ਕੇਂਦਰ ਸਰਕਾਰ ਵੱਲੋਂ ਲੋਕਾਂ ਅੰਦਰ ਅੰਧ ਰਾਸ਼ਟਰਵਾਦ ਦਾ ਜਨੂੰਨ ਭੜਕਾਉਣ ਦੇ ਮਨਸੂਬਿਆਂ ਵਿਰੁੱਧ ਜਮਹੂਰੀ ਅਧਿਕਾਰ ਸਭਾ ਦਾ ਇਕੱਠ 3 ਮਾਰਚ ਨੂੰ ਬਠਿੰਡਾ ਵਿਖੇ
Sat 2 Mar, 2019 0ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਬਠਿੰਡਾ ਇਕਾਈ ਦੇ ਪ੍ਰੈੱਸ ਸਕੱਤਰ ਡਾ:ਅਜੀਤਪਾਲ ਸਿੰਘ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਸਭਾ ਨੇ ਇੱਕ ਹੰਗਾਮੀ ਇਕੱਠ 3 ਮਾਰਚ ਦਿਨ ਐਤਵਾਰ ਸਵੇਰੇ ਦਸ ਵਜੇ ਟੀਚਰ ਹੋਮ ਬਠਿੰਡਾ ਵਿਖੇ ਸੱਦਿਆ ਹੈ,ਜਿਸ ਵਿੱਚ ਸਭਾ ਦੀ ਸਮੁੱਚੀ ਮੈਂਬਰਸ਼ਿਪ ਹਿੱਸਾ ਲਵੇਗੀ।ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਲਾਂਭੇ ਲਿਜਾਣ ਲਈ ਲੋਕਾਂ ਅੰਦਰ ਕੌਮੀ ਜਨੂੰਨ ਭੜਕਾ ਕੇ ਨਿਹੱਕੀ ਜੰਗ ਦੀ ਤਿਆਰੀ ਤੇ ਇਸ ਖਾਤਰ ਸਰਹੱਦਾਂ ਤੇ ਪੈਦਾ ਕੀਤੇ ਜਾ ਰਹੇ ਬੇਲੋੜੇ ਤਣਾਅ ਸਬੰਧੀ ਵਿਚਾਰ ਵਟਾਂਦਰਾ ਕਰਨ, ਹਾਕਮਾਂ ਦੀ ਇਸ ਨੀਤੀ ਦਾ ਪਰਦਾਫਾਸ਼ ਕਰਨ ਲਈ "ਜੰਗ ਵਿਰੋਧੀ ਸਮੂਹ ਲੋਕਾਂ ਦੀ ਸਾਂਝੀ ਕਮੇਟੀ" ਦਾ ਗਠਨ ਕਰਕੇ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਕਰਨ,ਡਰ ਅਤੇ ਸਹਿਮ ਦੇ ਇਸ ਮਾਹੌਲ ਕਰਕੇ ਬਠਿੰਡਾ ਅੰਦਰਲੇ ਕਸ਼ਮੀਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਨੀਤੀ ਤਿਆਰ ਕਰਨ ਲਈ ਖੁੱਲ੍ਹ ਕੇ ਬਹਿਸ ਵਿਚਾਰ ਕੀਤੀ ਜਾਵੇਗੀ ਤਾਂ ਕਿ ਲੋਕਾਂ ਅੰਦਰ ਪੈਦਾ ਹੋਏ ਸਹਿਮ ਤੇ ਡਰ ਦੇ ਮਾਹੌਲ ਨੂੰ ਕੁੱਝ ਘੱਟ ਕੀਤਾ ਜਾ ਸਕੇ ਅਤੇ ਹਾਕਮਾਂ ਦੇ ਜੰਗੀ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ।ਸਭਾ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਪਿਛਲੇ ਪੰਜ ਸਾਲਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੈਦਾ ਹੋਈਆਂ ਲੋਕਾਂ ਦੀਆਂਸਮੱਸਿਆਵਾਂ ਤੋਂ ਧਿਆਨ ਪਰ੍ਹਾਂ ਹਟਾਉਣਾ ਚਾਹੁੰਦੀ ਹੈ ਅਤੇ ਆਪਣੇ ਲੋਕਾਂ ਪ੍ਰਤੀ ਜਵਾਬਦੇਹੀ ਦੇ ਸੰਵਿਧਾਨਕ ਫਰਜ਼ ਤੋਂ ਪੱਲਾ ਝਾੜ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਆਪਣੇ ਵਾਅਦਿਆਂ ਤੋਂ ਭੱਜ ਕੇ ਜੰਗੀ ਮਾਹੌਲ ਨੂੰ ਹੱਲਾਸ਼ੇਰੀ ਦੇਣ ਚ ਲੱਗੇ ਹੋਏ ਹਨ ਤਾਂ ਕਿ ਵਪਾਰੀਕਰਨ/ਨਿੱਜੀਕਰਨ ਦੀਆਂ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇ।
Comments (0)
Facebook Comments (0)