ਵਿਸ਼ਵ ਵਾਤਾਵਰਣ ਦਿਵਸ 5 ਜੂਨ ਤੇ ਵਿਸ਼ੇਸ਼ : ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਕਿਵੇ ਬਚਾਈਏ ? - ਡਾ ਅਮਰੀਕ ਸਿੰਘ
Wed 5 Jun, 2019 0ਵਿਸ਼ਵ ਵਾਤਾਵਰਣ ਦਿਵਸ 5 ਜੂਨ ਤੇ ਵਿਸ਼ੇਸ਼ : ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਕਿਵੇ ਬਚਾਈਏ ? - ਡਾ ਅਮਰੀਕ ਸਿੰਘ
ਅੱਜ ਵਿਸ਼ਵ ਪੱਧਰ ਤੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਤਾਂ ਜੋ ਕਿਸਾਨਾਂ,ਕਾਰਾਨੇਦਾਰਾਂ,ਵਿਦਿਆਰਥੀਆਂ,ਮੁਲਾਜ਼ਮਾਂ ਅਤੇ ਆਮ ਜਨਤਾ ਦੇ ਮਨਾਂ ਅੰਦਰ ਦੂਸ਼ਿਤ ਹੋ ਰਹੇ ਵਾਤਾਵਰਣ ਪ੍ਰਤੀ ਜਾਗਰੁਕਤਾ ਪੈਦਾ ਕਤਿੀ ਜਾ ਸਕੇ।ਇਸ ਵਾਰ ਵਿਸ਼ਵ ਵਾਤਾਵਰਣ ਮਨਾਉਣ ਦਾ ਵਿਸ਼ਾ ਹਵਾ ਦਾ ਪ੍ਰਦੂਸ਼ਣ ਰੱਖਿਆ ਗਿਆ ਹੈ।ਯੂ ਐਨ ਉ ਦੀ ਇੱਕ ਰਿਪੋਰਟ ਮੁਤਾਬਕ ਹਰੇਕ ਸਾਰ ਤਕਰੀਬਨ 12 ਲੱਖ ਮਨੁੱਖ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਮਰ ਜਾਂਦੇ ਹਨ।ਇਸੇ ਤਰਾਂ ਹਵਾ ਦੇ ਪ੍ਰਦੂਸ਼ਣ ਦਾ ਪਸ਼ੂਆਂ,ਦਰੱਖਤਾਂ,ਗਲੇਸ਼ੀਅਰਾਂ ਅਤੇ ਹੋਰ ਕੁਦਰਤੀ ਸੋਮਿਆਂ ਤੇ ਬਹੁਤ ਬੁਰਾ ਪ੍ਰਬਾਵ ਪੈ ਰਿਹਾ ਹੈ।ਵਾਤਵਰਣ ਤੋਂ ਭਾਵ ਸਾਡੇ ਆਲੇ ਦੁਆਲੇ ਦੀ ਹਰ ਉਹ ਵਸਤੂ ਜੋ ਜੀਵਾਂ ਜੰਤੂਆਂ ਦੇ ਵਾਧੇ ਵਿੱਚ ਸਹਾਈ ਹੂੰਦੀ ਹੈ ਜਿਵੇਂ ਹਵਾ,ਪਾਣੀ,ਮਿੱਟੀ ,ਪੌਦੇ ਜਾਨਵਰ ਅਤੇ ਸੂਖਮ ਜੀਵ ਆਦਿ।ਧਰਤੀ ਉੱਪਰ ਹਰੇਕ ਜੀਵ ਕੁਦਰਤ ਵੱਲੋਂ ਭਖਸ਼ੀਆਂ ਇਨਾਂ ਅਨਮੋਲ ਦਾਤਾਂ ਤੇ ਨਿਰਭਰ ਕਰਦਾ ਹੈ।ਆਮ ਤੌਰ ਤੇ ਹਰੇਕ ਮਨੁੱਖ ਦੇ ਦਿਮਾਗ ਇਹੀ ਸੋਚ ਰਹਿੰਦੀ ਹੈ ਕਿ ਉਸ ਦੇ ਵਾਤਾਵਰਣ ਨੂੰ ਵਿਗਾੜਣ ਜਾਂ ਸੰਵਾਰਨ ਦੇ ਨਿੱਜੀ ਯਤਨਾਂ ਦੀ ਕੋਈ ਖਾਸ ਮਹੱਤਤਾ ਨਹੀਂ।ਪਰ ਅਜਿਹੀ ਸੋਚ ਰੱਖਣੀ ਗਲਤ ਹੈ ਕਿਉਂਕਿ ਵਾਤਾਵਰਣ ਨੂੰ ਸੰਵਾਰਨ ਦੀ ਕੇਸ਼ਿਸ਼ ਵਰਦਾਨ ਅਤੇ ਵਿਗਾੜਨ ਦੀ ਕੋਸ਼ਿਸ਼ ਨੁਕਸਾਇਨਦਾਇਕ ਸਾਬਤ ਹੋ ਸਕਦੀ ਹੈ।ਸਾਨੂੰ ਉਨਾਂ ਸਾਰੇ ਕਾਰਨਾਂ ਦਾ ਪਤਾ ਲਗਾਉਣਾ ਲਵੇਗਾ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ।ਆਧੁਨਿਕ ਖੇਤੀ ਦੀਆਂ ਤਕਨੀਕਾਂ ਨੂੰ ਅਪਣਾਉਂਦਿਆਂ ਕਿਸਾਨਾਂ ਵੱਲੋਂ ਸਿਫਾਰਸ਼ ਤੋਂ ਵਧੇਰੇ ਖਾਦਾਂ ਅਤੇ ਕੀਟ ਨਾਸ਼ਕ ਰਸਾਇਣਾ ਦੀ ਵਰਤੋਂ ਕਰਨ ਨਾਲ, ਕਾਰਖਾਨਿਆਂ ਦੁਆਰਾ ਦੂਸ਼ਤ ਪਾਣੀ ਨਹਿਰਾਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਇਸ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ । ਇਸ ਦੇ ਨਾਲ ਹੀ ਅਨਾਜ,ਫਲ,ਦੁੱਧ ਅਤੇ ਸਬਜੀਆਂ ਵੀ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚ ਸਕੇ।ਦੇਸੀ ਰੂੜੀ,ਹਰੀ ਖਾਦ ਦੀ ਵਰਤੋਂ ਦੀ ਅਣਹੋਂਦ ਕਾਰਨ ਜ਼ਮੀਨ ਦੀ ਉਤਪਾਦਨ ਸ਼ਕਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ।ਕਾਰਖਾਨਿਆਂ ,ਮੋਟਰ ਗੱਡੀਆਂ ,ਹਵਾਈ ਜਹਾਜਾਂ ਦੁਆਰਾਂ ਅਤੇ ਕਿਸਾਨਾਂ ਦੁਆਰਾ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚਦੀ ਫਸਲੀ ਰਹਿੰਦ ਖੂੰਹਦ ਨੂ ਅੱਗ ਲਗਾਉਣ ਨਾਲ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਸਾਹ ਲੈਣਾ ਵੀ ਔਖਾ ਹੋ ਗਿਆ ਹੈ।ਇਸ ਸਸ਼੍ਰਿਟੀ ਵਿੱਚ ਸਭ ਕੁਝ ਇੱਕ ਨਿਯਮ ਵਿੱਚ ਚੱਲ ਰਿਹਾ ਹੈ।ਸਿਸ਼੍ਰਿਟੀ ਮੁੱਖ ਤੌਰ ਤੇ ਪੰਜ ਤੱਤਾਂ ਹਵਾ,ਪਾਣੀ,ਜ਼ਮੀਨ ਅਗਨੀ ਅਤੇ ਆਕਾਸ਼ ਤੋਂ ਹੋਈ ਹੈ।ਕੁਦਰਤ ਵੱਲੋਂ ਬਖਸ਼ੀਆਂ ਇਨਾਂ ਅਨਮੋਲ ਦਾਤਾਂ ਤੇ ਜਿੰਨਾਂ ਅਧਿਕਾਰ ਸਾਡਾ ਹੈ,ਉਨਾਂ ਹੀ ਸਾਡੇ ਤੋਂ ਪਹਿਲੀਆਂ ਪੀੌੜੀਆਂ ਦਾ ਸੀ ਅਤੇ ਉਨਾਂ ਹੀ ਆਉਣ ਵਾਲੀਆਂ ਪੀੜੀਆਂ ਦਾ ਹੋਵੇਗਾ।ਇਸ ਲਈ ਹਰੇਕ ਮਨੁੱਖ ਦਾ ਮੁਢਲਾ ਫਰਜ਼ ਬਣਦਾ ਹੈ ਕਿ ਧਰਤੀ ਉਪਰ ਹਰੇਕ ਜੀਵ ਦੀ ਸੁਰੱਖਿਆਂ ਲਈ ਇਨਾਂ ਅਨਮੋਲ ਦਾਤਾਂ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਮਨੁੱਖ ਦਾ ਕੁਦਰਤ ਨਾਲ ਸੰਘਰਸ਼ ਲਗਾਤਾਰ ਜਾਰੀ ਹੈ ਕਿ ਉਹ ਇੱਕ ਇੱਕ ਦਿਨ ਕੁਦਰਤ ਤੇ ਕਾਬੂ ਪਾ ਲਵੇਗਾ ਪਰ ਇਤਿਹਾਸ ਦੱਸਦਾ ਹੈ ਕਿ ਨੀਲ ਤੇ ਇਯੁਫਰੇਟਸ ਘਾਟੀ ਦੀ ਸਭਿਅਤਾ,ਸੀਰੀਆਂ ਅਤੇ ਗਰੀਸ ਦੀ ਸੱਭਿਅਤਾ ,ਸਿੰਧੂ ਘਾਟੀ ਦੀ ਸੱਭਿਅਤਾ ਕੁਦਰਤ ਦੇ ਨਿਯਮਾਂ ਤੇ ਨਾਂ ਚੱਲਣ ਕਾਰਨ ਹੀ ਇਸ ਸੰਸਾਰ ਤੋਂ ਲੁਪਤ ਹੋ ਗਈਆਂ ਸਨ। ਵਿਸ਼ਵ ਭਰ ਦੇ ਵਿਗਿਆਨੀਆਂ ਵੱਲੋਂ ਵਾਤਾਵਰਣ ਪ੍ਰਦੂਸ਼ਣ ਨਾਲ 2001 ਤੋਂ 2020 ਤੱਕ 180 ਲੱਖ ਲੋਕਾਂ ਦੇ ਮਰਨ ਦੀ ਆਸ਼ੰਕਾ ਪ੍ਰਗਟਾਈ ਗਈ ਹੈ।
ਵਾਤਾਵਰਣ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ ਜਿਸ ਨਾਲ ਕਿਧਰੇ ਹੜ ਅਤੇ ਕਿਧਰੇ ਸੋਕਾ ਪੈ ਰਿਹਾ ਹੈ।ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸੰਨ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀ ਗ੍ਰੇਡ ਅਤੇ ਸੰਨ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵੱਧ ਜਾਵੇਗਾ।ਏਸ਼ੀਆ ਵਿੱਚ ਜੇਕਰ ਜਲਵਾਯੂ/ਮੌਸਮੀ ਤਬਦੀਲੀਆਂ ਨੂੰ ਰੋਕਿਆ ਗਿਆ ਤਾਂ ਖੇਤੀ ਪ੍ਰਣਾਲੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ।ਜਿਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਅਸੀ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ।ਸਾਇੰਸਦਾਨ ਮੰਨਦੇ ਹਨ ਕਿ ਵਾਤਾਵਰਣ ਦੇ ਗਰਮ ਹੋਣ ਕਾਰਨ ਓਜੋਨ ਪਰਤ ਕਮਜ਼ੋਰ ਹੋ ਜਾਵੇਗੀ ਕਿਉਂਕਿ ਜਿਉਂ ਹੀ ਜ਼ਮੀਨ ਦਾ ਤਾਪਮਾਨ ਵਧਦਾ ਹੈ ਤਾਂ ਸਟਰੈਟੋਫੇਅਰ (ਓਜ਼ੋਨ ਪਰਤ ਇਸ ਤੋਂ ਉਪਰਲੇ ਹਿੱਸੇ ਵਿੱਚ ਹੁੰਦੀ ਹੈ) ਠੰਢਾ ਹੋ ਜਾਂਦਾ ਹੈ,ਜਿਸ ਨਾਲ ਕੁਦਰਤੀ ਰੂਪ ਵਿੱਚ ਓਜ਼ੋਨ ਦੀ ਮੁਰੰਮਤ ਕਰਨ ਦੀ ਰਫਤਾਰ ਘਟ ਜਾਂਦੀ ਹੈ।ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਓਜ਼ੋਨ (03) ਕਣਾਂ ਦਾ ਇਕੱਠ ਹੈ। ਇਹ ਪਰਤ ਸਮੁੰਦਰ ਤਲ ਤੋਂ ਲੱਗਭੱਗ 10 ਤੋਂ 50 ਕਿਲੋਮੀਟਰ ਸਟਰੈਟੋਫੀਅ੍ਰ ਵਿੱਚ ਵੱਧ ਤੋਂ ਵੱਧ ਗੂੜੇਪਣ ਵਿੱਚ ਸਮੁੰਦਰ ਤਲ ਤੋਂ ਲਗਭਗ 25 ਕਿਲੋ ਮੀਟਰ ਦੀਰੀ ਤੇ ਸਥਿਤ ਹੈ। ਵਰਤਮਾਨ ਸਮੇਨ ਦੌਰਾਨ ਸਾਇੰਸਦਾਨਾਂ ਨੇ ਦੱਖਣੀ ਧੁਰੇ ਤੇ ਓਜ਼ੋਨ ਪਰਤ ਨੂੰ ਮਾਪਿਆ ਹੈ। ਇਸੇ ਨੂੰ ਓਜ਼ੋਨ ਪਰਤ ਕਹਿੰਦੇ ਹਨ।ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿੱਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ।ਇਸੇ ਤਰਾਂ ਤਾਪਮਾਨ ਵਿੱਚ ਸਿਰਫ 0.5 ਡਿਗਰੀ ਸੈਂਟੀ ਗਰੇਡ ਦੇ ਵਾਧੇ ਕਾਰਨ ਪੰਜਾਬ,ਹਰਿਆਣਾ ,ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ 10 ਪ੍ਰਤੀਸ਼ਤ ਤੱਕ ਘਟ ਸਕਦੀ ਹੈ।ਮੌਸਮੀ ਤਬਦੀਲੀ ਕਾਰਨ ਫਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਮੁਨਾਫਾ ਆਧਾਰਿਤ ਤਕਨਾਲੋਜੀ ਨੇ ਮਨੁੱਖ ਨੂੰ ਆਰਥਿਕ ਪੱਖੋਂ ਤਾਂ ਜ਼ਰੂਰ ਮਜ਼ਬੂਤ ਕਰ ਦਿੱਤਾ ਪਰ ਵਾਤਾਵਰਣ ਦਾ ਸੰਤੁਲਣ ਵਿਗੜ ਗਿਆ ।ਅਮਰੀਕਨ ਸੁੰਡੀ,ਕਾਂਗਰਸੀ ਘਾਹ ਅਤੇ ਜਲ ਕੁੰਭੀ ਆਦਿ ਨੁਕਸਾਨ ਦਾਇਕ ਪੌਦੇ/ਜਾਨਵਰ ਵਿੱਚ ਆ ਗਏ ਹਨ।ਪਲੇਗ ਫੈਲਾਉਣ ਅਤੇ ਫਸਲਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ ਕਿਉਂਕਿ ਚੂਹਿਆਂ ਦਾ ਸ਼ਿਕਾਰ ਕਰਨ ਵਾਲੇ ਮਾਸਾਹਾਰੀ ਪੰਛੀ ਉੱਲੂ,ਇੱਲਾਂ,ਬਾਜ ਅਤੇ ਸ਼ਿਕਰੇ ਆਦਿ ਦੂਸ਼ਿਤ ਵਾਤਾਵਰਣ ਦਾ ਸ਼ਿਕਾਰ ਹੋ ਕੇ ਆਲੋਪ ਹੋਣ ਕਿਨਾਰੇ ਪਹੁੰਚ ਗਏ ਹਨ। ਉਨਾਂ ਦੇ ਰਹਿਣ ਬਸੇਰੇ ਬੋਹੜ,ਪਿੱਪਲ .ਪਿਲਕਣ ਅਤੇ ਹੋਰ ਵੱਡੇ ਦਰੱਖਤ ਮਨੁੱਖ ਵੱਲੋਂ ਖਤਮ ਕਰ ਦਿੱਤੇ ਗਏ ਹਨ।ਪੰਜਾਬ ਦੇ ਹਰੇਕ ਪਿੰਡ ਵਿੱਚ ਦੋ ਤਿੰਨ ਛੱਪੜ ਹੁੰਦੇ ਸਨ ,ਜਿੰਨਾਂ ਵਿੱਚ ਘਰਾਂ ਦਾ ਮਲਮੂਤਰ ਅਤੇ ਪਾਣੀ ਗੰਦੇ ਨਾਲਿਆਂ ਅਤੇ ਨਾਲੀਆਂ ਰਾਹੀਂ ਇਨਾਂ ਛੱਪੜਾਂ ਵਿੱਚ ਪੁਜਦਾ ਸੀ ।ਛੱਪੜਾਂ ਵਿੱਚ ਇਕੱਠਾ ਹੋਇਆ ਇਹ ਗੰਦਾ ਪਾਣੀ ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਜ਼ਮੀਨ ਵਿੱਚ ਚਲਿਆ ਜਾਂਦਾ ਹੈ ।ਜਿਸ ਨੂੰ ਲੋਕ ਨਲਕਿਆਂ ਰਾਹੀਂ ਜ਼ਮੀਨ ਵਿੱਚੋਂ ਕੱਢ ਕੇ ਵਰਤ ਲੈਂਦੇ।ਵਕਤ ਦੇ ਬਦਲਣ ਨਾਲ ਛੱਪੜਾਂ ਵਿੱਚ ਛੱਪੜ ਜਾਂ ਤਾਂ ਪੂਰ ਦਿੱਤੇ ਗਏ ਹਨ ਜਾਂ ਫਿਰ ਨਾਜਾਇਜ਼ ਕਬਜੇ ਕਰਕੇ ਰਿਹਾਇਸੀ ਮਕਾਨ ਉਸਾਰ ਲਏ ਗਏ ਹਨ।ਇਸ ਤਰਾਂ ਵਾਤਾਵਰਣ ਵਿਾਚ ਵਿਗਾੜ ਆਇਆ ਹੀ,ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਪਾਣੀ ਧਰਤੀ ਹੇਠ ਨਹੀਂ ਜਾ ਰਿਹਾ,ਸਗੋਂ ਭਾਫ ਬਣਕੇ ਉੱਡ ਰਿਹਾ ਹੈ। ਵਾਤਾਰਣ ਪ੍ਰਦੂਸ਼ਿਤ ਹੋਣ ਕਾਰਨ ਵਧ ਰਹੀ ਆਲਮੀ ਤਪਸ਼ ਨਾਲ ਗਲੇਸ਼ੀਅਰਾਂ ਦੇ ਸੁੰਗੜਣ ਦੀ ਕਿਰਿਆ ਨੂੰ ਨੱਥ ਨਾਂ ਪਾਈ ਗਈ ਤਾਂ ਪਹਿਲਾਂ ਤਾਂ ਦਰਿਆਵਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਕਾਰਨ ਇਹ ਹੜਾਂ ਨੂੰ ਜਨਮ ਦੇਣਗੇ ਅਤੇ ਫਿਰ ਪਾਣੀ ਦੀ ਮਾਤਰਾ ਘੱਟ ਜਾਣ ਕਾਰਨ ਸੁੱਕ ਜਾਣਗੇ ਜੇ ਅਸੀਂ ਏਦਾਂ ਹੀ ਕੁਦਰਤ ਤੋਂ ਦੂਰ ਹੁੰਦੇ ਗਏ ਤਾਂ ਕੁਦਰਤੀ ਆਫਤਾਂ ਤੋਂ ਬਚਣਾ ਆਸੰਭਵ ਹੈ।ਇਸੇ ਕਰਕੇ ਸਾਨੂੰ ਗੈਰ ਕੁਦਰਤੀ ਚੀਜ਼ਾਂ ਛੱਡ ਕੇ ਕੁਦਰਤ ਨਾਲ ਪਿਆਰ ਪਾੳਣਾ ਪਵੇਗਾ।ਜੰਗਲਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਅਤੇ ਵਧ ਰਹੀ ਆਬਾਦੀ ਤੇ ਕਾਬੂ ਪਾਉਣਾ ਚਾਹੀਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨਾਂ ਨੇ ਕਰੜੀ ਮਿਹਨਤ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਪੀ.ਏ.ਯੂ ਦੁਆਰਾ ਵਿਕਸਤ ਤਕਨੀਕਾਂ ਨੂੰ ਅਪਣਾ ਕੇ ਹਰਾ ਇਨਕਲਾਬ ਲਿਆ ਕੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮ ਨਿਰਭਰ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਨੂੰ ਅਨਾਜ ਨਿਰਯਾਤ ਕਰਨ ਦੇ ਕਾਬਲ ਬਣਾਇਆ ਹੈ ਪਰ ਇਸ ਦਾ ਮੁੱਲ ਬਹੁਤ ਭਾਰੀ ਦੇਣਾ ਪਿਆ ।ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।ਦਰਿਆਵਾਂ ਦਾ ਪਾਣੀ ਪ੍ਰਦੂਸ਼ਤ ਹੋਣ ਕਾਰਨ ਜ਼ਮੀਨ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ।ਮਿੱਟੀ ਵਿੱਚ ਮਿੱਤਰ ਸੂਖਮ ਜੀਵ ਖਤਮ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ ।ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ ਔਸਤਨ 0.02 ਪ੍ਰਤੀਸ਼ਤ ਤੋਂ 0.25 ਪ੍ਰਤਸ਼ਿਤ ਜੈਵਿਕ ਮਾਦਾ ਰਹਿ ਗਿਆ ਹੈ ਜਦ ਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ ਘੱਟ 0.45 ਪ੍ਰਤੀਸ਼ਤ ਹੋਣੀ ਜ਼ਰੁਰੀ ਹੈ ।
ਪੰਜਾਬ ਵਿੱਚ ਝੋਨੇ ਦੀ ਕਾਸਤ ਤਕਰੀਨ 29 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 24 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ।ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਹੋਣ ਕਾਰਨ ਇਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟਰੌਜਨ,0.48 ਲੱਖ ਟਨ ਫਾਸਪੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ,ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ਵਿੱਚ ਖੰਘ,ਜ਼ੁਕਾਮ,ਤਪਦਿਕ,ਦਮਾ,ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਅਤੇ ਝੋਨੇ ਦੀ ਪਰਾਲੀ ਸਾੜਣ ਨਾਲ ਅੱਖਾ ਦੀ ਜਲਣ ਅਤੇ ਸਾਹ ਦੇ ਮਰੀਜਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।ਇਨਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ।ਇੱਕ ਸਰਵੇਖਣ ਅਨੁਸਾਰ ਪਿੰਡਾਂ ਵਿੱਚ 80 ਫੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਤ ਪਾਏ ਗਏ ਹਨ।
ਝੋਨੇ ਦੀ ਕਾਸ਼ਤ ਲਈ ਸਿੱਧੀ ਬਿਜਾਈ ,ਸਿਸਟਮ ਆਫ ਰਾਈਸ ਇੰਨਟੈਨਸੀਫੀਕੇਸ਼ਨ ਜਾਂ ਵੱਟਾਂ ਉੱਪਰ ਝੋਨੇ ਦੀ ਲਵਾਈ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਿੰਚਾਈ ਲਈ ਘੱਟ ਪਾਣੀ ਦੀ ਵਰਤੋਂ ਕਰਕੇ ਵਧੇਰੇ ਪੈਦਾਵਾਰ ਲਈ ਜਾ ਸਕੇ ਅਤੇ ਝੋਨੇ ਦੇ ਖੇਤਾਂ ਵਿੱਚ ਲਗਾਤਾਰ ਖੜੇ ਪਾਣੀ ਕਾਰਨ ਮੀਥੇਨ ਗੈਸਾਂ ਦੇ ਵਿਸਰਜਣ ਨੂੰ ਵੀ ਘਟਾਇਆ ਜਾ ਸਕੇ।ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਨ ਦੀ ਬਿਜਾਏ ਜ਼ਮੀਨ ਵਿੱਚ ਵਾਹ ਕੇ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕੇਗਾ ਉਥੇ ਰਹਿੰਦ ਖੂੰਹਦ ਦੇ ਸੜਣ ਸਮੇਂ ਪੈਦਾ ਹੁੰਦੀ ਖਤਰਨਾਕ ਗੈਸਾਂ ਹਵਾ ਵਿੱਚ ਘੁਲਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।ਖੇਤੀ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਲੋੜ ਪੈਣ ਤੇ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ।ਸ਼ਹਿਰਾਂ ਦੇ ਆਲੇ ਦੁਆਲੇ ਵੱਧ ਤੋ ਵੱਧ ਦਰੱਖਤ ਲਗਾਏ ਜਾਣ ਕਿਉਕਿ ਦਰੱਖਤ ਪ੍ਰਕਾਸ ਵਿਸ਼ਲੇਸ਼ਣ ਦੀ ਕਿਰਿਆ ਵਿੱਚ ਕਾਰਡਾਈਆਕਸਾਈਡ ਨੂੰ ਖਾ ਕੇ ਜੀਵਣ ਰੱਖਿਅਕ ਆਕਸੀਜਨ ਛੱਡਦੇ ਹਨ।ਮਾਈਨਿੰਗ ਵਾਲੇ ਖੇਤਰਾਂ ਵਿੱਚ ਵੱਧ ਤੋਂ ਵੱਧ ਦਰੱਕਤ ਲਗਾਏ ਜਾਣ।ਕਾਰਖਾਨਿਆਂ ਦੇ ਧੂੰਏ ਅਤੇ ਦੂਸ਼ਿਤ ਵਾਧੂ ਪਾਣੀ ਨੁੰ ਸੋਧ ਕੇ ਖਾਰਜ ਕੀਤਾ ਜਾਵੇ।ਸਭ ਤੋ ਜ਼ਰੂਰੀ ਗੱਲ ਇਹ ਹੈ ਕਿ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਵਾਤਾਵਰਣ ਦੂਸ਼ਿਤਾ ਅਤੇ ਇਸ ਤੋ ਉਤਪਨ ਖਤਰਿਆਂ ਤੋ ਜਾਣੂ ਕਰਵਾਉਣ ਲਈ ਨਿਰੰਤਰ ਮੁਹਿੰਮ ਚਲਾਈ ਜਾਵੇ।ਸਵੈ-ਸੇਵੀ ਸੰਸਥਾਵਾਂ ,ਰੇਡੀਉ,ਟੀ.ਵੀ.,ਇਟਰੈਟ.ਸੋਸ਼ਲ ਸਾਈੇਟਸ,ਪ੍ਰਿੰਟ ਅਤੇ ਬਿਜਲਈ ਸਾਧਨਾਂ,ਰਸਾਲਿਆਂ ਰਾਹੀ ਵਾਤਾਵਰਣ ਦੀ ਸਵੱਸਥਾ ਦੀ ਮਹੱਤਤਾ ਅਤੇ ਪ੍ਰਦੂਸ਼ਣ ਨਾਲ ਹੋਣ ਵਾਲੇ ਖਤਰਿਆਂ ਬਾਰੇ ਲੋਕ ਚੇਤਾ ਪੈਦਾ ਕਰਨੀ ਚਾਹੀਦੀ ਹੈ । ਇਸ ਕੰਮ ਨੁੰ ਇੱਕ ਪਵਿੱਤਰ ਕੰਮ ਸਮਝ ਕੇ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।
ਡਾ ਅਮਰੀਕ ਸਿੰਘ ,
ਬਲਾਕ ਖੇਤੀਬਾੜੀ ਅਫਸਰ
ਪਠਾਨਕੋਟ
9463071919
Comments (0)
Facebook Comments (0)