ਮਨ ਕੀ ਬਾਤ
Sun 6 Dec, 2020 0
ਹੱਕ ਲੈਣੇ ਨੇ ਆਪਣੇ,ਨਹੀਂ ਡਰਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਸਾਨੂੰ ਦੂਰ ਨਹੀਂ ਏਂ ਦਿੱਲੀ।
ਦਵੇ ਝੁਕਾਨੀ ਬਣ ਕੇ ਬਿੱਲੀ।
ਸਾਨੂੰ ਨੱਪਣੀ ਆਉਂਦੀ ਕਿੱਲੀ।
ਤਖਤ ਹਿਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਲੈਣੇ ਹੱਕ ਠੋਕ ਕੇ ਛਾਤੀ।
ਪਿੱਛੇ ਮੁੜਨੇ ਨਹੀ ਬਰਾਤੀ।
ਤੂੰ ਵੀਂ ਮਾਰ ਲੈ ਅੰਦਰ ਝਾਤੀ।
ਮੰਗ ਵਿਆਹਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਕਈ ਵਾਰ ਸਿੰਘਾਂ ਨੇ ਜਿੱਤੀ।
ਫੜਕੇ ਵਿੱਚ ਦਾਨ ਦੇ ਦਿੱਤੀ।
ਪਾਉਂਦੀ ਰਹਿੰਦੀ ਵਿੱਚ ਦੋਚਿੱਤੀ।
ਇਹ ਸੋਚ ਮਿਟਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ।
ਅੰਦਰੋਂ ਕਰਦੀ ਘਾਲ਼ੇ ਮਾਲ਼ੇ।
ਜੰਮੇ ਇਹਦੇ ਕੰਨਾਂ ‘ਤੇ ਜਾਲ਼ੇ।
ਅੱਜ ਹਟਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਸਾਨੂੰ ਰਹੇਂ ਸਮਝਦੀ ਝੁੱਡੂ।
ਪੁੱਟਣਾ ਆਉਂਦਾ ਸਾਨੂੰ ਮੁੱਢੂ।
ਰਹੀਂ ਬੱਚਕੇ ਸਾਥੋਂ ਗੁੱਡੂ।
ਪੈਰ ਥਿੜ੍ਹਕਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਤੇਰੀਆਂ ਮਨਘੜ੍ਹਤ ਦਲੀਲਾਂ।
ਸਾਡੀਆਂ ਸੁਣਦੀ ਨਹੀਂ ਅਪੀਲਾਂ।
ਡੱਕਕੇ ਸੋਚ ਤੇਰੀ ਦੀਆਂ ਝੀਲਾਂ।
ਨੱਕੇ ਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਏਦਾਂ ਹੋਇਆ ਨਹੀਂ ਪਹਿਲੀ ਵਾਰੀ।
ਕਰਦੀ ਮੁੱਢ ਤੋਂ ਕਾਲ ਬਾਜ਼ਾਰੀ।
ਅੱਜ ਤੇਰੀ ਮੱਤ ਫੇਰ ਗਈ ਮਾਰੀ।
ਝਟਕੇ ਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਤੈਨੂੰ ਯਾਦ ਕਰਾਉਂਣੀ ਨਾਨੀ।
ਕਾਹਤੋਂ ਲੈਂਦੀ ਏਂ ਕੁਰਬਾਨੀ।
ਸੁਭਾਅ ਜੱਟ ਦਾ ਮੁੱਢ ਤੋਂ ਦਾਨੀਂ।
ਸਬਕ ਸਿਖਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਮੁੜਨਾ ਫਤਹਿ ਮੰਗਾਂ ‘ਤੇ ਪਾ ਕੇ।
ਘੇਰਾ ਪਾ ਲਿਆ ਦਿੱਲੀ ਨੂੰ ਆ ਕੇ।
ਜਾਣਾਂ ਸਾਨ੍ਹ ਭੂਤਰਿਆ ਢਾਹ ਕੇ।
ਧੌਣ ਦਬਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਜਾਣੇ ਤੇਰੇ ਪਾਸੇ ਭੰਨਕੇ।
ਆਏਂ ਆਂ ਸਿਰ ‘ਤੇ ਖੱਫਣ ਬੰਨ੍ਹਕੇ।
ਰਹੇਂਗੀ ਸੰਧੂ ਦੀਆਂ ਗੱਲਾਂ ਮੰਨਕੇ।
ਆਕੜ ਲਾਹਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
Comments (0)
Facebook Comments (0)