ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ VIP ਰਸਤਾ ਬੰਦ

ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ VIP ਰਸਤਾ ਬੰਦ

ਅੰਮ੍ਰਿਤਸਰ:

ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਸਾਰੇ ਸ਼ਰਧਾਲੂਆਂ ਨੂੰ ਇਕੋ ਰਸਤੇ ਰਾਹੀਂ ਆਉਣਾ ਜਾਣਾ ਪਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਾਈਨਾਂ ਵਿਚ ਖੜ੍ਹੇ ਹੋਏ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੇਗੀ। ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਅਹਿਮ ਸ਼ਖ਼ਸੀਅਤਾਂ ਲਈ ਸੰਗਤ ਦੇ ਵਾਪਸ ਜਾਣ ਵਾਲੇ ਰਸਤੇ ਦੇ ਨਾਲ ਦਰਸ਼ਨੀ ਡਿਉਢੀ ਵਾਲਾ ਰਸਤਾ ਜਾਂਦਾ ਸੀ। ਹੁਣ ਉਸ ਉਤੇ ਰੋਕ ਲਗਾ ਦਿਤੀ ਹੈ। ਜ਼ਿਕਰਯੋਗ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਅਹਿਮ ਤੇ ਵਿਸ਼ੇਸ਼ ਸਰਧਾਲੂ ਤੇ ਸ਼ਖ਼ਸੀਅਤਾਂ ਪਹਿਲਾਂ ਬੇਨਤੀ ਕਰਕੇ ਅਪਣੇ ਅਸਰ ਰਸੂਖ਼ ਕਾਰਨ ਸ਼੍ਰੀ ਲਾਚੀ ਬੇਰ ਵਾਲੇ ਰਸਤੇ ਰਾਹੀਂ ਦਾਖ਼ਲ ਹੋ ਕੇ ਦਰਸ਼ਨ ਕਰਨ ਵਿਚ ਸਫ਼ਲ ਹੋ ਜਾਂਦੇ ਸਨ। ਗੁਰਦੁਆਰਾ ਪ੍ਰਬੰਧਕਾਂ ਵਲੋਂ ਬਣਾਈ ਗਈ ਨਵੀਂ ਯੋਜਨਾ ਮੁਤਾਬਕ ਹੁਣ ਸੂਚਨਾ ਕੇਂਦਰ ਵਿਖੇ ਦਰਸ਼ਨਾਂ ਲਈ ਪੁੱਜਦੇ ਵੀ.ਆਈ.ਪੀ. ਤੇ ਅਸਰ ਰਸੂਖ਼ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੀ ਸ਼੍ਰੀ ਲਾਚੀ ਬੇਰੀ ਵਾਲੇ ਰਸਤੇ ਦੀ ਥਾਂ ਦਰਸ਼ਨੀ ਡਿਉਢੀ ਦੇ ਖੱਬੇ ਹੱਥ ਵਾਲੇ ਤੇ ਆਮ ਤੌਰ 'ਤੇ ਬੰਦ ਰਹਿੰਦੇ ਰਸਤੇ, ਜੋ ਕਿ ਡਿਉਢੀ ਦੇ ਅੰਦਰ ਖੜ੍ਹੇ ਚੋਬਦਾਰ ਸਿੰਘ ਕੋਲ ਜਾ ਨਿਕਲਦਾ ਹੈ, ਰਾਹੀਂ ਹੋ ਕੇ ਵਿਚਕਾਰਲੀ ਇਕਹਿਰੀ ਕਤਾਰ ਦੁਆਰਾ ਭੇਜਿਆ ਜਾਵੇਗਾ। ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਇਸ ਨਵੀਂ ਲਾਗੂ ਕੀਤੀ ਯੋਜਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਫ਼ੈਸਲੇ ਨਾਲ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੀ ਹੈ ਤੇ ਮੱਥਾ ਟੇਕਣ ਲਈ ਜਿੱਥੇ ਪਹਿਲਾਂ ਡੇਢ ਘੰਟੇ ਦੇ ਕਰੀਬ ਸਮਾਂ ਲੱਗਦਾ ਸੀ, ਹੁਣ ਇਕ ਘੰਟੇ ਦੇ ਕਰੀਬ ਹੀ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਛੋਟੇ ਬੱਚਿਆਂ ਵਾਲੀਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਵੀ ਵਿਚਕਾਰਲੀ ਲਾਈਨ 'ਚ ਹੀ ਭੇਜਿਆ ਜਾਵੇਗਾ ਤਾਂ ਕਿ ਦਰਸ਼ਨ ਕਰਨ ਸਮੇਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਤੇ ਹੋਰ ਸੇਵਾਦਾਰ ਸਿੰਘਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਗ਼ਲਤ ਪਾਸਿਓਂ ਅੰਦਰ ਜਾਣ ਦੀ ਥਾਂ ਅੱਧਾ ਘੰਟਾ ਪਹਿਲਾਂ ਛੋਟੀ ਲਾਈਨ 'ਚ ਲੱਗ ਕੇ ਹੀ ਡਿਊਟੀ 'ਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਸ਼੍ਰੀ ਲਾਚੀ ਬੇਰ ਵਾਲੇ ਰਸਤੇ ਰਾਹੀਂ ਕੇਵਲ ਚੁਣੌਤੀਗ੍ਰਸਤ ਸ਼ਰਧਾਲੂਆਂ ਜਾਂ ਚੱਲਣ ਤੋਂ ਅਸਮਰਥ ਤੇ ਬਜ਼ੁਰਗਾਂ ਨੂੰ ਹੀ ਭੇਜਿਆ ਜਾਵੇਗਾ।