ਕਣਕ ਦੀ ਸੁਚਾਰੂ ਖਰੀਦ ਲਈ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕੀਤੇ ਗਏ ਹਨ ਲੋੜੀਂਦੇ ਪ੍ਰਬੰਧ-ਡਿਪਟੀ ਕਮਿਸ਼ਨਰ

ਕਣਕ ਦੀ ਸੁਚਾਰੂ ਖਰੀਦ ਲਈ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕੀਤੇ ਗਏ ਹਨ ਲੋੜੀਂਦੇ ਪ੍ਰਬੰਧ-ਡਿਪਟੀ ਕਮਿਸ਼ਨਰ

ਤਰਨਤਾਰਨ :

ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਖਰੀਦ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਨੰੁ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ ਤੋਂ ਇਲਾਵਾ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਨੁਮਾਇੰਦੇ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਅਧੀਨ 56 ਮੰਡੀਆਂ ਪੈਂਦੀਆਂ ਹਨ, ਜਿੱਥੇ ਹਾੜੀ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਣਕ ਦੀ ਖਰੀਦ-ਵੇਚ ਲਈ ਲੋੜੀਂਦੇ ਪ੍ਰਬੰਧ ਜਿਵੇਂ ਕਿ ਮੰਡੀਆਂ ਦੀ ਸਫਾਈ, ਬਿਜਲੀ, ਪਾਣੀ ਅਤੇ ਛਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।ਉਹਨਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ।ਉਹਨਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਰ ਇੱਕ ਆੜ੍ਹਤੀਏ ਕੋਲ 20 ਤਰਪਾਲਾਂ ਦਾ ਪ੍ਰਬੰਧ ਹੋਵੇ। ਮੀਟਿੰਗ ਦੌਰਾਨ ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਦਿੱਕਤ ਨਾ ਆਵੇ।ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰ 9 ਵਜੇ ਤੱਕ ਕੰਬਾਇਨ ਰਾਹੀਂ ਕਣਕ ਦੀ ਕਟਾਈ ਕਰਨ ‘ਤੇ ਰੋਕ ਵੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਦੀ ਫਸਲ ਵੇਚਣ ਲਈ ਬਾਰਦਾਨੇ ਅਤੇ ਲਿਫਟਿੰਗ ਸਬੰਧੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਆੜ੍ਹਤੀਆਂ ਅਤੇ ਤੋਲਿਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਲਾਈਸੈਂਸ ਰੀਨਿਊ ਕਰਵਾ ਲੈਣ।ਉਹਨਾਂ ਕਿਹਾ ਕਿ ਸੀਜ਼ਨ ਦੌਰਾਨ ਜੇਕਰ ਕੋਈ ਆੜ੍ਹਤੀ ਜਾਂ ਤੋਲਾ ਬਿਨਾਂ ਲਾਇਸੰਸ ਕੰਮ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।  ਉਹਨਾਂ ਕਿਹਾ ਕਿ ਆੜ੍ਹਤੀਏ ਕਣਕ ਦੀ ਸਫਾਈ ਲਈ ਪਾਵਰ ਕਲੀਨਰ, ਕੰਡੇ ਵੱਟੇ, ਜ਼ਰੂਰਤ ਅਨੁਸਾਰ ਘੱਟੋ-ਘੱਟ 20 ਤਰਪਾਲਾਂ ਅਤੇ ਡਸਟਬਿੰਨ ਰੱਖਣ ਨੂੰ ਯਕੀਨੀ ਬਣਾਉਣ ਅਤੇ ਕੰਡੇ ਵੱਟੇ ਨਾਪ ਤੋਲ ਵਿਭਾਗ ਪਾਸੋਂ ਚੈਕ ਕਰਵਾ ਲਏ ਜਾਣ।ਉਹਨਾਂ ਕਿਹਾ ਕਿ ਕਿਸਾਨ ਵੀਰ ਆਪਣੀ ਫਸਲ ਦੀ ਵਿਕਰੀ ਸਬੰਧੀ ਆੜ੍ਹਤੀਏ ਪਾਸੋਂ ਜੇ ਫਾਰਮ ਜ਼ਰੂਰ ਲੈਣ।   ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਕਟਾਈ ਉਪਰੰਤ ਖੇਤਾਂ ਵਿੱਚ ਬਚਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਹਵਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ ਦੀਆਂ ਬੀਮਾਰੀਆਂ ਫੈਲਦੀਆਂ ਹਨ। ਇਸ ਤੋਂ ਇਲਾਵਾ ਆਵਾਜਾਈ ਵਿੱਚ ਵਿਘਨ ਪੈਣ ਕਰਕੇ  ਜਾਨ-ਮਾਲ ਨੂੰ ਵੀ ਖਤਰਾ ਹੋ ਸਕਦਾ ਹੈ।