਿਸ਼ਨਰ ਨੇ ਦੋਨੋਂ ਸਬ-ਡਵੀਜ਼ਨਾਂ ਦੇ ਉਚ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹੜ੍ਹ ਕੰਟਰੋਲ ਰੂਮ ਤੋਂ ਪਲ-ਪਲ ਦੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸਿਵਲ ਅਤੇ ਪੁਲੀਸ ਅਫ਼ਸਰਾਂ ਨੂੰ ਹਰ ਸਮੇਂ ਆਪਣੇ ਮੋਬਾਈਲ ਖੁੱਲ੍ਹੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਘੱਗਰ ਦਰਿਆ ਵਿੱਚ ਆਏ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ ਵਿਖੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ਵੀ ਕਾਫੀ ਮਜ਼ਬੂਤ ਸਥਿਤੀ ਵਿਚ ਹੈ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖ਼ਤਾ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕਰ ਲਏ ਗਏ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਚਾਂਦਪੁਰਾ ਬੰਨ੍ਹ 'ਤੇ ਪੁਲੀਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਇਸ ਸਬੰਧੀ ਸਬ ਡਵੀਜ਼ਨ ਪੱਧਰ 'ਤੇ ਹੜ੍ਹ
ਕੰਟਰੋਲ ਰੂਮ ਵੀ ਸਥਾਪਿਤ ਕੀਤੇ ਹੋਏ ਹਨ, ਮਾਨਸਾ ਵਿਖੇ ਇਸ ਕੰਟਰੋਲ ਰੂਮ ਦਾ ਨੰਬਰ 01652-229082 ਅਤੇ ਸਰਦੂਲਗੜ੍ਹ ਵਿਖੇ ਇਸ ਹੜ੍ਹ ਕੰਟਰੋਲ ਰੂਮ ਦਾ ਨੰਬਰ 01659-250366 ਹੈ।
ਕਾਰਜਕਾਰੀ ਇੰਜਨੀਅਰ ਡਰੇਨੇਜ ਰਾਜਨ ਢਿੰਗਰਾ ਨੇ ਦੱਸਿਆ ਕਿ ਘੱਗਰ ਦਰਿਆ ਵਿਚ ਪਾਣੀ ਦੀ ਸਮਰੱਥਾ 21000 ਕਿਊਸਿਕ ਹੈ ਅਤੇ ਮੌਜੂਦਾ ਸਮੇਂ ਘੱਗਰ ਦਰਿਆ ਵਿਚ ਕਰੀਬ 12500 ਕਿਊਸਿਕ ਪਾਣੀ ਚੱਲ ਰਿਹਾ ਹੈ।