ਪੰਜਾਬ 'ਚ 1.53 ਲੱਖ ਵੋਟਰਾਂ ਨੇ ਦੱਬਿਆ NOTA ਦਾ ਬਟਨ

ਪੰਜਾਬ 'ਚ 1.53 ਲੱਖ ਵੋਟਰਾਂ ਨੇ ਦੱਬਿਆ NOTA ਦਾ ਬਟਨ

ਚੰਡੀਗੜ੍ਹ : 

ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਨਾਰਾਜ਼ਗੀ ਜਤਾਉਣ ਲਈ ਨੋਟਾ (NOTA) ਇਕ ਖ਼ਾਸ ਵਿਕਲਪ ਬਣਦਾ ਜਾ ਰਿਹਾ ਹੈ। ਜੇ ਕਿਸੇ ਵੋਟਰ ਨੂੰ ਚੋਣ ਦੌਰਾਨ ਕੋਈ ਉਮੀਦਵਾਰ ਪਸੰਦ ਨਹੀਂ ਤਾਂ ਉਹ ਨੋਟਾ ਦਾ ਬਟਨ ਦੱਬ ਸਕਦਾ ਹੈ। ਇਸ ਵਾਰ ਪੰਜਾਬ ਦੇ ਵੋਟਰਾਂ ਨੇ ਨੋਟਾ ਦੀ ਖੂਬ ਵਰਤੋਂ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਦੇ 1,53,913 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਭਰੋਸਾ ਨਾ ਪ੍ਰਗਟਾਉਂਦਿਆਂ ਨੋਟਾ ਦੀ ਵਰਤੋਂ ਕੀਤੀ ਹੈ।

ਇਕ ਪਾਸੇ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਜਿੱਥੇ ਸੱਪ-ਸੀੜੀ ਦਾ ਖੇਡ ਚੱਲ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਕਈ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰਦਿਆਂ ਨੋਟਾ ਦਾ ਬਟਨ ਦਬਾ ਕੇ ਆਪਣਾ ਰੋਸ ਪ੍ਰਗਟਾਇਆ। ਨੋਟਾ ਦੀ ਸੱਭ ਤੋਂ ਵੱਧ ਵਰਤੋਂ ਫ਼ਰੀਦਕੋਟ ਲੋਕ ਸਭਾ ਸੀਟ 'ਤੇ ਕੀਤੀ ਗਈ, ਜਿੱਥੇ 19,053 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਖਡੂਰ ਸਾਹਿਬ ਸੀਟ 'ਤੇ ਸੱਭ ਤੋਂ ਘੱਟ 5082 ਵਾਰ ਨੋਟਾ ਦੀ ਵਰਤੋਂ ਕੀਤੀ ਗਈ।

ਫ਼ਰੀਦਕੋਟ 'ਚ 19053, ਸ੍ਰੀ ਅਨੰਦਪੁਰ ਸਾਹਿਬ 'ਚ 17135, ਫ਼ਿਰੋਜ਼ਪੁਰ 'ਚ 14891, ਬਠਿੰਡਾ 'ਚ 13323, ਫ਼ਤਿਹਗੜ੍ਹ ਸਾਹਿਬ 'ਚ 12976, ਹੁਸ਼ਿਆਰਪੁਰ 'ਚ 12868, ਜਲੰਧਰ 'ਚ 12324, ਪਟਿਆਲਾ 'ਚ 11110, ਲੁਧਿਆਣਾ 'ਚ 10538, ਗੁਰਦਾਸਪੁਰ 'ਚ 9474, ਅੰਮ੍ਰਿਤਸਰ 'ਚ 8713, ਸੰਗਰੂਰ 'ਚ 6426 ਅਤੇ ਖਡੂਰ ਸਾਹਿਬ 'ਚ 5082 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ।