
ਸਮਾਰਟ ਰਾਸ਼ਨ ਕਾਰਡ ਸਕੀਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਮੀਟਿੰਗ
Tue 16 Jul, 2019 0
ਤਰਨ ਤਾਰਨ, 16 ਜੁਲਾਈ :
ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਯੋਗ ਲਾਭਪਾਤਰੀਆਂ ਨੂੰ ਨਵੇਂ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ (ਵਾਧੂ ਚਾਰਜ) ਸ੍ਰੀ ਸੰਦੀਪ ਰਿਸ਼ੀ ਨੇ ਅੱਜ ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਜਲਦੀ ਤੋਂ ਜਲਦੀ ਵੈਰੀਫਿਕੇਸ਼ਨ ਕਰਵਾਉਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਨਵਰਾਜ ਸਿੰਘ ਬਰਾੜ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ ਅਤੇ ਡੀ. ਡੀ. ਪੀ. ਓ. ਸ੍ਰੀ ਗੁਰਨੇਤਰ ਸਿੰਘ ਤੋਂ ਇਲਾਵਾ ਸਮੂਹ ਬਲਾਕਾਂ ਦੇ ਬੀ. ਡੀ. ਪੀ. ਓਜ਼ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਖ਼ਰਾਕ ਵੰਡ ਪ੍ਰਕਿਰਿਆ ਸਾਲ ਵਿੱਚ ਦੋ ਵਾਰ (ਛੇ ਮਹੀਨੇ `ਚ ਇੱਕ ਵਾਰ) ਮਾਰਚ ਮਹੀਨੇ ਅਤੇ ਸਤੰਬਰ ਦੇ ਮਹੀਨੇ ਦੌਰਾਨ ਕੀਤੀ ਜਾਂਦੀ ਹੈ । ਇਸ ਸਾਲ ਮਾਰਚ ਮਹੀਨੇ ਦੀ ਵੰਡ ਪ੍ਰਕਿਰਿਆ ਪੁਰਾਣੇ ਕਾਰਡਾਂ ਦੇ ਆਧਾਰ `ਤੇ ਕੀਤੀ ਜਾ ਰਹੀ ਹੈ ਜਦਕਿ ਸਤੰਬਰ `ਚ ਹੋਣੀ ਵਾਲੀ ਖੁਰਾਕ ਦੀ ਵੰਡ ਪ੍ਰਕਿਰਿਆ ਨਵੇਂ ਜਾਰੀ ਕੀਤੇ ਸਮਾਰਟ ਰਾਸ਼ਨ ਕਾਰਡਾਂ ਦੇ ਆਧਾਰ `ਤੇ ਕੀਤੀ ਜਾਵੇਗੀ। ਉਨਾਂ ਦੱਸਿਆ ਇਨਾਂ ਨਵੇਂ ਕਾਰਡਾਂ ਵਿੱਚ `ਚਿੱਪ` ਲੱਗੀ ਹੋਈ ਹੈ ਅਤੇ ਲਾਭਪਾਤਰੀਆਂ ਦੀ ਪਛਾਣ ਸਬੰਧੀ ਲੋੜੀਂਦੀ ਜਾਣਕਾਰੀ ਇਸ ਚਿੱਪ ਵਿੱਚ ਸੁਰੱਖਿਅਤ ਰੂਪ ਵਿੱਚ ਦਰਜ ਰਹੇਗੀ। ਇਸ ਤਰਾਂ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਨੂੰ ਡਿੱਪੋ ਤੋਂ ਆਪਣੇ ਹਿੱਸੇ ਦੀ ਰਾਸ਼ਨ ਪ੍ਰਾਪਤ ਕਰਨ ਲਈ ਕਿਸੇ ਆਧਾਰ ਕਾਰਡ ਆਦਿ ਸਬੂਤ ਦੀ ਲੋੜ ਨਹੀਂ ਪਵੇਗੀ। ਇਸ ਸਹੂਲਤ ਤੋਂ ਇਲਾਵਾ ਸਰਕਾਰ ਵੱਲੋਂ ਛੋਟ `ਤੇ ਰਾਸ਼ਨ ਲੈਣ ਵਾਲਿਆਂ ਦਾ ਦਾਇਰਾ ਹੋਰ ਵਡੇਰਾ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਅੰਨਤੋਦਯਾ ਅੰਨ ਯੋਜਨਾ ਤੇ ਸੂਬੇ ਵੱਲੋਂ ਜਾਰੀ ਕੀਤੇ ਮਾਪਦੰਡਾਂ ਅਧੀਨ ਆਉਂਦੇ ਆਰਥਿਕ ਤੌਰ `ਤੇ ਕਮਜ਼ੋਰ ਲੋਕਾਂ ਨੂੰ ਪਹਿਲਾਂ ਹੀ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਲਾਭ ਦਿੱਤਾ ਜਾਂਦਾ ਹੈ।ਪਰ ਇੱਕ ਹੋਰ ਨਵੀਂ ਪੁਲਾਂਘ ਪੁੱਟਦਿਆਂ ਪੰਜਾਬ ਸਰਕਾਰ ਨੇ ਇਸ ਸਕੀਮ ਵਿੱਚ ਨਾ ਕੇਵਲ ਆਰਥਿਕ ਤੌਰ ਤੇ ਗ਼ਰੀਬ ਵਰਗ ਦੀਆਂ ਸੀਮਾਂਤ ਸ੍ਰੇਣੀਆਂ ਵਾਲੇ ਲੋਕਾਂ ਸਗੋਂ ਕੋਹੜ ਦੇ ਮਰੀਜ਼ਾਂ, ਐਸਿਡ ਅਟੈਕ ਐਚ.ਆਈ.ਵੀ/ਏਡਜ਼ ਤੋਂ ਪੀੜਤਾਂ ਦੇ ਪਰਿਵਾਰਾਂ ਨੂੰ ਵੀ ਸ਼ਾਮਲ ਕੀਤਾ ਹੈ।
ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਲਾਭਪਾਤਰੀਆਂ, ਬੇਜ਼ਮੀਨੇ ਖੇਤ-ਮਜ਼ਦੂਰਾਂ, 60,000 /-(ਪੈਨਸ਼ਨ ਤੋਂ ਬਿਨਾਂ) ਤੋਂ ਘੱਟ ਸਾਲਾਨਾ ਆਮਦਨ ਵਾਲੇ ਸਾਬਕਾ ਫੌਜੀਆਂ, 60,000 /-(ਸਾਰੇ ਵਸੀਲੇ ਜੋੜ ਕੇ) ਤੋਂ ਘੱਟ ਸਾਲਾਨਾ ਆਮਦਨ ਵਾਲੇ ਵਡੇਰੀ ਉਮਰ ਦੇ ਪੈਨਸ਼ਨਰਾਂ, ਤਲਾਕਸ਼ੁਦਾ ਜਾਂ ਇਕੱਲੀਆਂ ਔਰਤਾਂ(ਅਣਵਿਹੁਤਾ/ਵੱਖ ਰਹਿ ਰਹੀਆਂ) ਵੱਲੋਂ ਚਲਾਏ ਜਾਂਦੇ ਘਰਾਂ ਅਤੇ ਬੇਘਰੇ ਤੇ ਕੱਚੇ ਘਰਾਂ `ਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।ਉਹਨਾਂ ਕਿਹਾ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਵੱਧ-ਵੱਧ ਲਾਭਪਾਤਰੀਆਂ ਨੂੰ ਸਕੀਮ ਦੇ ਦਾਇਰੇ ਵਿੱਚ ਲਿਆਉਣ ਲਈ ਯਤਨ ਜਾਰੀ ਹਨ।
ਮੀਟਿੰਗ ਦੌਰਾਨ ਉਹਨਾਂ ਸਮੂਹ ਬੀ. ਡੀ. ਪੀ. ਓਜ਼ ਨੂੰ ਆਦੇਸ਼ ਦਿੱਤੇ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਦਾ ਕੰਮ ਆਉਂਦੇ 10 ਦਿਨਾਂ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਇਸ ਸਬੰਧੀ ਰੋਜ਼ਾਨਾ ਪ੍ਰਗਤੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਤਰਨ ਤਾਰਨ ਦੇ ਦਫ਼ਤਰ ਰੋਜ਼ਾਨਾ ਦੇ ਆਧਾਰ ‘ਤੇ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਰਕਦੇ ਹੋਏ ਇਸ ਪ੍ਰਕਿਰਿਆ ਨੂੰ ਸਮੇਂ-ਸਿਰ ਮੁਕੰਮਲ ਕੀਤਾ ਜਾ ਸਕੇ।
Comments (0)
Facebook Comments (0)