
ਰੇਲਵੇ ਦਾ ਘਟੀਆ ਖਾਣਾ ਖਾ ਕੇ 20 ਮੁਸਾਫ਼ਰ ਬੀਮਾਰ, ਕੀਤਾ ਹੰਗਾਮਾ
Sun 7 Apr, 2019 0
ਨਵੀਂ ਦਿੱਲੀ :
ਨਵੀਂ ਦਿੱਲੀ-ਭੁਵਨੇਸ਼ਵਰ ਰਾਜਧਾਨੀ ਐਕਸਪ੍ਰੈੱਸ 'ਚ ਘਟੀਆ ਖਾਣਾ ਦਿੱਤਾ ਜਾ ਰਿਹਾ ਹੈ। ਇਹ ਖਾਣਾ ਖਾ ਕੇ ਸ਼ਨਿਚਰਵਾਰ ਰਾਤ ਲਗਭਗ 20 ਮੁਸਾਫ਼ਰ ਬੀਮਾਰ ਹੋ ਗਏ। ਕਾਨਪੁਰ ਰੇਲਵੇ ਸਟੇਸ਼ਨ 'ਤੇ ਕੁਝ ਮੁਸਾਫ਼ਰਾਂ ਨੇ ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਕੀਤੀ, ਪਰ ਉਨ੍ਹਾਂ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ। ਮੁਸਾਫ਼ਰ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਰਹੇ। ਜਾਣਕਾਰੀ ਮੁਤਾਬਕ ਨਵੀਂ ਦਿੱਲੀ ਤੋਂ ਰੇਲ ਗੱਡੀ ਦੇ ਚੱਲਣ ਮਗਰੋਂ ਮੁਸਾਫ਼ਰਾਂ ਨੂੰ ਖਾਣਾ ਦਿੱਤਾ ਗਿਆ। ਖਾਣੇ ਤੋਂ ਬਾਅਦ ਮੁਸਾਫ਼ਰਾਂ ਨੂੰ ਬੇਚੈਨੀ ਹੋਣ ਲੱਗੀ। ਮੁਸਾਫ਼ਰਾਂ ਨੇ ਢਿੱਡ ਦਰਦ, ਉਲਟੀ ਅਤੇ ਲੂਜ ਮੋਸ਼ਨ ਦੀ ਸ਼ਿਕਾਇਤ ਕੀਤੀ ਪਰ ਕੈਟਰਿੰਗ ਸਟਾਫ਼ ਨੇ ਧਿਆਨ ਨਾ ਦਿੱਤਾ। ਸਵੇਰੇ ਲਗਭਗ 8 ਵਜੇ ਗੋਮੋ ਰੇਲਵੇ ਸਟੇਸ਼ਨ 'ਤੇ ਗੱਡੀ ਪੁੱਜੀ ਤਾਂ ਮੁਸਾਫ਼ਰਾਂ ਨੇ ਜਮ ਕੇ ਹੰਗਾਮਾ ਕੀਤਾ। ਰੇਲਵੇ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਸਮਝਾਉਣ ਮਗਰੋਂ ਯਾਤਰੀ ਸ਼ਾਂਤ ਹੋਏ। ਰੇਲ ਗੱਡੀ ਦੇ ਕੋਚ ਨੰਬਰ-ਬੀ 3 'ਚ ਸਫ਼ਰ ਕਰ ਰਹੇ ਜ਼ਿਆਦਾਤਰ ਯਾਤਰੀ ਭੋਜਨਾ ਤੋਂ ਬਾਅਦ ਫੂਡ ਪੁਆਇਜ਼ਨਿੰਗ ਨੇ ਸ਼ਿਕਾਰ ਹੋਏ। ਲੋਕਾਂ ਨੇ ਬੋਤਲਬੰਦ ਪਾਣੀ ਦੇ ਵੀ ਘਟੀਆ ਹੋਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਬੋਤਲਾਂ ਦੀ ਸੀਲ ਟੁੱਟੀ ਹੋਈ ਸੀ। ਮੁਸਾਫ਼ਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਪੈਂਟਰੀ ਕਾਰ ਸੰਚਾਲਕ ਵਿਰੁੱਧ ਕਾਰਵਾਈ ਲਈ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਵੇਗਾ। ਮੁਢਲੀ ਸਿਹਤ ਜਾਂਚ ਮਗਰੋਂ ਰੇਲ ਗੱਡੀ ਨੂੰ ਗੋਮੋ ਤੋਂ ਭੁਵਨੇਸ਼ਵਰ ਲਈ ਰਵਾਨਾ ਕੀਤਾ ਗਿਆ।
Comments (0)
Facebook Comments (0)