ਫਿਲਮ 'ਆਟੇ ਦੀ ਚਿੜੀ' 19 ਅਕਤੂਬਰ 2018 ਨੂੰ ਸਿਨੇਮਾ ਘਰਾਂ ਵਿਚ ਹੋਵੇਗੀ ਪ੍ਰਦਰਸ਼ਤ

ਫਿਲਮ 'ਆਟੇ ਦੀ ਚਿੜੀ' 19 ਅਕਤੂਬਰ 2018 ਨੂੰ ਸਿਨੇਮਾ ਘਰਾਂ ਵਿਚ ਹੋਵੇਗੀ ਪ੍ਰਦਰਸ਼ਤ

ਐਸ.ਏ.ਐਸ. ਨਗਰ 2 ਸਤੰਬਰ 2018 :

'ਆਟੇ ਦੀ ਚਿੜੀ' ਇਕ ਨਾਮ ਜੋ ਸਾਡੇ ਪੰਜਾਬ ਦੇ ਵਿਰਸੇ ਦਾ ਬਹੁਤ ਹੀ ਜ਼ਰੂਰੀ ਹਿੱਸਾ ਸੀ, ਜਿਸ ਬਾਰੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਵੇਗਾ। ਪਰ ਇਸ ਵਾਰ ਪ੍ਰਸਿੱਧ ਡਾਇਰੈਕਟਰ ਹੈਰੀ ਭੱਟੀ ਇਕ ਨਵੀਂ ਫ਼ਿਲਮ 'ਆਟੇ ਦੀ ਚਿੜੀ' ਲੈ ਕੇ ਆ ਰਹੇ ਹਨ, ਜਿਸ ਵਿਚ ਉਹ ਅਪਣੇ ਪੰਜਾਬੀ ਵਿਰਸੇ ਦੀ ਭੁੱਲੇ ਵਿਰਸੇ ਦੀ ਮਹੱਤਤਾ ਨੂੰ ਦਿਖਾਉਣਗੇ। ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਉਣਗੇ। 

ਇਨ੍ਹਾਂ ਤੋਂ ਬਿਨਾਂ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। 'ਆਟੇ ਦੀ ਚਿੜੀ' ਨੂੰ 'ਰੱਬ ਦਾ ਰੇਡੀਓ' ਅਤੇ 'ਸਰਦਾਰ ਮੁਹੰਮਦ' ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਅਤੇ ਰਾਜੂ ਵਰਮਾ ਨੇ ਡਾਇਰੈਕਟ ਕੀਤਾ ਹੈ। ਇਸ ਪ੍ਰੋਜੈਕਟ ਨੂੰ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ ਪ੍ਰੋਡਿਊਸ ਕੀਤਾ ਹੈ। ਸਨਿਚਰਵਾਰ ਨੂੰ ਇਸ ਫ਼ਿਲਮ ਦੇ ਪ੍ਰੋਡਿਊਸਰਾਂ ਨੇ ਇਸ ਦਾ ਪੋਸਟਰ ਰੀਲੀਜ਼ ਕੀਤਾ।

ਬਿਨਾ ਕਿਸੇ ਐਲਾਨ ਤੋਂ ਉਨ੍ਹਾਂ ਨੇ ਇਹ ਪੋਸਟਰ ਅੰਮ੍ਰਿਤ ਮਾਨ ਤੇ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਨਿਸ਼ਾ ਬਾਨੋ, ਰਾਜੂ ਵਰਮਾ ਨੂੰ ਸਰਪ੍ਰਾਈਜ਼ ਦੇ ਰੂਪ ਵਿਚ ਪੇਸ਼ ਕੀਤਾ। ਅੰਮ੍ਰਿਤ ਮਾਨ ਜਿਵੇਂ ਕਿ ਇਹ ਉਨ੍ਹਾਂ ਦੀ ਲੀਡ ਦੇ ਰੂਪ ਵਿਚ ਪਹਿਲੀ ਫ਼ਿਲਮ ਹੈ, ਉਨ੍ਹਾਂ ਲਈ ਇਹ ਬਹੁਤ ਹੀ ਖਾਸ ਪਲ ਰਿਹਾ।
ਇਸ ਪੋਸਟਰ ਰੀਲੀਜ਼ ਬਾਰੇ ਅੰਮ੍ਰਿਤ ਮਾਨ ਨੇ ਕਿਹਾ, ''ਮੈਂ ਇਸ ਫ਼ਿਲਮ ਨਾਲ ਜੁੜੀ ਹਰ ਇਕ ਚੀਜ਼ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹਾਂ। ਕਾਫੀ ਟਾਇਮ ਤੋਂ ਅਸੀਂ ਇਸ ਦੇ ਪੋਸਟਰ ਰੀਲੀਜ਼ ਨੂੰ ਲੈ ਕੇ ਵਿਚਾਰ ਕਰ ਰਹੇ ਸੀ। ਪਰ ਕੱਲ੍ਹ ਇਨ੍ਹਾਂ ਨੇ ਮੈਨੂੰ ਅਚਾਨਕ ਬੁਲਾਇਆ ਅਤੇ ਇਹ ਪੋਸਟਰ ਪੇਸ਼ ਕੀਤਾ।

ਮੈਂ ਬਹੁਤ ਹੀ ਖੁਸ਼ ਹਾਂ ਤੇ ਹੁਣ ਮੈਂ ਇਸ ਗੱਲ ਦੀ ਉਡੀਕ 'ਚ ਹਾਂ ਤੇ ਇਹ ਫ਼ਿਲਮ ਕਦੋਂ ਰੀਲੀਜ਼ ਹੋਵੇਗੀ ਅਤੇ ਲੋਕ ਇਸ ਨੂੰ ਕਿਸ ਤਰ੍ਹਾਂ ਅਪਣਾਉਣਗੇ।'' ਫ਼ਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ, ''ਅਸੀਂ ਪੋਸਟਰ ਡਿਜ਼ਾਈਨ ਬਾਰੇ ਬਹੁਤ ਚਰਚਾ ਕੀਤੀ ਤੇ ਅੰਤ ਇਸ ਨਤੀਜੇ 'ਤੇ ਪਹੁੰਚੇ। ਪਰ ਇਸ ਨੂੰ ਦਰਸ਼ਕਾਂ ਦੇ ਸਨਮੁਖ ਦੇਣ ਤੋਂ ਪਹਿਲਾਂ ਅਸੀਂ ਉਨ੍ਹਾਂ ਲੋਕਾਂ ਦਾ ਹੁੰਗਾਰਾ ਦੇਖਣਾ ਚਾਹੁੰਦੇ ਸੀ, ਜੋ ਫ਼ਿਲਮ ਨਾਲ ਜੁੜੇ ਹੋਏ ਹਨ।

ਇਸ ਲਈ ਅਸੀਂ ਇਹ ਪੋਸਟਰ ਪਹਿਲਾਂ ਅੰਮ੍ਰਿਤ ਮਾਨ ਅਤੇ ਕਰਮਜੀਤ ਅਨਮੋਲ ਨੂੰ ਪੇਸ਼ ਕੀਤਾ ਅਤੇ ਉਨ੍ਹਾਂ ਦੇ ਜਵਾਬ ਨੇ ਸਾਡਾ ਹੌਂਸਲਾ ਹੋਰ ਵੀ ਵਧਾ ਦਿਤਾ ਹੈ ਕਿ ਲੋਕ ਇਸ ਨੂੰ ਯਕੀਨਨ ਪਸੰਦ ਕਰਨਗੇ। ਇਹ ਫ਼ਿਲਮ ਸੰਸਾਰ ਭਰ ਵਿਚ ਮੁਨੀਸ਼ ਸਾਹਨੀ ਦੀ ਕੰਪਨੀ 'ਓਮਜੀ ਗਰੁਪ' ਵਲੋਂ ਵੰਡੀ ਜਾਵੇਗੀ। ਫ਼ਿਲਮ 19 ਅਕਤੂਬਰ 2018 ਨੂੰ ਸਿਨੇਮਾ ਘਰਾਂ ਵਿਚ ਪ੍ਰਦਰਸ਼ਤ ਹੋਵੇਗੀ।