ਗ਼ਦਰੀ ਬਾਬਿਆਂ ਦੀ ਸੋਚ , ਖੁਸ਼ਹਾਲ ਸਮਾਜ ਸਿਰਜਣਾ : ਮਾੜੀਮੇਘਾ
Sun 6 Dec, 2020 0 ਚੋਹਲਾ ਸਾਹਿਬ 6 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਮਹਾਨ ਦੇਸ਼ ਭਗਤ ਸੰਤ ਬਾਬਾ ਵਸਾਖਾ ਸਿੰਘ ਦੀ ਬਰਸੀ ਤੇ ਪਿੰਡ ਦਦੇਹਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵਿਸ਼ਾਲ ਦੀਵਾਨ ਸੱਜੇ ਜਿਨ੍ਹਾਂ ਵਿਚ ਕਵੀਸ਼ਰਾਂ ਨੇ ਗਦਰੀ ਬਾਬਿਆਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਹਰ ਸਾਲ ਦੀ ਤਰ੍ਹਾਂ ਸੀਪੀਆਈ ਵੱਲੋਂ ਗ਼ਦਰੀ ਸੂਰਬੀਰ ਬਾਬਾ ਵਸਾਖਾ ਸਿੰਘ ,ਬਿਸ਼ਨ ਸਿੰਘ ਪਹਿਲਵਾਨ, ਭਾਈ ਹਜ਼ਾਰਾ ਸਿੰਘ, ਭਾਈ ਬਿਸ਼ਨ ਸਿੰਘ , ਭਾਈ ਵਿਸਾਖਾ ਸਿੰਘ ਅਤੇ ਸ਼ਹੀਦ ਸਾਧੂ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਅੰਗਰੇਜ਼ ਹਾਕਮਾਂ ਨੇ ਇਨ੍ਹਾਂ ਦੇਸ਼ ਭਗਤਾਂ ਨੂੰ ਅਕਿਹ ਤੇ ਅਸਹਿ ਤਸੀਹੇ ਦਿੱਤੇ ਪਰ ਸੂਰਮਿਆਂ ਅੰਗਰੇਜ਼ਾਂ ਦੀ ਈਨ ਨਾ ਮੰਨੀ। ਕਾਲੇ ਪਾਣੀ ਦੀਆਂ ਜੇਲ੍ਹਾਂ , ਜਾਇਦਾਦ ਜ਼ਬਤ ਅਤੇ ਮੌਤ ਦੀਆਂ ਸਜ਼ਾਵਾਂ ਝੱਲੀਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਦੇਸ਼ ਦੀ ਸੁੱਤੀ ਪਈ ਜਨਤਾ ਨੂੰ ਹਲੂਣਿਆ ਅਤੇ ਆਜ਼ਾਦੀ ਦਾ ਰਾਹ ਵਿਖਾਇਆ । ਉਨ੍ਹਾਂ ਦੀ ਸੋਚ ਸੀ ਕਿ ਦੇਸ਼ ਦੇ ਲੋਕ ਅਮੀਰ ਹੋਣ ਅਤੇ ਕੋਈ ਗ਼ਰੀਬ ਨਾ ਹੋਵੇ। ਹਰ ਇੱਕ ਨੂੰ ਬਰਾਬਰ ਇਨਸਾਫ਼ ਮਿਲੇ। ਜਾਤ ,ਧਰਮ ,ਨਸਲ ਅਤੇ ਫਿਰਕੇ ਤੋਂ ਉੱਪਰ ਉੱਠ ਕੇ ਲੋਕ ਖੁਸ਼ਹਾਲ ਸਮਾਜ ਸਿਰਜਣ । ਅਜੋਕੀਆਂ ਪੂੰਜੀਵਾਦੀ ਹਕੂਮਤਾਂ ਨੇ ਗ਼ਦਰੀ ਬਾਬਿਆਂ ਦੀ ਸੋਚ ਨੂੰ ਵਿਸਾਰ ਦਿੱਤਾ ਹੈ ।ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣਾਇਆ।ਦੇਸ਼ ਵਿੱਚ ਗ਼ਰੀਬੀ ,ਭੁੱਖਮਰੀ ਅਤੇ ਬੇਰੁਜ਼ਗਾਰੀ ਅਮਰ ਦੀ ਵੇਲ ਵਾਂਗ ਵੱਧ ਚੁੱਕੀ ਹੈ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਰੱਤੀ ਜਿੰਨਾ ਵੀ ਹਿੱਸਾ ਨਹੀਂ ਪਾਇਆ ਉਹ ਸਾਡੇ ਉੱਪਰ ਰਾਜ ਕਰ ਰਹੇ ਹਨ। ਉਨ੍ਹਾਂ ਲੋਕਾਂ ਦੀ ਹੀ ਅਫ਼ਸਰਸ਼ਾਹੀ ਗੱਲਬਾਤ ਸੁਣਦੀ ਹੈ ਅਤੇ ਮਿਹਨਤਕਸ਼ ਲੋਕਾਂ ਨੂੰ ਥਾਣਿਆਂ ,ਕਚਹਿਰੀਆਂ ,ਦਫ਼ਤਰਾਂ ਆਦਿ ਵਿੱਚ ਧੱਕੇ ਖਾਣੇ ਪੈਂਦੇ ਹਨ। ਕਮਿਊਨਿਸਟ ਪਾਰਟੀ ਗ਼ਦਰੀ ਬਾਬਿਆਂ ਦਾ ਸਮਾਜ ਸਿਰਜਣ ਵਾਸਤੇ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਤੇ ਸੀਪੀਆਈ ਦੇ ਤਰਨਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ,ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਮੀਤ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਤੇ ਸੀਪੀਆਈ ਦੇ ਨੁਸ਼ਹਿਰਾ ਚੋਹਲਾ ਬਲਾਕ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਜੈਮਲ ਸਿੰਘ ਬਾਠ, ਰਛਪਾਲ ਸਿੰਘ ਬਾਠ, ਵਰਿਆਮ ਸਿੰਘ, ਪਰਮਜੀਤ ਸਿੰਘ ਚੋਹਲਾ ਸਾਹਿਬ, ਲੇਖ ਸਿੰਘ , ਸਰਪੰਚ ਪਿਸ਼ੌਰਾ ਸਿੰਘ , ਪ੍ਰਸਿੱਧ ਲੇਖਕ ਗੁਰਬਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ,ਹਰਦਿਆਲ ਸਿੰਘ ਫੌਜੀ ਜਗਤਾਰ ਸਿੰਘ ਸ਼ਾਹ, ਕੁਲਦੀਪ ਸਿੰਘ ਸੈਕਟਰੀ, ਗੁਰਵਿੰਦਰ ਸਿੰਘ ਪੰਚਾਇਤ ਮੈਂਬਰ, ਪੂਰਨ ਸਿੰਘ, ਸਵਰਨ ਸਿੰਘ ਸਾਬਕਾ ਚੇਅਰਮੈਨ,ਬੂਟਾ ਸਿੰਘ ਢੋਟੀਆਂ, ਆਦਿ ਹਾਜ਼ਰ ਸਨ । ਦੇਵੀ ਕੁਮਾਰੀ ਨੇ ਬਾਖੂਬੀ ਨਾਲ ਸਟੇਜ ਸਕੱਤਰ ਦੇ ਫ਼ਰਜ਼ ਨਿਭਾਏ।
Comments (0)
Facebook Comments (0)