ਪੁਲਵਾਮਾ ਹਮਲੇ ਦੀ ਨਿਖੇਧੀ ਦੀ ਆੜ ਵਿੱਚ.......
Tue 19 Feb, 2019 0ਸਰਬਜੀਤ ਸੋਹੀ,
ਆਸਟਰੇਲੀਆ 19 ਫਰਵਰੀ 2019
ਪਿਛਲੇ ਦਿਨੀਂ ਪੁਲਵਾਮਾ ਵਿਖੇ ਸੀ ਆਰ ਪੀ ਐਫ਼ ਦੀ ਕਾਨਵਾਈ ਤੇ ਹੋਇਆ ਆਤਮਘਾਤੀ ਹਮਲਾ ਅਤਿ ਨਿੰਦਣਯੋਗ ਹੈ । ਜਿਨਾ ਘਰਾਂ ਦੇ ਚਿਰਾਗ਼ ਬੁੱਝੇ ਹਨ, ਉਨਾਂ ਨਾਲ ਦਿਲੋਂ ਹਮਦਰਦੀ ਹੈ । ਧੁੱਖਦੇ ਕਸ਼ਮੀਰ ਦੀ ਧਰਤੀ ਤਾਂ ਆਏ ਦਿਨ, ਆਏ ਪਲ ਲਹੂ ਨਾਲ ਲਾਲ ਹੁੰਦੀ ਹੈ । ਇਸ ਹਮਲੇ ਦਾ ਪ੍ਰਤੀਕਰਮ ਘੱਟ ਗਿਣਤੀਆਂ ਲਈ ਖ਼ਤਰੇ ਦਾ ਸੂਚਕ ਹੈ । ਜਿਸ ਤਰ੍ਹਾ ਸ਼ੌਸਲ ਮੀਡੀਆ ਤੇ ਦੇਸ਼ ਭਗਤੀ ਦੇ ਬਹਾਨੇ ਮੁਸਲਿਮ ਵਿਰੋਧ ਅਤੇ ਕਸ਼ਮੀਰ ਵਿੱਚ ਭਾਰਤੀ ਤਸ਼ੱਦਦ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ, ਇਹ ਹਰ ਘੱਟ ਗਿਣਤੀ ਲਈ ਘਾਤਕ ਹੈ, ਜਿਹੜੀ ਵੀ ਧਰੁਵੀ ਹਿੰਦੂਕਰਨ ਦੇ ਚੌਖਟੇ ਵਿੱਚ ਫਿੱਟ ਨਹੀਂ ਬੈਠਦੀ । ਕਸ਼ਮੀਰ ਵਿੱਚ 1989 ਤੋ ਲੈ ਕੇ ਹੁਣ ਤੱਕ 15 ਹਜ਼ਾਰ ਤੋਂ ਵੱਧ ਕਸ਼ਮੀਰੀ ਮੁਸਲਮਾਨ ਲਾਪਤਾ ਕਰ ਦਿੱਤੇ ਗਏ । 1 ਲੱਖ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ । 10 ਹਜ਼ਾਰ ਤੋਂ ਜਿਆਦਾ ਬੱਚੀਆਂ ਅਤੇ ਔਰਤਾਂ ਨਾਲ ਰੇਪ ਹੋਏ ਹਨ । 6000 ਦੇ ਕਰੀਬ ਅਜਿਹੀਆਂ ਕਬਰਾਂ ਦੀ ਸ਼ਨਾਖ਼ਤ ਹੋਈ ਹੈ, ਜਿਸ ਵਿੱਚ ਕੌਣ ਹੈ ? ਕਿਸ ਨੇ ਦਫ਼ਨ ਕੀਤਾ ? ਕਦੋ ਕੀਤਾ ? ਕੋਈ ਪਤਾ ਨਹੀਂ । ਵਾਦੀ ਵਿੱਚ ਇਕ ਕਸ਼ਮੀਰੀ ਉੱਤੇ ਇਕ ਸੈਨਿਕ ਤਾਇਨਾਤ ਹੈ । ਦੁੱਖ ਹੁੰਦਾ ਹੈ ਕਿ ਪੰਜਾਬੀ ਭਾਈਚਾਰਾ ਵੀ ਇਸ ਅੰਧ ਰਾਸ਼ਟਰਵਾਦ ਦੇ ਭੇਂਟ ਚੜ ਕੇ ਕਸ਼ਮੀਰ ਦੇ ਮਸਲੇ ਨੂੰ ਹਿੰਦੂ/ਮੁਸਲਿਮ ਨਜ਼ਰੀਏ ਤੋਂ ਦੇਖ ਰਿਹਾ ਹੈ ।
ਜਿਸ ਤਰਾਂ ਅੱਜ ਦੇਸ਼ ਵਿੱਚ ਯੋਜਨਾਬੱਧ ਤਰੀਕੇ ਨਾਲ ਐਂਟੀ ਮੁਸਲਿਮ ਲਹਿਰ ਚਲਾਈ ਜਾ ਰਹੀ ਹੈ, ਇਸ ਦਾ ਫ਼ਾਇਦਾ ਸਿਰਫ ਤੇ ਸਿਰਫ਼ ਇਸ ਸਮੇਂ ਰਾਜ ਕਰਦੀ ਧਿਰ ਨੂੰ ਹੀ ਮਿਲੇਗਾ । ਭਾਰਤੀ ਰਾਜਨੀਤੀ ਵਿੱਚ ਚੁਰਾਸੀ ਤੇ ਬਾਨਵੇਂ ਦੋ ਅਜਿਹੇ ਮੋੜ ਹਨ, ਜਿਨਾ ਨੇ ਭਾਰਤ ਨੂੰ ਫਿਰ ਸੈਂਕੜੇ ਸਾਲ ਪਿਛਾਂਹ ਸੁੱਟ ਦਿੱਤਾ ਹੈ । ਜਿਸ ਤਰਾਂ 1992 ਤੱਕ ਸਾਡੀਆਂ ਪੱਗਾਂ ਫੋਲ ਕੇ ਦੇਸ਼ ਭਗਤੀ ਲੱਭੀ ਜਾਂਦੀ ਰਹੀ ਸੀ, ਉਵੇਂ ਹੀ ਅੱਜ ਕੱਲ ਮੁਸਲਮਾਨਾਂ ਦੇ ਮੂੰਹੋਂ ਬੰਦੇ ਮਾਤਰਮ ਕਢਵਾਇਆ ਜਾ ਰਿਹਾ ਹੈ । ਸਾਨੂੰ ਇਹ ਭੁੱਲ਼ਣਾ ਨਹੀਂ ਚਾਹੀਦਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮੁਸਲਮਾਨਾਂ ਨੇ ਵੀ ਬਹੁਤ ਲਹੂ ਡੋਲਿਆ ਹੈ । ਬੱਬਰ ਅਕਾਲੀ ਲਹਿਰ ਵਰਗੀ ਨਿਰੋਲ ਸਿੱਖ ਜਥੇਬੰਦੀ ਵਿੱਚ ਵੀ ਮੁਸਲਮਾਨ ਸ਼ਾਮਿਲ ਸਨ । ਪਰ ਆਰ ਐਸ ਐਸ ਜੋ 1925 ਵਿੱਚ ਹੋਂਦ ਵਿੱਚ ਆਈ ਸੀ, ਇਸ ਦੇ ਕਿਸੇ ਕਰਾਕੁੰਨ ਨੇ ਕਿਸੇ ਫ਼ਰੰਗੀ ਦੇ ਚੂੰਡੀ ਵੀ ਵੱਢੀ ਹੋਵੇ ਤਾਂ ਜ਼ਰੂਰ ਜ਼ਿਕਰ ਕੀਤਾ ਜਾਵੇ ।
ਸਰਬਜੀਤ ਸੋਹੀ, ਆਸਟਰੇਲੀਆ
Comments (0)
Facebook Comments (0)