ਪਾਵਰਕਾਮ ਕਿਸਾਨਾਂ ਨੂੰ ਦੇਵੇਗਾ 8 ਘੰਟੇ ਬਿਜਲੀ

ਪਾਵਰਕਾਮ ਕਿਸਾਨਾਂ ਨੂੰ ਦੇਵੇਗਾ 8 ਘੰਟੇ ਬਿਜਲੀ

ਪਟਿਆਲਾ   - ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਦੇ ਪ੍ਰਬੰਧਕੀ ਡਾਇਰੈਕਟਰ ਆਰ. ਪੀ. ਪਾਂਡਵ ਨੇ ਕਿਸਾਨਾਂ ਨੂੰ ਪੈਡੀ ਸੀਜ਼ਨ ਮੌਕੇ ਪੂਰੇ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਸਾਡੇ ਕੋਲ ਬਿਜਲੀ ਦੇ ਪੂਰੇ ਪ੍ਰਬੰਧ ਹਨ। ਇਥੇ ਗੱਲਬਾਤ ਦੌਰਾਨ ਸ਼੍ਰੀ ਪਾਂਡਵ ਨੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਦੇ ਦੁਖੜੇ ਸੁਣ ਕੇ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਪਾਵਰਕਾਮ ਕੋਲ ਆਪਣੇ ਵਸੀਲਿਆਂ ਰਾਹੀਂ 2700 ਲੱਖ ਯੂਨਿਟ ਤੋਂ ਵੱਧ ਬਿਜਲੀ ਦੇ ਪ੍ਰਬੰਧ ਹਨ ਅਤੇ ਪੈਡੀ ਸੀਜ਼ਨ ਮੌਕੇ ਵੀ ਵੱਧ ਤੋਂ ਵੱਧ ਬਿਜਲੀ ਦੀ ਡਿਮਾਂਡ ਪੰਜਾਬ ਵਿਚ 2500 ਲੱਖ ਯੂਨਿਟ ਤੇ ਪਹੁੰਚਦੀ ਹੈ। ਪਾਵਰਕਾਮ ਨੇ ਲੋੜ ਤੋਂ ਵੱਧ ਇੰਤਜ਼ਾਮ ਕੀਤੇ ਹਨ। ਇਸ ਲਈ ਘਰੇਲੂ ਖਪਤਕਾਰਾਂ ਅਤੇ ਇੰਡਸਟਰੀ 'ਤੇ ਕੋਈ ਬਿਜਲੀ ਕੱਟ ਨਹੀਂ ਲਾਇਆ ਜਾਵੇਗਾ। 
ਸ਼੍ਰੀ ਪਾਂਡਵ ਨੇ ਆਖਿਆ ਕਿ ਪਾਵਰਕਾਮ ਕੋਲ ਆਪਣੇ ਥਰਮਲ ਪਲਾਂਟਾਂ ਤੋਂ 12500 ਮੈਗਾਵਾਟ ਦੇ ਲਗਭਗ ਬਿਜਲੀ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਆਪਣੇ ਹਾਈਡਰਾਂ ਤੋਂ 1004 ਮੈਗਾਵਾਟ ਬਿਜਲੀ ਦਾ ਪ੍ਰਬੰਧ ਹੈ। ਆਈ. ਪੀ. ਪੀ. ਤੋਂ 1400 ਮੈਗਾਵਾਟ ਬਿਜਲੀ ਮਿਲ ਰਹੀ ਹੈ। ਪੇਡਾ ਅਤੇ ਐੈੱਨ. ਆਰ. ਸੀ. ਸੀ. ਤੋਂ 800 ਮੈਗਾਵਾਟ ਬਿਜਲੀ ਮਿਲੇਗੀ। ਸੈਂਟਰ ਪੂਲ ਤੋਂ ਸਾਨੂੰ 4000 ਮੈਗਾਵਾਟ ਬਿਜਲੀ ਆ ਰਹੀ ਹੈ। ਇਸ ਦੇ ਨਾਲ ਹੀ ਬੀ. ਬੀ. ਐੈੱਮ. ਬੀ. ਤੋਂ 1161 ਮੈਗਾਵਾਟ ਬਿਜਲੀ ਆ ਰਹੀ ਹੈ। 
ਡਾਇਰੈਕਟਰ ਪ੍ਰਬੰਧਕੀ ਆਰ. ਕੇ. ਪਾਂਡਵ ਨੇ ਆਖਿਆ ਕਿ ਬਿਜਲੀ ਨਿਗਮ ਦੇ ਸੀ. ਐੈੱਮ. ਡੀ. ਸ਼੍ਰੀ ਵੇਨੂੰ ਪ੍ਰਸਾਦ ਆਪ ਆਪਣੀ ਪੂਰੀ ਟੀਮ ਨਾਲ ਸਮੁੱਚੇ ਸਿਸਟਮ ਨੂੰ ਦੇਖ ਰਹੇ ਹਨ। ਇਸ ਸਬੰਧੀ ਬਾਕਾਇਦਾ ਤੌਰ 'ਤੇ ਅੱਜ ਬੋਰਡ ਆਫ ਡਾਇਰੈਕਟਰਜ਼ ਦੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਨਿਸ਼ਾਨਾ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਬਿਜਲੀ ਦੇਣਾ ਹੈ ਅਤੇ ਕਿਸਾਨਾਂ ਨੂੰ ਪੈਡੀ ਸੀਜ਼ਨ ਮੌਕੇ ਬਿਜਲੀ ਦੀ ਕੋਈ ਕਮੀ ਨਹੀਂ ਆਵੇਗੀ।  ਇਸ ਮੌਕੇ ਡਾਇਰੈਕਟਰ ਆਰ. ਪੀ. ਪਾਂਡਵ ਨੇ ਸਮੁੱਚੇ ਚੀਫ਼ ਇੰਜੀਨੀਅਰਾਂ ਅਤੇ ਜ਼ਿਲਿਆਂ ਦੇ ਸੁਪਰਡੈਂਟ ਇੰਜੀਨੀਅਰਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਜ਼ਿਲਿਆਂ ਵਿਚ 24 ਘੰਟੇ ਨਿਗਰਾਨੀ ਕਰਨ ਤੇ ਰਹਿੰਦੇ ਕੰਮ ਪੂਰੇ ਕਰਵਾਉਣ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ।