'ਕੈਰੀ ਆਨ ਜੱਟਾ 2' ਦੀ ਬਾਕਸ ਆਫ਼ਿਸ ਦੀ ਕਮਾਈ ਨੇ ਪਾਲੀਵੁੱਡ 'ਚ ਇਕ ਨਵਾਂ ਕੀਰਤੀਮਾਨ ਰਚਿਆ
Fri 8 Jun, 2018 0ਜਲੰਧਰ (ਬਿਊਰੋ)— ਟਿਕਟ ਖਿੜਕੀ ਦੀ ਕਮਾਈ ਫਿਲਮ ਦੀ ਸਫਲਤਾ ਦਾ ਇਕ ਮਾਪਦੰਡ ਬਣ ਚੁੱਕਾ ਹੈ। ਇਕ ਫਿਲਮ ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ 'ਚ ਸਫਲ ਰਹਿੰਦੀ ਹੈ, ਉਹ ਬਾਕਸ ਆਫ਼ਿਸ ਤੇ ਹਿੱਟ ਮੰਨੀ ਜਾਂਦੀ ਹੈ। ਇਸ ਤਰ੍ਹਾਂ ਦੀ ਫਿਲਮ ਸਿਰਫ ਐਕਟਰਾਂ ਦਾ ਰੁਤਬਾ ਵਧਾਉਣ 'ਚ ਹੀ ਨਹੀਂ, ਸਗੋਂ ਪ੍ਰੋਡਕਸ਼ਨ ਹਾਊਸ ਦੇ ਇਤਬਾਰ ਨੂੰ ਵੀ ਬਰਕਰਾਰ ਰੱਖਣ 'ਚ ਮਦਦ ਕਰਦੀ ਹੈ। ਵਾਈਟ ਹਿੱਲ ਸਟੂਡੀਓਜ਼ ਇਕ ਅਜਿਹਾ ਪ੍ਰੋਡਕਸ਼ਨ ਹਾਊਸ ਹੈ, ਜੋ ਕੁਆਲਿਟੀ 'ਚ ਹੀ ਨਿਵੇਸ਼ ਕਰਦੇ ਹਨ ਤੇ ਨਾਲ-ਨਾਲ ਉਨ੍ਹਾਂ ਪ੍ਰੋਜੈਕਟਾਂ ਨੂੰ ਸਫਲਤਾ ਤੱਕ ਲੈ ਕੇ ਜਾਂਦੇ ਹਨ। ਹੁਣ ਜਿਹੜਾ ਨਿਵੇਕਲਾ ਪ੍ਰੋਜੈਕਟ ਜਿਸ ਨੂੰ ਉਹ ਸੁਪਰਹਿੱਟ ਕੈਟਾਗਰੀ ਤੱਕ ਲੈ ਕੇ ਆਏ ਹਨ, ਉਹ ਹੈ 'ਕੈਰੀ ਆਨ ਜੱਟਾ 2'। ਸਮੀਪ ਕੰਗ ਦੇ ਡਾਇਰੈਕਸ਼ਨ, ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਇਸ ਫਿਲਮ ਨੇ ਬਾਕਸ ਆਫ਼ਿਸ ਦੇ ਟੈਸਟ ਨੂੰ ਸਫਲਤਾਪੂਰਵਕ ਪਾਰ ਕੀਤਾ ਹੈ। ਇਸ ਫਿਲਮ ਨੇ ਪਹਿਲੇ ਤਿੰਨ ਦਿਨਾਂ 'ਚ ਵਰਲਡਵਾਈਡ 20.71 ਕਰੋੜ ਰੁਪਏ ਕਮਾਏ ਹਨ।
'ਕੈਰੀ ਆਨ ਜੱਟਾ' ਵਾਈਟ ਹਿੱਲ ਸਟੂਡੀਓਜ਼ ਦਾ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਹੈ। ਸਾਲ 2012 ਦੀ ਕਾਮੇਡੀ ਫਿਲਮ ਦੇ ਸੀਕੁਅਲ ਬਣਨ 'ਚ ਪੂਰੇ 6 ਸਾਲ ਲੱਗੇ, ਜੋ ਇਕ ਕਲਾਸਿਕ ਅਤੇ ਸਦਾਬਹਾਰ ਅਨੁਭਵ ਰਿਹਾ। ਪਹਿਲੇ ਹਿੱਸੇ ਦੀ ਤਰ੍ਹਾਂ ਹੀ 'ਕੈਰੀ ਆਨ ਜੱਟਾ 2' ਨੇ ਵੀ ਵੱਡੇ ਪਰਦੇ 'ਤੇ ਕਮਾਈ ਦਾ ਇਤਿਹਾਸ ਰਚਿਆ। ਇਸ ਫਿਲਮ ਨੇ ਪਹਿਲੇ ਹੀ ਦਿਨ ਭਾਰਤ 'ਚ 3.61 ਕਰੋੜ ਦੀ ਕਮਾਈ ਕੀਤੀ। ਹੁਣ ਤੱਕ ਪਾਲੀਵੁੱਡ ਫ਼ਿਲਮਾਂ ਨੂੰ ਭਾਸ਼ਾ ਦੀ ਬੰਦਿਸ਼ ਕਰਕੇ ਬਹੁਤ ਹੀ ਸੀਮਤ ਸਕ੍ਰੀਨਿੰਗ ਮਿਲਦੀ ਸੀ ਪਰ ਫਿਰ ਵੀ ਵਾਈਟ ਹਿੱਲ ਸਟੂਡੀਓਜ਼ ਦੇ ਗੁਣਬੀਰ ਸਿੰਘ ਸਿੱਧੂ ਤੇ ਮਾਨਮੋਰਡ ਸਿੱਧੂ ਇਸ ਫਿਲਮ ਨੂੰ ਦਿੱਲੀ, ਕੈਨੇਡਾ, ਯੂ. ਐੱਸ. ਏ., ਯੂ. ਕੇ., ਜਰਮਨੀ, ਆਸਟਰੀਆ, ਇਟਲੀ, ਆਸਟਰੇਲੀਆ, ਨਿਊਜ਼ੀਲੈਂਡ, ਬੈਲਜੀਅਮ ਤੇ ਪਾਕਿਸਤਾਨ 'ਚ ਰਿਲੀਜ਼ ਕੀਤਾ। 'ਕੈਰੀ ਆਨ ਜੱਟਾ 2' ਇਕਲੌਤੀ ਭਾਰਤੀ ਫਿਲਮ ਹੈ, ਜੋ ਰਮਜ਼ਾਨ ਦੇ ਦਿਨਾਂ 'ਚ ਗੁਆਂਢੀ ਮੁਲਕ 'ਚ ਰਿਲੀਜ਼ ਹੋਈ, ਜਦਕਿ ਈਦ ਦੇ ਕਾਰਨ ਸਾਰੀਆਂ ਭਾਰਤੀ ਫ਼ਿਲਮਾਂ ਉਥੇ ਬੈਨ ਸਨ।
Comments (0)
Facebook Comments (0)