ਯੂਪੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ, 9 ਮੌਤਾਂ ਕਈ ਜ਼ਖਮੀ

ਯੂਪੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ, 9 ਮੌਤਾਂ ਕਈ ਜ਼ਖਮੀ

ਉਤਰ ਪ੍ਰਦੇਸ਼ :

ਯੂਪੀ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਕਾਰਨ 9 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਭਦਰ ਦੇ ਡੀਐਮ ਅੰਕਿਤ ਕੁਮਾਰ ਅਗਰਵਾਲ ਮੁਤਾਬਕ ਜ਼ਮੀਨੀ ਵਿਵਾਦ ਦੇ ਚਲਦਿਆਂ ਦੋ ਧਿਰਾਂ ਵਿਚ ਫਾਇਰਿੰਗ ਹੋਈ ਹੈ, ਜਿਸ ਵਿਚ ਇਕ ਧਿਰ ਦੇ 9 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 25 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਜ਼ਖਮੀਆਂ ਵਿਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜਿਹੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਪਹਿਲਾਂ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਥੇ ਦੋ ਲੋਕਾਂ ਹੀ ਹੱਤਿਆ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੁਲਿਸ ‘ਤੇ ਲਾਪਰਵਾਹੀ ਦੇ ਵੀ ਇਲਜ਼ਾਮ ਲੱਗ ਰਹੇ ਹਨ। ਯੂਪੀ ਪੁਲਿਸ ਮੁਤਾਬਕ 2 ਸਾਲ ਪਹਿਲਾਂ ਇਕ ਵਿਅਕਤੀ ਨੇ 90 ਬੀਘੇ ਜ਼ਮੀਨ ਖਰੀਦੀ ਸੀ। ਹੁਣ ਉਹ ਅਪਣੇ ਕੁਝ ਸਾਥੀਆਂ ਨਾਲ ਉਸ ਜ਼ਮੀਨ ‘ਤੇ ਕਬਜ਼ਾ ਕਰਨ ਪਹੁੰਚਿਆ ਸੀ। ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਫਾਇਰਿੰਗ ਹੋਈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਐਸਪੀ ਸੋਨਭਦਰ ਦੀ ਅਗਵਾਈ ਵਿਚ ਸਥਾਨਕ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੀਐਮ ਯੋਗੀ ਨੇ ਸੋਨਭਦਰ ਵਿਚ ਹੋਈ ਘਟਨਾ ‘ਤੇ ਮ੍ਰਿਤਕਾਂ ਦੇ ਪਰਿਵਾਰ ਪ੍ਰਤੀ ਦੁੱਖ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜ਼ਖਮੀਆਂ ਲਈ ਤੁਰੰਤ ਡਾਕਟਰੀ ਸਹੂਲਤਾਂ ਮਹੱਈਆ ਕਰਵਾਉਣ ਲਈ ਡੀਐਨ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਨੇ ਡੀਜੀਪੀ ਨੂੰ ਵਿਅਕਤੀਗਤ ਰੂਪ ਵਿਚ ਮਾਮਲਿਆਂ ਦੀ ਨਿਗਰਾਨੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ੀਆਂ ਨੂੰ ਫ਼ੜਨ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।