ਗ਼ਲਤ ਸੋਚ ਵਾਲੇ ਪੰਜਾਬੀਆਂ ਵਲੋਂ ਵਿਦੇਸ਼ਾਂ 'ਚ ਕੀਤੇ ਜਾ ਰਹੇ ਕਾਰਨਾਮਿਆਂ ਕਾਰਨ ਪੂਰੇ ਭਾਈਚਾਰੇ ਨੂੰ ਸ਼ਰਮਿੰਦਗੀ

ਗ਼ਲਤ ਸੋਚ ਵਾਲੇ ਪੰਜਾਬੀਆਂ ਵਲੋਂ ਵਿਦੇਸ਼ਾਂ 'ਚ ਕੀਤੇ ਜਾ ਰਹੇ ਕਾਰਨਾਮਿਆਂ ਕਾਰਨ ਪੂਰੇ ਭਾਈਚਾਰੇ ਨੂੰ ਸ਼ਰਮਿੰਦਗੀ

ਟੋਰਾਂਟੋ : ਪੰਜਾਬੀ ਇਕ ਮਾਰਸ਼ਲ ਕੌਮ ਹੈ। ਪੰਜਾਬੀ ਦੁਨੀਆ ਭਰ ਵਿਚ ਜਿੱਥੇ ਵੀ ਗਏ, ਇਨ੍ਹਾਂ ਨੇ ਅਪਣੀ ਮਿਹਨਤ, ਲਗਨ ਤੇ ਫਿਰਾਖਦਿਲੀ ਨਾਲ ਸੱਭ ਨੂੰ ਪ੍ਰਭਾਵਿਤ ਕੀਤਾ ਹੈ। ਅੱਜ ਦੁਨੀਆਂ ਕੋਈ ਕੋਨਾ ਨਹੀਂ ਜਿੱਥੇ ਪੰਜਾਬੀਆਂ ਨੇ ਅਪਣੀ ਹੋਂਦ ਨਾ ਪ੍ਰਗਟਾਈ ਹੋਵੇ। ਪਰ ਹੁਣ ਕੁੱਝ ਗ਼ਲਤ ਸੋਚ ਵਾਲੇ ਪੰਜਾਬੀਆਂ ਵਲੋਂ ਵਿਦੇਸ਼ਾਂ 'ਚ ਕੀਤੇ ਜਾ ਰਹੇ ਕਾਰਨਾਮਿਆਂ ਕਾਰਨ ਪੂਰੇ ਭਾਈਚਾਰੇ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਕੈਨੇਡਾ ਦੇ ਸ਼ਹਿਰ ਟੋਰਾਂਟੋਂ ਵਿਚ, ਜਿੱਥੇ ਇਕ ਪੰਜਾਬੀ ਨੂੰ ਅਮਰੀਕਾ ਤੋਂ ਨਸ਼ਾ ਲੈ ਕੇ ਕੈਨੇਡਾ ਆਉਣ ਸਮੇਂ ਪੁਲਿਸ ਨੇ ਕਾਬੂ ਕੀਤਾ ਹੈ। ਉਸ ਦੀ ਪਛਾਣ ਬਰੈਂਪਟਨ ਦੇ ਵਾਸੀ 44 ਸਾਲਾ ਮਨਜਿੰਦਰ ਗਿੱਲ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਉਹ ਅਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ 'ਚ ਨਸ਼ਾ ਲਿਆ ਰਿਹਾ ਸੀ। ਉਸ ਨੂੰ ਵਿੰਡਸਰ ਸ਼ਹਿਰ ਦੇ ਅੰਬੈਸਡਰ ਪੁਲ 'ਤੇ ਸਰਹੱਦੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ 40 ਕਿਲੋਗਰਾਮ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੂਤਰਾਂ ਮੁਤਾਬਕ ਟਰੱਕ ਨੂੰ ਸ਼ੱਕ ਦੇ ਅਧਾਰ 'ਤੇ ਦੂਹਰੀ ਜਾਂਚ ਲਈ ਭੇਜਿਆ ਗਿਆ ਸੀ। ਜਾਂਚ ਦੌਰਾਨ ਟਰੱਕ ਵਿਚੋਂ ਕੋਕੀਨ ਦੀਆਂ 30 ਇੱਟਾਂ ਬਰਾਮਦ ਹੋਈਆਂ ਹਨ। ਫੜੀ ਗਈ ਕੋਕੀਨ ਦੀ ਕੀਮਤ 20 ਲੱਖ ਡਾਲਰ ਦੱਸੀ ਜਾ ਰਹੀ ਹੈ।

 

 

ਇਸ ਟਰੱਕ ਨੂੰ ਮਨਜਿੰਦਰ ਸਿੰਘ ਖੁਦ ਚਲਾ ਰਿਹਾ ਸੀ। ਕਾਬਲੇਗੌਰ ਹੈ ਕਿ ਨਸ਼ਾ ਤਸ਼ਕਰੀ ਦੇ ਦੋਸ਼ਾਂ ਤਹਿਤ ਦਰਜਨਾਂ ਪੰਜਾਬੀ ਇਸ ਵੇਲੇ ਜੇਲ੍ਹਾਂ ਦੀ ਹਵਾਂ ਖਾ ਰਹੇ ਹਨ। ਅਧਿਕਾਰੀਆਂ ਮੁਤਾਬਕ ਇਸ ਸਾਲ ਹੁਣ ਤਕ ਅਮਰੀਕਾ ਦੇ ਅੰਬੇਸਡਰ ਪੁਲ, ਵਿੰਡਸਰ ਡੀਟਰੌਇਟ ਸੁਰੰਗ ਤੇ ਸਾਰਨੀਆ ਦੇ ਬਲੂ ਸਟਾਰ ਪੁਲ ਰਾਹੀਂ ਸਮਗਲਿੰਗ ਕੀਤੀ ਜਾ ਰਹੀ 395 ਕਿਲੋ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ।