ਪੰਜਾਬ ‘ਚ ਗਰਮੀ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

ਪੰਜਾਬ ‘ਚ ਗਰਮੀ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

ਲੁਧਿਆਣਾ :

ਪੂਰੇ ਭਾਰਤ ਵਿੱਚਭਿਆਨਕ ਗਰਮੀ ਦਾ ਕਹਿਰ ਜਾਰੀ ਹੈ । ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਹਨ । ਗਰਮੀ ਦੇ ਮਾਮਲੇ ਵਿੱਚ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਨੇ  ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ।

ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45.2 ਦਰਜ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਸਾਲ 2014 ਨੂੰ ਇਸ ਦਿਨ ਦਾ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ । ਸ਼ਹਿਰ ਦੇ ਲੋਕ  ਸਵੇਰੇ ਤੋਂ ਲੈ ਕੇ ਸ਼ਾਮ ਢਲਣ ਤੱਕ ਲੂ ਦੀ ਮਾਰ ਤੋਂ ਬੇਹਾਲ ਰਹੇ । 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ ਕਾਰਨ ਕੁਦਰਤੀ ਤੌਰ ‘ਤੇ ਇਕ ਤਰ੍ਹਾਂ ਦਾ ਸਿਸਟਮ ਵਿਕਸਿਤ ਹੋ ਰਿਹਾ ਹੈ, ਜਿਸ ਨਾਲ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ਵਿੱਚ ਧੂੜ ਭਰੀ ਹਨ੍ਹੇਰੀ ਚੱਲ ਸਕਦੀ ਹੈ ।

ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ । ਦਿੱਲੀ ਵਿੱਚ ਮੰਗਲਵਾਰ ਯਾਨੀ ਕਿ ਅੱਜ ਹਲਕਾ-ਹਲਕਾ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ । ਜਿਸ ਨਾਲ ਦਿੱਲੀ ਵਾਸੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ । ਦਿੱਲੀ ਵਿੱਚ ਸੋਮਵਾਰ ਨੂੰ ਗਰਮੀ ਨਾਲ ਪਾਰਾ ਪਹਿਲੀ ਵਾਰ 48 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਸੀ, ਜੋ ਕਿ ਆਮ ਤੋਂ 8 ਡਿਗਰੀ ਜ਼ਿਆਦਾ ਹੈ ।