ਮਿੰਨੀ ਕਹਾਣੀ *ਰੰਗੇ ਹੱਥੀਂ *

ਮਿੰਨੀ ਕਹਾਣੀ *ਰੰਗੇ ਹੱਥੀਂ *

ਜਦੋਂ ਦੀ ਬੱਸ ਚੰਡੀਗੜ੍ਹ ਤੋਂ ਪਟਿਆਲੇ ਨੂੰ ਚੱਲੀ ਸੀ ਉਦੋਂ ਤੋਂ ਹੀ ਉਹ ਹੁਸੀਨ ਔਰਤ ਘੜੀ-ਮੁੜੀ ਪਿਛਾਂਹ ਗਰਦਨ ਭੁਆ ਕੇ ਹਰਜਿੰਦਰ ਵਲ ਵੇਖ ਲੈਂਦੀ ਸੀ। ਉਸ ਦੀਆਂ ਅੱਖਾਂ ਅਤੇ ਚਿਹਰੇ ਤੋਂ ਇੰਜ ਜਾਪਦਾ ਸੀ ਜਿਵੇਂ ਉਹ ਹਰਜਿੰਦਰ ਵਿਚੋਂ ਕੁੱਝ ਤਲਾਸ਼ ਕਰ ਰਹੀ ਹੋਵੇ। ਹਰਜਿੰਦਰ ਉਸ ਦੀ ਇਸ ਅਦਾ ਨੂੰ ਤੱਕ ਕੇ ਮੁਸਕਰਾ ਛਡਦਾ। ਅੱਖਾਂ-ਅੱਖਾਂ ਵਿਚ ਉਸ ਤੋਂ ਕਿਸੇ ਹੁੰਗਾਰੇ ਦੀ ਉਡੀਕ ਵੀ ਕਰਨ ਲੱਗਾ ਸੀ।ਹਾਲੇ ਬੱਸ ਬਨੂੜ ਤੋਂ ਦੋ ਕੁ ਕਿਲੋਮੀਟਰ ਅਗਾਂਹ ਤੁਰੀ ਹੋਵੇਗੀ ਕਿ ਉਹ ਹੁਸੀਨ ਔਰਤ ਫਿਰ ਪਿਛਾਂਹ ਪਰਤ ਕੇ ਝਾਕੀ ਅਤੇ ਇਸ ਵਾਰ ਬੋਲ ਵੀ ਪਈ, ''ਭਾਈ ਸਾਬ੍ਹ! ਪਿਛੇ ਵੇਖਣਾ ਗ੍ਰੀਨ ਵਾਲਾ ਬੈਗ ਹੈ..? ਉਸ 'ਚ ਕਾਫ਼ੀ ਜ਼ਰੂਰੀ ਸਾਮਾਨ ਪਿਐ, ਇਸ ਲਈ...?''‚ ਹਰਜਿੰਦਰ ਉਸ ਦੇ ਇਸ ਵਾਕ ਨਾਲ ਝੰਜੋੜਿਆ ਗਿਆ ਤੇ ਸ਼ਰਮਿੰਦਾ ਹੋਣ ਲੱਗਾ। ਬਸ ਵਿਚ ਬੈਠੇ ਹੋਰਨਾਂ ਮੁਸਾਫ਼ਰਾਂ ਵਲ ਇਉਂ ਝਾਕਣ ਲੱਗਾ ਜਿਵੇਂ ਉਹ ਕੋਈ ਚੋਰੀ ਕਰਦਾ ਰੰਗੇ ਹੱਥੀਂ ਪਕੜਿਆ ਗਿਆ ਹੋਵੇ।
-ਸੁਖਮਿੰਦਰ ਸੇਖੋਂ, ਸੰਪਰਕ : 98145-07693