*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – I*----ਇਕਵਾਕ ਸਿੰਘ ਪੱਟੀ (ਚੱਲਦਾ…)

*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – I*----ਇਕਵਾਕ ਸਿੰਘ ਪੱਟੀ  (ਚੱਲਦਾ…)

*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – I*----ਇਕਵਾਕ ਸਿੰਘ ਪੱਟੀ  (ਚੱਲਦਾ…)

ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਪ੍ਰਮਾਤਮਾ ਦੇ ਲੜ ਲਾਉਣ ਲਈ ਸਾਨੂੰ ੴ 'ਇੱਕ ਓਅੰਕਾਰ' ਦਾ ਸਿਧਾਂਤ ਬਖਸ਼ਿਸ਼ ਕੀਤਾ ਹੈ, ਪਰ ਬਾਵਜੂਦ ਇਸਦੇ ਬਾਬੇ ਨਾਨਕ ਨੂੰ ਮੰਨਣ ਵਾਲੇ ਅਤੇ ਉਸਦੇ ਸਿੱਖ ਅਖਵਾਉਣ ਵਾਲੇ ਅੱਜ ਆਪ ਹੀ ਅਨੇਕਤਾ ਦੀ ਪੂਜਾ ਵਿੱਚ ਬੁਰੀ ਤਰ੍ਹਾਂ ਗ੍ਰਸੇ ਪਏ ਹਨ। ਸਾਡੇ ਧਾਰਮਿਕ ਆਗੂਆਂ ਵੱਲੋਂ ਬਾਬੇ ਨਾਨਕ ਦੇ ਨਾਂ ਤੇ ਕੀਤੇ ਜਾ ਰਹੇ ਪ੍ਰਚਾਰ ਤੋਂ ਵੀ ਵਾਪਾਰ ਨੂੰ ਪਹਿਲਾਂ ਦੇਖਿਆ ਜਾਂਦਾ ਹੈ। ਜਿਵੇਂ ਕੱਲ੍ਹ ਜਾਂਦੇ ਹੋਏ ਕਿਹਾ ਸੀ ਅੱਜ ਗੁਰੂ ਬਾਬੇ ਦੀ ਧਰਮਸ਼ਾਲਾ 'ਗੁਰਦੁਆਰਾ ਸਾਹਿਬ' ਬਾਰੇ ਗੱਲ ਕਰਾਂਗਾਂ ਤਾਂ ਆਓ!  ਉਸ ਉੱਤੇ ਚਰਚਾ ਸ਼ੁਰੂ ਕਰਦੇ ਹਾਂ।

ਗੁਰੂ ਬਾਬੇ ਨੇ ਆਪਣੀਆਂ ਉਦਾਸੀਆਂ (ਸਮਾਜ ਸੁਧਾਰ ਦੌਰਿਆਂ) ਦੌਰਾਨ ਜਿੱਥੇ ਕਿਤੇ ਕੋਈ ਪਿੰਡ, ਨਗਰ ਜਾਂ ਥਾਂ ਹੁੰਦੀ ਜਿੱਥੇ ਕੁੱਝ ਬੰਦੇ ਨਿੱਠ ਕੇ ਬੈਠ ਸਕਦੇ ਹੋਣ ਤਾਂ ਬਾਬਾ ਜੀ ਭਾਈ ਮਰਦਾਨਾ ਜੀ ਨੂੰ ਰਬਾਬ ਛੇੜਨ ਦਾ ਹੁਕਮ ਕਰ ਦਿੰਦੇ ਅਤੇ ਇਲਾਹੀ ਬਾਣੀ ਦਾ ਪ੍ਰਵਾਹ ਅਰੰਭ ਦਿੰਦੇ। ਕੀਰਤਨ ਹੁੰਦਾ, ਕੀਰਤਨ ਦੀਆਂ ਧੁਨਾ ਅਤੇ ਬੋਲ ਲੋਕਾਈ ਨੂੰ ਆਕਰਸ਼ਿਤ ਕਰਦੇ ਅਤੇ ਲੋਕ ਇਕੱਠੇ ਹੁੰਦੇ, ਗੁਰੂ ਸਾਹਿਬ ਸੱਭ ਨੂੰ ਇਕ ਬਰਾਬਰ ਉਪਦੇਸ਼ ਦਿੰਦੇ, ਧਰਮ ਪ੍ਰਤੀ ਪੁਜਾਰੀ ਸ਼੍ਰੇਣੀ ਵੱਲੋਂ ਪੈਦਾ ਕੀਤਾ ਗਿਆ ਡਰ, ਸਹਿਮ ਦੂਰ ਕਰਦੇ, ਪ੍ਰਮਾਤਮਾ ਨਾਲ ਪਿਆਰ-ਸਾਂਝ ਪਾਉਣ ਦਾ ਢੰਗ ਦੱਸਦੇ। ਕਰਤੇ ਦੀ ਕੀਰਤੀ ਹੀ ਸੱਭ ਤੋਂ ਉੱਤਮ ਹੈ ਦਾ ਸੰਦੇਸ਼ ਦਿੰਦੇ ਅਤੇ ਬਿਨਾ ਕਿਸੇ ਏਜੰਟ ਤੋਂ ਸਿੱਧੀ ਆਪਣੇ ਪ੍ਰਾਮਤਮਾ ਨਾਲ ਗੱਲ ਕਿਵੇਂ ਕਰਨੀ ਹੈ, ਕਿਵੇਂ ਉਸਨੂੰ ਆਪਣੇ ਅੰਦਰੋਂ ਖੋਜਣਾ ਹੈ ਅਤੇ ਸਮੁੱਚੀ ਮਨੁੱਖਤਾ ਅਤੇ ਕੁਦਰਤ ਵਿੱਚੋਂ ਉਸਦੇ ਸਾਖਸ਼ਾਤ ਦਰਸ਼ਨ ਕਰਨੇ ਹਨ ਸਮਝਾ ਦਿੰਦੇ। ਲੋਕ ਵੀ ਸਤਿਨਾਮ ਸਤਿਨਾਮੁ ਕਰਦੇ ਹੋਏ ਇੱਕ ਪ੍ਰਮਾਤਮਾ ਦੇ ਲੜ੍ਹ ਲੱਗ ਜਾਂਦੇ। ਜੇ ਕਿਸੇ ਦਾ ਕੋਈ ਪ੍ਰਸ਼ਨ ਹੁੰਦਾ ਤਾਂ ਗੁਰੂ ਸਾਹਿਬ ਤਸੱਲੀਬਸ਼ ਜੁਆਬ ਦਿੰਦੇ। ਐਸਾ ਮਾਹੌਲ ਸਿਰਜਿਆ ਗਿਆ ਜਾ ਚੁੱਕਿਆ ਸੀ ਕਿ ਘਰ ਘਰ ਅੰਦਰ ਧਰਮਸ਼ਾਲ ਬਣ ਗਈ, ਹਰ ਮਨੁੱਖੀ ਮਨ ਜੋ ਬਾਬੇ ਨਾਨਕ ਦਾ ਸ਼ਰਧਾਲੂ ਹੋ ਜਾਂਦਾ ਉਸਦੇ ਘਰੋਂ ਹੀ ਸਿੱਖੀ ਦੀ ਖੁਸ਼ਬੋ ਆਉਣ ਲੱਗ ਜਾਂਦੀ ਜਿਸਨੂੰ ਭਾਈ ਗੁਰਦਾਸ ਜੀ ਬੜੇ ਸੁਹਣੇ ਢੰਗ ਨਾਲ ਕਲਮਬੱਧ ਕਰਦੇ ਹਨ, 'ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥' ਇਵੇਂ ਹੋ ਗਿਆ ਜਿਵੇਂ ਘਰ ਘਰ ਅੰਦਰ ਧਰਮਸਾਲਾਂ ਹੋਈਆਂ ਅਤੇ ਕੀਰਤਨ ਹੋਣ ਲੱਗ ਪਿਆ।

ਇਤਿਹਾਸ ਵਿੱਚ ਅਜਿਹੀਆਂ ਧਰਮਸਾਲਾਂ ਦਾ ਹੀ ਜ਼ਿਕਰ ਹੈ ਜਿਸਨੂੰ ਗੁਰੂ ਘਰ ਅਤੇ ਗੁਰੁਦੁਆਰਾ ਸਾਹਿਬ ਕਿਹਾ ਜਾਣ ਲੱਗ ਪਿਆ, ਇਸ ਸੰਸਥਾ ਦਾ ਮਕਸਦ ਹੀ ਭੁੱਖੇ ਲਈ ਭੋਜਨ, ਲੋੜਵੰਦ ਦੀ ਲੋੜ, ਰਾਹਗੀਰ ਲਈ ਪਨਾਹ ਅਤੇ ਹੋਰ ਲੋੜਾਂ ਪੂਰੀਆਂ ਹੋ ਸਕਣ। ਮਹਾਨ ਕੋਸ਼ ਦੇ ਕਰਤਾ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਦ੍ਵਾਰਾ ਸਾਹਿਬ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਹਨ 'ਸਿੱਖਾਂ ਦਾ ਧਰਮ ਮੰਦਿਰ'। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਵਿੱਚ ਗੁਰਦੁਆਰੇ ਸਿਰਲੇਖ ਹੇਠ ਲਿਖਿਆ ਹੈ ਕਿ, 'ਗੁਰਬਾਣੀ ਦਾ ਅਸਰ ਸਾਧ ਸੰਗਤ 'ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਵਾਸਤੇ ਉਚਿੱਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।'

ਗੁਰਮਤ ਮਾਰਤੰਡ ਵਿੱਚ ਗੁਰਦ੍ਵਾਰੇ ਸ਼ਬਦ ਦੀ ਵਿਆਖਿਆ ਨੂੰ ਹੋਰ ਸਪੱਸ਼ਟ ਕਰਦੇ ਹੋਏ ਲਿਖਿਆ ਹੈ ਕਿ, 'ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਣ ਪਏ ਅਤੇ ਇਤਿਹਾਸਕ ਘਟਨਾ ਹੋਈ ਹੈ, ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰੂ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦ੍ਵਾਰਾ ਸੰਗਯਾ ਹੈ। ਗੁਰਦ੍ਵਾਰੇ ਦਾ ਨਮੂਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹਰਮਿੰਦਰ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। ਗੁਰਬਾਣੀ ਅਨੁਸਾਰ 'ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ..' ਭਾਵ ਜਿਸ ਵਿੱਚ ਕੇਵਲ ਕਰਤਾਰ ਦੀ ਉਪਾਸ਼ਨਾ ਕੀਤੀ ਜਾਂਦੀ ਹੈ।

ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਜਾਤ-ਪਾਤ, ਰੰਗ-ਨਸਲ, ਦੇਸ਼-ਵਿਦੇਸ਼ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਪਰ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਲਈ ਵੀ ਵਿਸ਼ੇਸ਼ ਮਰਿਯਾਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਸਿਰ ਢੱਕ ਕੇ ਅਤੇ ਪੈਰ ਸਾਫ ਕਰਕੇ, ਚੰਗੀ ਤਰ੍ਹਾਂ ਪੂੰਝ ਕੇ ਜਾਣਾ ਚਾਹੀਦਾ ਹੈ, ਕਿਉਂਕਿ ਸਿਰ ਢੱਕ ਕੇ ਜਾਣਾ ਅਦਬ ਦੀ ਨਿਸ਼ਾਨੀ ਮੰਨਿਆ ਗਿਆ ਹੈ। ਗੁਆਂਢੀ ਮੱਤ ਮੁਸਲਮਾਨ ਭਰਾ ਵੀ ਸਿਰ ਢੱਕ ਕੇ ਹੀ ਨਮਾਜ਼ ਅਦਾ ਕਰਦੇ ਹਨ। ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਅੰਦਰ ਲਿਜਾਣ ਦੀ ਸਖਤ ਮਨਾਹੀ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਦ੍ਵਾਰਾ ਸਾਹਿਬ ਅੰਦਰ ਕਿਸੇ ਵੀ ਤਰ੍ਹਾਂ ਦਾ ਮਨਮੱਤੀ ਕਰਮ ਨਹੀਂ ਹੋਣਾ ਚਾਹੀਦਾ ਅਤੇ ਕੇਵਲ ਗੁਰਮਤਿ, ਗੁਰਬਾਣੀ, ਸਿੱਖ ਇਤਿਹਾਸ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਵੀ ਨਿੱਜੀ ਗੱਲਾਂ ਨੂੰ ਤਿਆਗ ਕੇ ਕੇਵਲ ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਵਿਚਾਰਣ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਾ ਜੀਵਣ ਸਫਲਾ ਕੀਤਾ ਜਾ ਸਕੇ।

ਹੁਣ ਸਿੱਖ ਸਮਾਜ ਦਾ ਜ਼ਿਕਰ ਕਰਦੇ ਹਾਂ ਤਾਂ ਅੱਜ ਹਰ ਗੁਰਦੁਆਰਾ ਸਾਹਿਬ ਇੱਕੋ ਤਰ੍ਹਾਂ ਦੇ ਹੀ ਹੋ ਕੇ ਰਹਿ ਗਏ ਹਨ, ਗੁਰਦੁਆਰੇ ਵੀ ਫਾਈਵ ਸਟਾਰ ਹੋਟਲਾਂ ਵਾਂਗ ਉਪਰੋਂ ਚਮਕਾਏ ਜਾ ਰਹੇ ਹਨ। ਅੱਜ ਗੁਰਦੁਆਰਾ ਸਾਹਿਬ ਦੀ ਵੱਖਰੀ ਹੌਂਦ ਸਿਰਫ ਤੇ ਸਿਰਫ ਉਸ ਦੇ ਨਾਲ ਜੁੜੇ ਇਤਿਹਾਸ ਨਾਲ ਹੈ, ਨਹੀਂ ਤਾਂ ਹਰ ਗੁਰਦੁਆਰੇ ਦਾ ਇੱਕੋ ਹੀ ਚਿੱਟਾ ਰੰਗ ਹੈ, ਸੰਗਮਰਮਰ ਥੱਪਿਆ ਹੋਇਆ ਹੈ ਕਾਰ ਸੇਵਾ ਅਤੇ ਸੋਨੇ ਦੀ ਸੇਵਾ ਚਾਲੂ ਹੈ ਇਸ ਤੋਂ ਇਲਾਵਾ ਹੋਰ ਕੋਈ ਵੱਖਰਾਪਣ ਨਹੀਂ ਰਿਹਾ ਹੈ। ਅੱਜ ਜਿਆਦਾਤਰ ਗੁਰਦੁਆਰਾ ਸਾਹਿਬਾਨਾਂ ਅੰਦਰ ਨਾ ਤਾਂ ਲਾਇਬ੍ਰਰੇਰੀ ਹੈ, ਨਾ ਡਿਸਪੈਂਸਰੀ ਹੈ, ਕਿਸੇ ਲੋੜਵੰਦ ਦੀ ਮੱਦਦ ਤਾਂ ਕੀ ਕਰਨੀ ਗੁਰਦੁਆਰੇ ਦਾ ਸੇਵਾਦਾਰ, ਗ੍ਰੰਥੀ ਜਾਂ ਕੀਰਤਨਕਾਰ ਦੀ ਤਨਖਾਹ ਮਸਾਂ ਹੀ (ਪ੍ਰਧਾਨ ਵੱਲੋਂ ਆਪਣੇ ਹਿੱਸੇ ਪੂਰੇ ਕੱਢਣ ਤੋਂ ਬਾਅਦ) ਪੂਰੀ ਫੜ੍ਹਦੀ ਹੈ।

ਅੱਜ ਸੱਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਜਾਤਾਂ-ਪਾਤਾਂ 'ਤੇ ਅਧਾਰਿਤ ਬਣ ਰਹੀਆਂ ਇਮਾਰਤਾਂ ਕੇਵਲ ਨਿੱਜੀ ਚੌਧਰ ਤੇ ਹਊਮੇ ਦਾ ਪ੍ਰਗਟਾਵਾ ਕਰ ਰਹੀਆਂ ਹਨ। ਗੁਰੂ ਪਾਤਸ਼ਾਹ ਨੇ ਸਮਝਾਇਆ ਸੀ:

ਜਾਤਿ ਜਨਮ ਨਹ ਪੂਛੀਐ ਸਚ ਘਰੁ ਲੇਹ ਬਤਾਇ ॥

ਸਾ ਜਾਤਿ ਸਾ ਪਤ ਹੈ ਜੇਹੇ ਕਰਮ ਕਮਾਇ॥  (ਪ੍ਰਭਾਤੀ ਮਹਲਾ 1, ਪੰਨਾ 1330)

ਗੁਰੂ ਬਾਬੇ ਵਿਚਾਰਧਾਰਾ ਅਨੁਸਾਰ ਸਾਰੇ ਮਨੁੱਖ ਉਸ ਪ੍ਰਮਾਤਮਾ ਦੀ ਅੰਸ਼ ਹੋਣ ਕਰਕੇ ਇੱਕ ਹਨ। ਗੁਰਮਤਿ ਦੇ ਅਧਾਰ ਤੇ ਕੋਈ ਮਨੁੱਖ ਉਚਾ ਨਹੀਂ ਜਾਂ ਨੀਵਾਂ ਨਹੀਂ। ਪ੍ਰਭੂ ਭਗਤੀ ਅਤੇ ਨੇਕ ਕੰਮ ਕਰਨ ਵਾਲੇ ਮਨੁੱਖ ਉਤੱਮ ਹਨ ਅਤੇ ਗੁਰੂ ਤੋਂ ਬੇ-ਮੁੱਖ ਭਾਵ ਮਾੜੇ ਕੰਮ ਕਰਨ ਵਾਲੇ ਨੀਵੇਂ ਹੁੰਦੇ ਹਨ :

ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥        

(ਆਸਾ ਮ. ੧, ਪੰਨਾ ੧੦)

ਪਰ ਅਸੀਂ ਗੁਰਦੁਆਰਾ ਸਾਹਿਬ ਹੀ ਜਾਤਾਂ/ਪਾਤਾਂ ਦੇ ਨਾਂ ਉੱਤੇ ਉਸਾਰ ਦਿੱਤੇ। ਮੇਰੀ ਨਜ਼ਰੇ ਅੰਮ੍ਰਿਤਸਰ ਸ਼ਹਿਰ ਜਿਸਨੂੰ ਗੁਰੂ ਕੀ ਨਗਰੀ ਕਹਿੰਦੇ ਸਿੱਖ ਥੱਕਦੇ ਨਹੀਂ, ਉੱਥੇ ਹੀ ਸਾਂਝੀ ਕੰਧ ਨਾਲ ਦੋ ਗੁਰਦੁਆਰੇ ਉਸਾਰ ਦਿੱਤੇ ਗਏ ਹਨ। ਕੀ ਇਹੋ ਜਿਹੀ ਹੁੰਦੀ ਹੈ ਗੁਰੂਨਗਰੀ? ਜਿਥੇ ਗੁਰੂਆਂ ਦੇ ਹੁਕਮਾਂ ਨੂੰ ਹੀ ਛਿੱਕੇ ਤੇ ਟੰਗ ਕੇ, ਆਪਣੀ ਹਊਮੈ ਅਤੇ ਚੌਧਰ ਦਾ ਜਲੂਸ ਕੱਢਿਆ ਜਾ ਰਿਹਾ ਹੋਵੇ। ਗੁਰੂ ਬਾਬੇ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਸਿੱਖ ਸਮਾਜ ਦਾ ਜਾਤਾਂ/ਪਾਤਾਂ ਵਿੱਚ ਵਿਸ਼ਾਵਸ਼ ਅਤੇ ਗੁਰੂ ਹੁਕਮਾਂ ਬਾਰੇ ਕੱਲ੍ਹ ਨੂੰ ਵਿਸਥਾਰ ਸਾਹਿਤ ਹੋਰ ਚਰਚਾ ਕਰਾਂਗੇ।

 

ਚੱਲਦਾ…(ਬਾਕੀ ਕੱਲ੍ਹ)

ਇਕਵਾਕ ਸਿੰਘ ਪੱਟੀ