ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੀਆਂ ਪੰਜ ਮਸਜਿਦਾਂ 'ਤੇ ਰਾਤ ਦੇ ਸਮੇਂ ਹਮਲਾ

ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੀਆਂ ਪੰਜ ਮਸਜਿਦਾਂ 'ਤੇ ਰਾਤ ਦੇ ਸਮੇਂ ਹਮਲਾ

ਇੰਗਲੈਂਡ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਗੋਲੀਬਾਰੀ ਤੋਂ ਬਾਅਦ ਹੁਣ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੀਆਂ ਪੰਜ ਮਸਜਿਦਾਂ 'ਤੇ ਰਾਤ ਦੇ ਸਮੇਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਸਲਾਮਕ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਚੌਕਸੀ ਵਧਾ ਦਿਤੀ ਗਈ ਹੈ। ਦਰਅਸਲ ਮਿਡਲੈਂਡਸ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਇਕ ਵਿਅਕਤੀ ਬਰਚਫੀਲਡ ਰੋਡ 'ਤੇ ਜਾਮਾ ਮਸਜਿਦ ਦੀਆਂ ਖਿੜਕੀਆਂ ਤੋੜ ਰਿਹਾ ਹੈ। ਇਸ ਤੋਂ ਕੁੱਝ ਸਮਾਂ ਬਾਅਦ ਸ਼ਹਿਰ ਦੇ ਏਡ੍ਰਿਗਟਨ ਇਲਾਕੇ ਵਿਚ ਇਕ ਮਸਜਿਦ 'ਤੇ ਵੀ ਅਜਿਹਾ ਹੀ ਹਮਲਾ ਹੋਣ ਦੀ ਖ਼ਬਰ ਮਿਲੀ ਸੀ।  ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਦਾ ਆਪਸ ਵਿਚ ਸਬੰਧ ਹੈ। ਸੀਸੀਟੀਵੀ ਵਿਚ ਹਮਲਾਵਰ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਵੇਸਟ ਮਿਡਲੈਂਡਸ ਪੁਲਿਸ ਦੇ ਹੈੱਡ ਕਾਂਸਟਬੇਲ ਡੇਵ ਥਾਂਪਸਨ ਨੇ ਕਿਹਾ ਕਿ ਘਟਨਾ ਦੇ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਪੁਲਿਸ ਅਤੇ ਅਤਿਵਾਦੀ ਰੋਧੀ ਇਕਾਈ ਇਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਸਮਾਜ ਵਿਚ ਇਸ ਤਰ੍ਹਾਂ ਦੇ ਹਮਲਿਆਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਫਿਰ ਤੋਂ ਭਰੋਸਾ ਦਿਵਾਉਣਾਂ ਚਾਹੁੰਦੇ ਹਨ ਕਿ ਵੈਸਟ ਮਿਡਲੈਂਡਸ ਪੁਲਿਸ ਜਲਦ ਹੀ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਵੀ ਟਵੀਟ ਕਰਕੇ ਬਰਮਿੰਘਮ ਦੀਆਂ ਮਸਜਿਦਾਂ ਵਿਚ ਹੋਈਆਂ ਤੋੜਫੋੜ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਫਿਲਹਾਲ ਬਰਮਿੰਘਮ ਦੀ ਪੁਲਿਸ ਇਨ੍ਹਾਂ ਦੀ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਜੁਟ ਗਈ ਹੈ। ਦਸ ਦਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਮਸਜਿਦਾਂ 'ਤੇ ਹੋਏ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ।