
ਪੋਸਟ ਗਰੇਜੂਏਸ਼ਨ ਦੀ ਪੜ੍ਹਾਈ ਤੇ ਬਾਅਦ ਦਾ ਸੰਘਰਸ਼।
Thu 17 Oct, 2019 0
ਸਵੈਜੀਵਨੀ:
ਡਾ ਅਜੀਤਪਾਲ ਸਿੰਘ ਅੈਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਛਾਤੀ ਰੋਗ ਵਿਭਾਗ ਨਾਲ ਜੁੜਿਅਾ ਤਪਦਿਕ ਤੇ ਛਾਤੀ ਰੋਗਾਂ ਦਾ ਹਸਪਤਾਲ 250 ਬਿਸਤਰਿਅਾਂ ਦੀ ਸਮਰਥਾ ਵਾਲਾ ਕਈ ਏਕੜ ਚ ਉਸਰਿਅਾ ਅਦਾਰਾ ਹੈ, ਜਿਸ ਅੰਦਰ ਕਿੰਨੇ ਹੀ ਫੁੱਲਾਂ ਤੇ ਫਲਾਂ ਨਾਲ ਲੱਦੇ ਦਰਖਤ ਹੀ ਨਹੀਂ ਬਲਕਿ ਸੁਹਣੇ ਸੁਹਣੇ ਹਰੇ ਭਰੇ ਬੂਟੇ,ਘਾਹ ਵਾਲੇ ਕਈ ਪਾਰਕ, ਵੇਲਾਂ ਅਾਦਿ ਇਸ ਦੀ ਸ਼ੋਭਾ ਵਧਾਉਂਦੇ ਹਨ। ਇਉੰ ਲਗਦਾ ਹੈ ਜਿਵੇਂ ਇਹ ਕੋਈ ਬਾਗ ਹੋਵੇ। ਇਸ ਦੀ ਬਿਲਡਿੰਗ ਕਈ ਬਲਾਕਾਂ ਚ ਵੰਡੀ ਹੋਈ ਹੈ। ਇਹ ਇੱਕ ਖੁਦਮੁਖਤਿਅਾਰ ਸੰਸਥਾ ਹੈ, ਜਿਸ ਦਾ ਅਾਪਣਾ ਮੈਡੀਕਲ ਸੁਪਰਡੈੰਟ ਤੇ ਸਟਾਫ ਹੈ। ਬਜਟ ਵੀ ਇਸ ਦਾ ਭਾਰਤ ਸਰਕਾਰ ਵਲੋਂ ਮਨਜ਼ੂਰ ਹੋ ਕੇ ਅਾਉੰਦਾ ਹੈ। ਇਸ ਹਸਪਤਾਲ ਦੀ ਅਾਪਣੀ ਲਬਾਟਰੀ ਤੇ ਉਪਰੇਸ਼ਨ ਥੀਏਟਰ, ਰੀਸਰਚ ਬਲਾਕ ਹੈ। ਡਾਕਟਰ ਦੀ ਜੋ ਕੋਠੀ-ਨੁਮਾ ਰਿਹਾਇਸ਼ ਮੈਨੂੰ ਮਿਲੀ ਉਹ ਹਸਪਤਾਲ ਦੇ ਅੈਨ ਵਿਚਕਾਰ ਜਾਮਨਾਂ ਦੇ ਦਰਖਤਾਂ ਨਾਲ ਘਿਰੀ ਹੋਈ ਸੁਰਖਿਅਤ ਇਮਾਰਤ ਸੀ, ਜਿਸ ਦੇ ਦੋ ਪਾਸੇ ਪਾਰਕ ਸਨ ਤੇ ਬੱਚੇ ਅਕਸਰ ਉਥੇ ਖੇਡਦੇ ਰਹਿੰਦੇ। ਵੱਡੇ ਬੇਟੇ ਪਵੇਲ ਨੂੰ ਸੈੰਟ ਜੌਹਨ ਕਾਨਵੇਂਟ ਸਕੂਲ ਚ ਤੇ ਛੋਟੇ ਸੁਹੇਲ ਨੂੰ 4 ਅੈਸ (ਸੰਤ ਸਿੰਘ ਸੁੱਖਾ ਸਿੰਘ) ਸਕੂਲ ਚ ਪੜਣ ਲਾ ਦਿੱਤਾ। ਇਹ ਦੋਨੋਂ ਸਕੂਲ ਮੰਨੇ ਪ੍ਮੰਨੇ ਹੋਏ ਸਨ। ਅਾਪਣੀ ਪੰਜਾਬੀ ਮੈਂ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤੀ ਕਿਉਂਕਿ ਅੰਮਿ੍ਤਸਰ ਸਟੇਸ਼ਨ ਮੈਂ ਅਾਪਣੀ ਪਸੰਦ ਨਾਲ ਲਿਅਾ ਸੀ ਜੋ ਪਟਿਅਾਲੇ ਤੋਂ ਕਈ ਗੁਣਾ ਵੱਡਾ ਤੇ ਵਿਕਸਤ ਸੀ। ਸਭ ਤੋਂ ਵੱਡੀ ਗੱਲ ਇਸ ਦਾ ਮੁਖੀ ਡਾ ਬੀ ਅੈਮ ਕਲਨ ਬਹੁਤ ਹੀ ਮੇਹਨਤੀ,ਇਮਾਨਦਾਰ ਤੇ ਉਦਮੀ ਇਨਸਾਨ ਸੀ ਜੋ ਉਤਰੀ ਭਾਰਤ ਦੇ ਮੰਨੇ ਪੱਮੰਨੇ ਪੋੱਫੈਸਰਾਂ ਵਿੱਚ ਗਿਣਿਅਾ ਜਾਂਦਾ ਸੀ। ਮੈਡੀਕਲ ਦੀ ਪੜ੍ਹਾਈ ਦਾ ਉਸ ਕੋਲ ਅਥਾਹ ਗਿਅਾਨ ਸੀ ਜਿਸ ਨੂੰ ਉਹ ਅੱਪਡੇਟ ਕਰਦਾ ਰਹਿੰਦਾ ਸੀ। ਇਸ ਤੋਂ ਡਾ ਮੈਣੀ,ਡਾ ਅਭਿਨਾਸ਼ ਸਿੰਘ ਭਾਟੀਆ, ਡਾ ਮਹਿੰਦਰ ਸਿੰਘ,ਡਾ ਕੁਲਵੰਤ ਸਿੰਘ ਭਾਟੀਆ,ਡਾ ਨਿਰਮਲ ਕਾਜਲ ਦੀ ਪੂਰੀ ਟੀਮ ਵਧੀਆ ਕੰਮ ਕਰਨ ਵਾਲੀ ਸੀ। ਸ਼ਰੀਕੇਬਾਜੀ ਉਥੇ ਬਿਲਕੁੱਲ ਨਹੀਂ ਸੀ। ਅੈਮ ਡੀ ਦੇ ਅਸੀਂ ਕੁੱਲ 6 ਸਿਖਿਅਾਰਥੀ ਸਾਂ, ਜਿਹਨਾਂ ਵਿੱਚੋਂ 2 ਸੀਨੀਅਰ ਸਨ। ਡਾ ਸੁਰਿੰਦਰ ਸਿੰਘ, ਡਾ ਗੁਰਮੀਤ ਸਿੰਘ,ਡਾ ਸੁਨੀਲ ਗੁਪਤਾ ਤੇ ਭੀਮਸੈਨ ਮੇਰੇ ਜਮਾਤੀ ਸਨ। ਇਨ ਸਰਵਿਸ ਪੀ ਜੀ ਕਰਨ ਵਾਲਿਆਂ ਨੂੰ ਦੋਹਰਾ ਕੰਮ ਕਰਨਾ ਪੈਂਦਾ ਸੀ। ਪੜ੍ਹਾਈ ਦੇ ਨਾਲ ਨਾਲ ਮੈਡੀਕਲ ਡਿਉੂਟੀ ਵੀ ਕਰਨੀ ਹੁੰਦੀ ਸੀ। ਕੈੱਪਸ ਡਾਕਟਰ (ਅਾਰ ਅੈਮ ਓ) ਮੈਂ ਇਕੱਲਾ ਸੀ। ਬਾਅਦ ਦੁਪਹਿਰ ਦੋ ਵਜੇ ਤੋਂ ਬਾਅਦ 250 ਮਰੀਜ਼ਾਂ ਦੀ ਦੇਖਭਾਲ ਦੀ ਜੁੰਮੇਵਾਰੀ ਮੇਰੀ ਇਕੱਲੇ ਦੀ ਰਹਿ ਜਾਂਦੀ। ਜੇ ਕੋਈ ਅੈਮਰਜੰਸੀ ਮਰੀਜ਼ ਅਾਉੰਦਾ ਤਾਂ ਉਹ ਵੀ ਮੈਂ ਹੀ ਅਟੈੰਡ ਕਰਦਾ। ਕਈ ਵਾਰੀ ਜੇ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਤਾਂ ਉਸ ਦੀ ਕਾਰਵਾਈ ਲਈ ਵੀ ਮੈਨੂੰ ਹੀ ਜਾਣਾ ਪੈਂਦਾ। ਕਿਸੇ ਕਿਸੇ ਦਿਨ ਤਾਂ ਸਾਰੀ ਰਾਤ ਹੀ ਤੁਰਦੇ ਫਿਰਦਿਅਾਂ ਲੰਘ ਜਾਂਦੀ। ਹਸਪਤਾਲ ਦਾ ਅੈਮਰਜੰਸੀ ਫੋਨ ਵੀ ਮੇਰੇ ਘਰ ਲੱਗਿਅਾ ਹਿਇਅਾ ਸੀ ਜਿਸ ਨੂੰ ਵੀ ਮੈਂ ਹੀ ਅਟੈੰਡ ਕਰਨਾ ਹੁੰਦਾ ਸੀ। ਇਹਨਾਂ ਸਾਰੇ ਰੁਝੇੰਵਿਅਾਂ ਦੇ ਬਾਵਜੂਦ ਮੈਂ ਪੂਰਾ ਸੰਤੁਸ਼ਟ ਰਹਿੰਦਾ। ਬੱਚੇ ਅਾਪਣੀ ਪੰਜਾਬੀ ਵਿੱਚ ਮਸਤ ਸਨ। ਪਿੰਡਾਂ ਮੇਰਾ ਬਹੁਤ ਦੂਰ ਸੀ ਪਰ ਜਮਹੂਰੀ ਅਧਿਕਾਰ ਸਭਾ ਵਾਲੇ ਸਾਥੀ ਯਸ਼ਪਾਲ ਝਬਾਲ ਹੋਰਾਂ ਦਾ ਪੂਰਾ ਗਰੁੱਪ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਾਲੇ ਪੋ੍ ਪਰਮਿੰਦਰ, ਟੇ੍ਡ ਯੂਨੀਅਨ ਅਾਗੂ ਅਮਰਜੀਤ ਬਾਈ ਤੇ ਨਿਉੂ ਡੈਮੋਕਰੇਸੀ ਵਾਲੇ ਕਾਮਰੇਡ ਮਾਸਟਰ ਦਾਤਾਰ ਸਿੰਘ, ਜਗਤਾਰ ਸਿੰਘ ਮਹਿਲਾਂ ਵਾਲਾ ਮੇਰੇ ਕੋਲ ਅਾਉੰਦੇ ਰਹਿੰਦੇ ਸਨ। ਅਜਨਾਲੇ ਵਾਲਾ ਡਾ ਅਮਰਜੀਤ ਸਿੰਘ ਇੱਥੇ ਸਰਜਰੀ ਵਿਭਾਗ ਵਿੱਚ ਤੇ ਡਾ ਜਗਜੀਵਨ ਲਾਲ ਰਡਿਓਲਿਜੀ ਵਿਭਾਗ ਚ ਪੀਜੀ ਕਰਦਾ ਸੀ। ਮੇਰੇ ਗੁਰਦਾਸਪੁਰ ਵਾਲੇ ਪੁਰਾਣੇ ਸਾਥੀ ਵੀ ਮਿਲਦੇ ਰਹਿੰਦੇ। ਡਾ ਸ਼ਾਮ ਲਾਲ ਮਹਾਜਨ ਵੀ ਗੁਰਦਾਸਪੁਰ ਤੋਂ ਮੇਰੇ ਕੋਲ ਮਰੀਜ਼ ਭੇਜਦਾ ਰਹਿੰਦਾ ਸੀ। ਅੰਮ੍ਰਿਤਸਰ ਹਸਪਤਾਲ ਚ ਮਰੀਜ਼ ਤਾਂ ਜੰਮੂ ਤੱਕ ਤੋ ਵੀ ਇਲਾਜ ਲਈ ਅਾਉੰਦੇ ਸਨ। ਮਾਸਟਰ ਜੋਗਿੰਦਰ ਸਿੰਘ ਜਿਹਨਾਂ ਦੇ ਘਰ ਮੈਂ ਗੁਰਦਾਸਪੁਰ ਰਹਿੰਦਾ ਹੁੰਦਾ ਸੀ ਉਹਨਾਂ ਦੇ ਪੀ੍ਵਾਰ ਨੂੰ ਅਸੀਂ ਮਿਲ ਕੇ ਵੀ ਅਾਏ ਤੇ ਪੁਰਾਣੀਆਂ ਯਾਦਾਂ ਤਾਜਾ ਕੀਤੀਆਂ। ਕਹਾਣੀਕਾਰ ਪਿ੍ ਸੁਜਾਨ ਸਿੰਘ ਦਾ ਤਾਂ ਦੇਹਾਂਤ ਵੀ ਹੋ ਗਿਅਾ ਸੀ। ਮੇਰਾ ਅੈਮ ਡੀ ਦਾ ਥੀਸਸ ਵਰਕ ਸ਼ੁਰੂ ਹੋ ਗਿਅਾ ਸੀ। ਡਾ ਵੀ ਕੇ ਮੈਣੀ ਮੇਰੇ ਗਾਇਡ ਸਨ। ਮੇਰੇ ਥੀਸਸ ਦਾ ਵਿਸ਼ਾ ਕੇਸ ਹੋਲਡਿੰਗ ( ਤਪਦਿਕ ਦੇ ਮਰੀਜ਼ਾਂ ਵੱਲੋਂ ਦਵਾਈ ਵਿਚਾਲੇ ਛੱਡੇ ਜਾਣ ਦੇ ਕਾਰਨ ਤੇ ਉਪਾਅ) ਸੀ। ਇਹ ਵਿਸ਼ਾ ਜਿੱਥੇ ਵਿਗਿਆਨ ਨਾਲ ਸਬੰਧਤ ਸੀ ਉੱਥੇ ਸਾਡੀਅਾਂ ਸਮਾਜਿਕ ਸਮੱਸਿਆਵਾਂ ਨਾਲ ਵੀ ਇਸ ਦਾ ਸਿੱਧਾ ਸਬੰਧ ਜੁੜਦਾ ਸੀ। ਖਾਲਿਸਤਾਨੀ ਦਹਿਸ਼ਤਗਰਦੀ ਦੀਆਂ ਘਟਨਾਵਾਂ ਉਨ੍ਹਾਂ ਦਿਨਾਂ ਵਿੱਚ ਵੀ ਅਜੇ ਰੁੱਕੀਆਂ ਨਹੀਂ ਸਨ। ਕਾਂਗਰਸ ਪਾਰਟੀ ਦੇ ਇੱਕ ਨੌਜਵਾਨ ਆਗੂ ਮਨਿੰਦਰਜੀਤ ਸਿੰਘ ਬਿੱਟਾ ਤੇ ਵੀ ਹਮਲਾ ਉਨ੍ਹਾਂ ਦਿਨਾਂ ਵਿੱਚ ਹੀ ਹੋਇਆ ਸੀ ਤੇ ਉਹ ਜ਼ਖਮੀ ਹੋ ਗਿਅਾ ਸੀ। ਨਿਊ ਡੈਮੋਕਰੇਸੀ ਵਾਲੇ ਕਾਮਰੇਡ ਤਾਂ ਆਪਣੀ ਸਵੈ-ਸੁਰੱਖਿਆ ਲਈ ਹਮੇਸ਼ਾਂ ਹਥਿਆਰ ਕੋਲ ਰੱਖਦੇ ਸਨ ਕਿਉਂਕਿ ਹਮਲਿਆਂ ਵਿੱਚ ਉਨ੍ਹਾਂ ਦੇ ਕਈ ਕਾਮਰੇਡ ਪਹਿਲਾਂ ਸ਼ਹੀਦ ਹੋ ਗਏ ਸਨ। ਮੇਰਾ ਰਿਹਾਇਸ਼ੀ ਕੁਆਰਟਰ ਤਪਦਿਕ ਤੇ ਛਾਤੀ ਰੋਗਾਂ ਦੇ ਹਸਪਤਾਲ ਦੇ ਬਿਲਕੁਲ ਅੰਦਰ ਹੋਣ ਕਰਕੇ ਬਚਾਅ ਰਹਿੰਦਾ ਸੀ। ਮੈਡੀਕਲ ਕਾਲਜ ਪਟਿਆਲਾ ਤੋਂ ਪੀਜੀ ਡਿਪਲੋਮਾ ਕਰਨ ਪਿੱਛੋਂ ਆਉਂਦੇ ਵਕਤ ਮੈਂ ਇੱਕ ਪੁਰਾਣਾ ਸਕੂਟਰ ਬਜਾਜ ਚੇਤਕ ਖਰੀਦ ਲਿਆ ਸੀ, ਜਿਸ ਕਰਕੇ ਕਰੀਬ 14 ਸਾਲਾਂ ਪਿਛੋਂ ਸਾਇਕਲ ਦੀ ਥਾਂ ਸਕੂਟਰ ਵਰਤਣ ਲੱਗਿਆ ਸਾਂ। ਡਿਊਟੀ ਅਤੇ ਪੜ੍ਹਾਈ ਦੇ ਸਖਤ ਬੋਝ ਕਾਰਨ ਮੈਨੂੰ ਸਰਵਾਈਕਲ ਦੇ ਕਾਫੀ ਭੇੜੇ ਦਰਦ ਨੇ ਸੁੱਟ ਲਿਆਂ ਤੇ ਮੈਂ ਇੱਕ ਮਹੀਨੇ ਦੇ ਕਰੀਬ ਹਸਪਤਾਲ ਦੇ ਬੈੱਡ ਉਪਰ ਗਰਦਨ ਦੀ ਟ੍ਰੈਕਸ਼ਨ ਲਾ ਕੇ ਪਿਅਾ ਰਿਹਾ। ਥੋੜਾ ਬੇਚੈਨ ਹੋ ਜਾਣ ਕਰ ਕੇ ਮੈਂ ਕਈ ਦੋਸਤਾਂ ਨੂੰ ਚਿੱਠੀਆਂ ਵੀ ਪਾਈਆਂ ਅਤੇ ਉਹ ਮੇਰਾ ਪਤਾ ਲੈਣ ਆਏ। ਜ਼ਿਆਦਾਤਰ ਜਾਣ ਪਹਿਚਾਣ ਅਤੇ ਰਿਸ਼ਤੇਦਾਰੀਆਂ ਬਠਿੰਡੇ ਵੱਲ ਰਹਿ ਗਈਆਂ ਹਨ ਜਿਸ ਕਰਕੇ ਵਿਆਹ ਸ਼ਾਦੀਆਂ ਤੇ ਮੈਂ ਨਹੀਂ ਜਾ ਸਕਿਅਾ ਕਿਉਂਕਿ ਡਿਉੂਟੀ,ਪੜ੍ਹਾਈ ਦਾ ਕੰਮ ਤੇ ਘਰੇਲੂ ਰੁਝੇਵੇੰ ਕਾਫੀ ਰਹਿੰਦੇ ਸਨ। ਥੀਸਸ ਦੇ ਕੰਮ ਵਿੱਚ ਮੇਰੀ ਜਿਅਾਦਾ ਮਦਦ ਮਹਿੰਦਰ ਸਿੰਘ ਅਤੇ ਨਿਰਮਲ ਕਾਜਲ ਲੈਕਚਰਾਰਾਂ ਨੇ ਕੀਤੀ। ਪ੍ਰੋਫੈਸਰ ਡਾ.ਵੀ ਕੇ ਮੈਨੀ ਦੀ ਗਾਈਡੈਂਸ ਵੀ ਬਹੁਤ ਵਧੀਆਂ ਸੀ। ਪਹਿਲੇ ਸਾਲ ਦੇ ਮੁੱਕਣ ਤੋਂ ਪਹਿਲਾਂ ਪਹਿਲਾਂ ਦੂਜੇ ਸਾਲ ਦੀ ਤਨਖਾਹ ਦਾ ਫੈਸਲਾ ਕਰਵਾਉਣ ਦੀ ਮੇਰੀ ਵੱਡੀ ਚਿੰਤਾ ਸੀ। ਇਸ ਸਬੰਧੀ ਹਾਈ ਕੋਰਟ ਵਿੱਚ ਆਪਣਾ ਕੇਸ ਲਾਉਣ ਲਈ ਤਿਆਰੀ ਵਜੋਂ ਮੈਂ ਸਾਰੇ ਸਬੰਧਤ ਦਸਤਾਵੇਜ਼ ਇੱਕਠੇ ਕਰ ਲਏ। ਮੇਰੇ ਇਕ ਨਜ਼ਦੀਕੀ ਦੋਸਤ ਨੇ ਇੱਕ ਬਹੁਤ ਮਸ਼ਹੂਰ ਵਕੀਲ ਤੇਜਿੰਦਰ ਸਿੰਘ ਪਟਵਾਲੀਅਾ ਦੀ ਜਾਣਕਾਰੀ ਦਿੱਤੀ ਤਾਂ ਮੈਂ ਉਸ ਵਕੀਲ ਰਾਹੀਂ ਕੇਸ ਹਾਈ ਕੋਰਟ ਵਿੱਚ ਲਾ ਦਿੱਤਾ। ਵਕੀਲ ਨੇ ਪੰਜ ਹਜ਼ਾਰ ਰੁਪਏ ਫੀਸ ਲਈ ਤੇ ਪਹਿਲੀ ਪੇਸ਼ੀ ਤੇ ਹੀ ਸਟੇਅ ਆਰਡਰ ਜਾਰੀ ਕਰਵਾ ਲਏ। ਪੰਜਾਬ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਨੇ ਮਹਿਕਮੇ ਦੀਆਂ ਦਲੀਲਾਂ ਰੱਦ ਕਰਦਿਆਂ ਮੇਰੀ ਇੱਕ ਸਾਲ ਦੀ ਤਨਖਾਹ ਤੇ ਲੱਗੀ ਰੋਕ ਹਟਾ ਦਿੱਤੀ ਤੇ ਤਨਖਾਹ ਤੁਰੰਤ ਰਲੀਜ਼ ਕਰਨ ਦੇ ਹੁਕਮ ਦਿੱਤੇ। ਨਾਲ ਹੀ ਡਿਪਲੋਮਾ ਅਤੇ ਡਿਗਰੀ ਦਾ ਬਾਉੰਡ ਇਕੱਠਾ (ਕਲੱਬ) ਕਰਕੇ 7 ਸਾਲਾ ਕਰ ਦਿੱਤਾ। ਮੇਰੇ ਲਈ ਇਹ ਬਹੁਤ ਵੱਡੀ ਰਾਹਤ ਸੀ ਕਿਉਂਕਿ ਮੇਰਾ ਤਾਂ ਗੁਜ਼ਾਰਾ ਹੀ ਤਨਖਾਹ ਨਾਲ ਹੋਣਾ ਸੀ। ਸਾਡੇ ਮਹਿਕਮੇ ਦਾ ਪ੍ਰੋਫੈਸਰ ਇੰਚਾਰਜ ਡਾ ਬੀ ਅੈਮ ਕਲਨ ਪੜ੍ਹਾਈ ਬੜੀ ਸ਼ਿੱਦਤ ਨਾਲ ਕਰਵਾਉਂਦਾ ਸੀ ਅਤੇ ਹਫਤੇ ਚ ਕਰੀਬ ਦੋ ਸੈਮੀਨਾਰ ਜ਼ਰੂਰ ਲੱਗਦੇ ਸਨ। ਹਰ ਸੈਮੀਨਾਰ ਵਿੱਚ ਵਿਸ਼ੇ ਦੀ ਪੇਸ਼ਕਾਰੀ ਪਿੱਛੋਂ ਸਵਾਲ ਅਤੇ ਬਹਿਸ ਬਹੁਤ ਕੰਮ ਦੀ ਹੁੰਦੀ ਸੀ। ਵੈਸੇ ਪੋਸਟ ਗੈਜੂਏਸ਼ਨ ਕਰਨਾ ਤਾਂ ਨਿਰਭਰ ਹੀ ਬੌਸ ਤੇ ਹੁੰਦਾ ਹੈ। ਬੋਸ ਦੀ ਮੇਹਰਬਾਨੀ ਤੋਂ ਬਿਨਾਂ ਡਿਗਰੀ ਹਾਸਲ ਕਰਨਾ ਸੰਭਵ ਹੁੰਦਾ ਹੀ ਨਹੀ। ਪ੍ਰੀਖਿਆ ਦੇ ਪੇਪਰਾਂ ਦੀ ਸੈਟਿੰਗ ਤਾਂ ਕਰਦੇ ਹੀ ਬੌਸ ਹਨ। ਇਸ ਕਰਕੇ ਉਨ੍ਹਾਂ ਦੀ ਖੁਸ਼ੀ ਹੀ ਸਿੱਖਿਆਰਥੀਅਾਂ ਦੀ ਖੁਸ਼ੀ ਹੁੰਦੀ।ਸਾਡੇ ਬੌਸ ਦਾ ਸੁਭਾਅ ਬਹੁਤੀ ਖੁਸ਼ਅਾਮਦ ਕਰਵਾਉਣ ਵਾਲਾ ਭਾਵੇਂ ਨਹੀਂ ਸੀ ਪਰ ਫਿਰ ਵੀ ਡਰ ਤਾਂ ਬਣਿਅਾ ਹੀ ਰਹਿੰਦਾ ਸੀ। ਮੈਂ ਤਾਂ ਫਿਰ ਵੀ ਆਪਣੇ ਥੀਸਸ ਦੇ ਗਾਈਡ ਤੇ ਮਹਿਕਮੇ ਦੇ ਪੋ੍ਫੈਸਰ ਇੰਚਾਰਜ ਦੋਹਾਂ ਦਾ ਖਿਅਾਲ ਰੱਖਣਾ ਹੁੰਦਾ ਸੀ। ਵਿਆਹ ਤੋਂ ਲੈ ਕੇ ਹੁਣ ਤੱਕ ਦੀ ਘਰ ਦੀ ਸਮੁੱਚੀ ਜ਼ਿੰਮੇਵਾਰੀ ਮੇਰੀ ਸੁਪਤਨੀ ਅਮਰਜੀਤ ਕੌਰ ਬਹੁਤ ਸੁਚੱਜੇ ਢੰਗ ਨਾਲ ਨਿਭਾਉੰਦੀ ਅਾ ਰਹੀ ਸੀ ਜਿਸ ਕਰਕੇ ਬੱਚਿਆਂ ਦਾ ਫਿਕਰ ਮੈਨੂੰ ਘੱਟ ਹੀ ਰਹਿੰਦਾ ਸੀ। ਦੂਜੇ ਸਾਲ ਦੀ ਪੜ੍ਹਾਈ ਮੌਕੇ ਮੈਂ ਦੋਨੋਂ ਬੱਚਿਆਂ ਨੂੰ ਇਕੱਠਿਆਂ ਅੰਮ੍ਰਿਤਸਰ ਮਾਡਰਨ ਸਕੂਲ ਵਿੱਚ ਪੜ੍ਹਨ ਲਾ ਦਿੱਤਾ। ਇਹ ਸਕੂਲ ਨਵਾਂ ਬਣਿਆ ਸੀ ਅਤੇ ਫੋਰ ਐੱਸ ਸਕੂਲ ਦੀ ਬ੍ਰਾਂਚ ਸੀ। ਪੰਜਾਬੀ ਦਾ ਉੱਥੇ ਮਾਹੌਲ ਸੀ ਅਤੇ ਉਨ੍ਹਾਂ ਨੂੰ ਸਿੱਖ ਇਤਹਾਸ ਦੀ ਸਿਖਿਅਾ ਵੀ ਨਾਲੋ ਨਾਲ ਦਿੱਤੀ ਜਾਂਦੀ ਸੀ। ਐਮ ਡੀ ਦੀ ਪੜ੍ਹਾਈ ਨੇ ਪੜ੍ਹਾਈ ਚ ਪਹਿਲਾਂ ਰਹੀ ਕਸਰ ਮਸਰ ਦੀ ਕਾਫੀ ਭਰਪਾਈ ਕਰ ਕੀਤੀ ਤੇ ਮੈਂ ਗਿਆਨ ਭਰਪੂਰ ਮਹਿਸੂਸ ਕਰਨ ਲੱਗਿਅਾ, ਜਿਸ ਨਾਲ ਮੇਰਾ ਸਵੈ-ਵਿਸਵਾਸ਼ ਵੀ ਵਧਿਅਾ। ਸਾਰਕ ਦੇਸ਼ਾਂ ਦੀ ਛਾਤੀ ਦੇ ਰੋਗਾਂ ਦੀ ਆਲਮੀ ਕਾਨਫਰੰਸ ਇਸ ਬਾਰ ਲਾਹੌਰ ਪਾਕਿਸਤਾਨ ਵਿਖੇ ਹੋਣੀ ਤਹਿ ਹੋਈ ਤਾਂ ਉਸ ਦਾ ਸੱਦਾ ਸਾਨੂੰ ਵੀ ਮਿਲਿਆ ਤੇ ਅਸੀਂ ਆਪਣਾ ਪੇਪਰ ਪੜ੍ਹਨ ਲਈ ਉਥੇ ਜਾਣ ਦੀ ਤਿਆਰੀ ਵਿੱਚ ਜੁੱਟ ਗਏ ਮੇਰੇ ਨਾਲ ਮੇਰੇ ਦੋ ਪ੍ਰੋਫੈਸਰਾਂ ਨੇ ਵੀ ਜਾਣਾ ਸੀ। ਮੈਂ ਆਪਣਾ ਐਮਰਜੈਂਸੀ ਪਾਸਪੋਰਟ ਪਹਿਲੀ ਵਾਰ ਬਣਵਾਇਆ ਤੇ ਵੀਜ਼ਾ ਲਵਾਉਣ ਲਈ ਪਾਕਿਸਤਾਨ ਦੀ ਅੰਬੈਸੀ ਪਹੁੰਚੇ ਪਰ ਪਾਕਿਸਤਾਨ ਅੰਦਰਲੇ ਹਾਲਾਤ ਠੀਕ ਨਾ ਹੋਣ ਕਰਕੇ ਉਨ੍ਹਾਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਸਾਡਾ ਤਿਆਰੀ ਧਰੀ ਧਰਾਈ ਰਹਿ ਗਈ। ਮੇਰੀ ਅੈਮ ਡੀ ਦੀ ਦੋ ਸਾਲਾ ਪੜ੍ਹਾਈ ਪੂਰੀ ਹੋ ਗਈ ਤੇ ਮੈਂ ਇਸ ਦਾ ਇਮਤਿਹਾਨ ਵੀ ਸਫਲਤਾ ਪੂਰਵਕ ਪਾਸ ਕਰ ਲਿਅਾ। ਇਸ ਪਿੱਛੋਂ ਦੀ ਪੋਸਟਿੰਗ ਫੀਲਡ ਵਿੱਚ ਕੀਤੀ ਜਾਣੀ ਸੀ। ਮੇਰੇ ਸੀਨੀਅਰ ਡਾਕਟਰਾਂ ਨੇ ਤਾਂ ਮੈਨੂੰ ਰਾਇ ਦਿੱਤੀ ਸੀ ਕਿ ਮੈਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਅੰਦਰ ਹੀ ਪੋਸਟਿੰਗ ਕਰਵਾ ਲਵਾਂ ਪਰ ਮੈਨੂੰ ਤਾਂ ਬਠਿੰਡੇ ਵਾਪਸ ਆਉਂਦਾ ਝੱਲ ਰਹਿੰਦਾ ਸੀ ਕਿ ਕਦੋਂ ਵਾਪਸ ਬਠਿੰਡੇ ਅਾ ਕੇ ਰਹਿਣ ਲੱਗਾਂ ਤੇ ਬੱਚਿਆਂ ਨੂੰ ਸੈੰਟ ਜੌਸਿਫ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕਰਨ ਲਾਵਾਂ। ਬਦਲੀ ਵਾਸਤੇ ਆਪਣੀ ਮਰਜ਼ੀ ਦਾ ਸਟੇਸ਼ਨ ਲੈਣ ਲਈ ਅਸਰ ਰਸੂਖ ਵਰਤਣਾ ਪੈਂਦਾ ਸੀ। ਕੇਂਦਰ ਦੀ ਨਰਸਿਮਹਾ ਰਾਓ ਦੀ ਸਰਕਾਰ ਮੌਕੇ ਸੰਘੀ ਲਾਣੇ ਵਲੋਂ ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਨੇ ਦੇਸ਼ ਚ ਕੁੱਝ ਤਣਾਅਾ ਜਿਹਾ ਪੈਦਾ ਕਰ ਰਖਿਅਾ ਸੀ। ਪੰਜਾਬ ਚ ਲੱਗਿਆ ਗਵਰਨਰੀ ਰਾਜ ਉਦੋਂ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਨਵੀਂ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸ.ਬੇਅੰਤ ਸਿੰਘ ਬਣੇ। ਚੋਣਾਂ ਦਾ ਅਕਾਲੀ ਪਾਰਟੀ ਨੇ ਉਦੋਂ ਬਾਇਕਾਟ ਕੀਤਾ ਸੀ, ਜਿਸ ਕਰਕੇ ਸਿਰਫ਼ ਦਸ ਫ਼ੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ ਸਨ। ਸਾਡਾ ਹੀ ਇੱਕ ਤੇਜ਼ਤਰਾਰ ਸਾਥੀ ਰਾਜਾਸਾਂਸੀ (ਅੰਮ੍ਰਿਤਸਰ) ਦੇ ਹਵਾਈ ਅੱਡੇ ਮੈਡੀਕਲ ਅਫਸਰ ਸੀ। ਡਾਕਟਰ ਅਕਸਰ ਉਸ ਰਾਹੀਂ ਚੰਡੀਗੜ੍ਹ ਤੋਂ ਬਦਲੀਆਂ ਕਰਵਾਉੰਦੇ ਸਨ। ਮੇਰੀ ਹੋਰ ਕੋਈ ਪਹੁੰਚ ਨਾ ਹੋਣ ਕਰਕੇ ਮੈਂ ਵੀ ਉਸ ਨੂੰ ਕਹਿ ਦਿੱਤਾ ਕਿ ਉਹ ਮੇਰੀ ਬਦਲੀ ਬਠਿੰਡੇ ਦੀ ਸਿਵਲ/ਚਿਲਡਰਨ ਹਸਪਤਾਲ ਦੀ ਕਰਵਾ ਦੇਵੇ। ਮੈਨੂੰ ਨਹੀਂ ਸੀ ਪਤਾ ਕਿਉਂ ਇਸ ਬਦਲੇ ਕੀ ਮੰਗ ਕਰੇਗਾ। ਬਦਲੀ ਕਰਵਾਉਣ ਦਾ ਉਸ ਦਾ ਆਪਣਾ ਹੀ ਢੰਗ ਤਰੀਕਾ ਸੀ। ਇਹਨਾਂ ਹੀ ਦਿਨਾਂ ਦੌਰਾਨ ਮੇਰੇ ਇੱਕ ਪੀਐਸਯੂ ਵੇਲੇ ਸਾਡੇ ਨਾਲ ਸਰਗਰਮੀ ਕਰਦੇ ਤੇ ਅਾਈਟੀਅਾਈ ਸਰਹਿੰਦ ਤੋਂ ਪੜ੍ਹੇ ਪੁਰਾਣੇ ਆੜੀ ਰਾਮ ਸਰੂਪ ਜਿੰਦਲ ਦਾ ਸੁਨੇਹਾ ਮਿਲਿਆ ਕਿ ਤੇਰੀ ਤੇ ਡਾ ਬਰਜਿੰਦਰ ਸਿੰਘ ਸੋਹਲ ਦੀ ਮੈਨੂੰ ਕਾਫੀ ਯਾਦ ਆਉਂਦੀ ਹੈ, ਕਦੇ ਨਾ ਕਦੇ ਜ਼ਰੂਰ ਮਿਲ ਕੇ ਜਾਓ। ਮੈਨੂੰ ਤਾਂ ਉਸ ਗੱਲ ਦਾ ਚਾਅ ਹੀ ਚੜ੍ਹ ਗਿਆ ਕਿ ਕਿੰਨੇ ਸਾਲਾਂ ਪਿੱਛੋਂ ਇੱਕ ਦੋਸਤ ਨੇ ਯਾਦ ਕੀਤਾ ਹੈ। ਮੈਂ ਪਰਿਵਾਰ ਸਮੇਤ ਉਸ ਨੂੰ ਉਸ ਦੇ ਸਰਕਾਰੀ ਕੁਅਾਟਰ ਨੰ 3033, ਸੈਕਟਰ-39 ਡੀ ਵਿੱਚ ਮਿਲਿਆ। ਉਸ ਨੇ ਮੈਨੂੰ ਦੱਸਿਆ ਕਿ ਮੈਂ ਅੱਜ ਕੱਲ੍ਹ ਮਿੰਨੀ ਸਕੱਤਰੇਤ ਅੰਦਰਲੇ ਪੀ ਡਬਲਯੂ ਡੀ ਵਿਭਾਗ ਵਿੱਚ ਜੂਨੀਅਰ ਸਹਾਇਕ ਵਜੋਂ ਨੌਕਰੀ ਕਰਦਾ ਹਾਂ। ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਕੋਈ ਚੰਡੀਗੜ੍ਹ ਦਾ ਕੰਮ ਹੋਵੇ ਤਾਂ ਦੱਸੀਂ। ਗੱਲਾਂ ਗੱਲਾਂ ਵਿੱਚ ਮੈਂ ਉਸ ਨੂੰ ਆਪਣੀਆਂ ਬਦਲੀ ਬਾਰੇ ਕਹਿ ਦਿੱਤਾ ਤਾਂ ਉਸ ਨੇ ਕਿਹਾ ਕਿ ਮੇਰਾ ਇੱਕ ਦੋਸਤ ਸਿਹਤ ਮਹਿਕਮੇ ਵਿੱਚ ਹੈ ਉਹ ਇਹ ਕੰਮ ਜ਼ਰੂਰ ਕਰ ਦੇਵੇਗਾ। ਬੱਸ ਫਿਰ ਕੀ ਸੀ ਰਾਮ ਸਰੂਪ ਜਿੰਦਲ ਨੇ ਮੇਰੀ ਬਦਲੀ ਉਸੇ ਸ਼ਖ਼ਸ ਤੋਂ ਬਠਿੰਡੇ ਦੀ ਕਰਵਾ ਦਿੱਤੀ, ਜਿਸ ਨੂੰ ਅੰਮ੍ਰਿਤਸਰ ਵਾਲੇ ਡਾਕਟਰ ਨੇ ਕਹਿਣਾ ਸੀ। ਮੇਰਾ ਜੋ ਫਾਲਤੂ ਖਰਚਾ ਹੋਣਾ ਸੀ ਉਹ ਬਚ ਗਿਆ। ਬਦਲੀਆਂ ਦੀ ਲਿਸਟ ਕਿਸੇ ਕਾਰਨ ਲੇਟ ਹੋ ਗਈ ਪਰ ਉਧਰੋਂ ਕਾਨਵੇਂਟ ਸਕੂਲ ਦੇ ਦਾਖਲ ਸ਼ੁਰੂ ਹੋ ਚੁੱਕੇ ਸਨ। ਇਸ ਦੌਰਾਨ ਮੈਂ ਅਾਪਣਾ ਪੁਰਾਨਾ ਸਕੂਟਰ ਵੇਚ ਦਿੱਤਾ ਤੇ ਇੱਕ ਨਵਾਂ ਵੈਸਪਾ ਸੈਲਫ ਸਟਾਰਟ ਸਕੂਟਰ ਕਠੂਏ ਤੋਂ 25 ਹਜ਼ਾਰ ਚ ਖਰੀਦ ਲਿਅਾਂਦਾ। ਮੈਂ ਬਦਲੀ ਤੋਂ ਪਹਿਲਾਂ ਹੀ ਮਹਿਕਮੇ ਦੇ ਕੁਆਰਟਰ ਨੂੰ ਤਾਲਾ ਮਾਰ ਕੇ ਬਠਿੰਡਾ ਅਾ ਪਹੁੰਚਿਆ ਤੇ ਕਾਨਵੇਂਟ ਸਕੂਲ ਬਠਿੰਡੇ ਬੱਚਿਆਂ ਦੇ ਦਾਖਲੇ ਲਈ ਇੰਟਰਵਿਊ ਦਿਵਾਈ। ਛੋਟਾ ਬੇਟਾ ਸੁਹੇਲ ਤਾਂ ਚੁਣਿਅਾ ਗਿਅਾ ਪਰ ਵੱਡਾ ਪਵੇਲ ਉਹਨਾਂ ਨੇ ਨਾ ਰੱਖਿਅਾ। ਇਹ ਮਾਮਲਾ ਕੁੱਝ ਦਿਨ ਲਟਕਿਅਾ ਰਿਹਾ। ਮੈਂ ਅੈਸਡੀਅੈਮ ਤੋਂ ਵੀ ਕਹਾਇਅਾ ਪਰ ਉਹ ਨਾ ਮੰਨੇ। ਅੰਤ ਨੂੰ ਕਈ ਗੇੜੇ ਲਵਾ ਕੇ ਅਾਪੇੰ ਮੰਨ ਗਏ। ਫੀਸ ਦੋਹਾਂ ਦੀ ਭਰ ਦਿੱਤੀ ਤੇ ਵੱਡੇ ਬੇਟੇ ਪਵੇਲ ਨੂੰ ਰਾਮਪੁਰੇ ਪੁਰਾਨੇ ਦੋਸਤ ਸੁਰਿੰਦਰ ਗੁਪਤਾ ਦੇ ਘਰੇ ਛੱਡਿਅਾ ਕਿ ਉਥੋਂ ਰੋਜਾਨਾ ਵੈਨ ਤੇ ਬਠਿੰਡੇ ਅਾ ਜਾਇਅਾ ਕਰੇਗਾ। ਮੇਰੀ ਡਿਉੂਟੀ ਅਜੇ ਵੀ ਅੰਮ੍ਰਿਤਸਰ ਸੀ ਜਿਸ ਕਰਕੇ ਵਾਪਸ ਅਸੀਂ ਅੰਮ੍ਰਿਤਸਰ ਅਾ ਗਏ। ਕੁੱਝ ਦਿਨਾਂ ਪਿਛੋਂ ਸੁਰਿੰਦਰ ਗੁਪਤਾ ਦਾ ਸੁਨੇਹਾ ਮਿਲਿਅਾ ਕਿ ਪਵੇਲ ਬੇਟਾ ਓਦਰ ਗਿਅਾ ਹੈ ਤੇ ਜੀ ਨਹੀਂ ਲਾ ਰਿਹਾ, ਇਸ ਲਈ ਤੁਸੀਂ ਅਾ ਕੇ ਇਸ ਨੂੰ ਸੰਭਾਲੋ। ਮੈਂ ਫਿਰ ਅੰਮ੍ਰਿਤਸਰ ਤੋਂ ਗੈਰ ਹਾਜ਼ਰ ਹੋਕੇ ਪੀ੍ਵਾਰ ਸਮੇਤ ਰਾਮਪੁਰੇ ਅਾ ਗਿਅਾ ਤੇ ਬੱਚੇ ਕੋਲ ਰਹਿ ਕੇ ਉਸ ਨੂੰ ਸਕੂਲ ਭੇਜਣ ਲੱਗਿਅਾ। ਬਦਲੀਅਾਂ ਦੀ ਲਿਸਟ ਬਹੁਤ ਲੇਟ ਹੋ ਗਈ ਤੇ ਮੈਂ ਕਸੂਤਾ ਫਸ ਗਿਅਾ। ਸੁਰਿੰਦਰ ਗੁਪਤੇ ਤੇ ਪਾਇਆ ਬੋਝ ਮੈਨੂੰ ਮਹਿਸੂਸ ਹੋਣ ਲੱਗਿਅਾ ਤਾਂ ਅਸੀਂ ਉਥੋਂ ਬਠਿੰਡੇ ਇੱਕ ਹੋਰ ਦੋਸਤ ਸੰਤੋਖ ਮੱਲਣ ਦੇ ਥਰਮਲ ਕਲੌਨੀ ਵਾਲੇ ਕੁਅਾਟਰ ਚ ਉਸ ਕੋਲ ਹਫਤਾ ਕੁ ਰਹੇ। ਅੰਤ ਨੂੰ ਬਦਲੀ ਨਾ ਅਾਉਣ ਦੇ ਬਾਵਜੂਦ ਮੈਂ ਅਾਪਣਾ ਘਰ ਦਾ ਸਾਰਾ ਸਮਾਨ ਅੰਮ੍ਰਿਤਸਰ ਤੋਂ ਬਠਿੰਡੇ ਬੀਬੀ ਵਾਲਾ ਰੋਡ ਤੇ ਗੁਲਜੀਤ ਸਿੰਘ ਦੇ ਗੁਅਾਂਢ ਇੱਕ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਕਰ ਲਿਅਾ। ਬੱਚੇ ਤਾਂ ਰੇਗੂਲਰ ਸਕੂਲ ਜਾਣ ਲੱਗ ਪਏ ਪਰ ਮੇਰੀ ਬਦਲੀ ਵਿੱਚੇ ਲਟਕੀ ਪਈ ਸੀ। ਇਹ ਵੀ ਡਰ ਲੱਗਦਾ ਸੀ ਕਿ ਜੇ ਬਦਲੀ ਬਠਿੰਡੇ ਦੀ ਨਾ ਹੋਈ ਤਾਂ ਕਿਵੇਂ ਕਰਾਂਗੇ। ਮਹੀਨੇ ਦੇ ਅਾਖੀਰ ਵਿੱਚ ਜਾ ਕੇ ਇਹ ਦਵੰਦ ਹੱਲ ਹੋਇਅਾ ਤੇ ਮੈਂ ਬਠਿੰਡੇ ਦੇ ਸਿਵਲ ਹਸਪਤਾਲ ਮੈਡੀਕਲ ਅਫਸਰ ਜਾਇਨ ਕਰ ਲਿਅਾ। ਮੇਰੀ ਛਾਤੀ ਦੇ ਰੋਗਾਂ ਦੇ ਮਾਹਿਰ ਦੀ ਇਥੇ ਕੋਈ ਵੱਖਰੀ ਪੋਸਟ ਤਾਂ ਹੈ ਨਹੀਂ ਸੀ, ਇਥੇ ਮੇਰੇ ਤੋਂ ਜਨਰਲ ਮੈਡੀਸਨ ਦਾ ਕੰਮ ਹੀ ਲਿਅਾ ਜਾਂਦਾ ਸੀ। ਕੁਝ ਮਹੀਨਿਆਂ ਪਿਛੋਂ ਮੈਨੂੰ ਮਕਾਨ ਬਦਲਣਾ ਪਿਅਾ ਤੇ ਮੈਂ ਪਾਵਰ ਹਾਉੂਸ ਰੋਡ ਦੀ ਬੰਦ ਗਲੀ ਚ ਮਕਾਨ ਲੈ ਲਿਅਾ। ਇਸੇ ਮਕਾਨ ਦੇ ਪਿਛਲੇ ਹਿਸੇ ਵਿੱਚ ਕੇਵਲ ਕਿ੍ਸ਼ਨ ਜੀਦਾ ਰਹਿਣ ਲੱਗਿਅਾ ਤੇ ਉਪਰਲੇ ਵਿੱਚ ਸੁਰਿੰਦਰ ਗੁਪਤਾ। ਕੇਵਲ ਦਾ ਦਿਲ ਦਾ ਅਪਰੇਸ਼ਨ ਦਿੱਲੀ ਤੋਂ ਹੋਇਅਾ ਸੀ ਤੇ ਉਸ ਕੋਲ ਕੁੱਝ ਲਿਟਰੇਚਰ ਅਾਮ ਲੋਕਾਂ ਦੀ ਜਾਣਕਾਰੀ ਲਈ ਪਿਅਾ ਸੀ। ਉਹਨਾਂ ਨੇ ਮੈਨੂੰ ਰਾਇ ਦਿੱਤੀ ਕਿ ਮੈਂ ਇਸ ਲਿਟਰੇਚਰ ਤੋਂ ਸੇਧ ਲੈਕੇ ਲੋਕਾਂ ਨੂੰ ਬੀਮਾਰੀਆਂ ਦੀ ਜਾਣਕਾਰੀ ਦਿੰਦੀ ਇੱਕ ਕਿਤਾਬ ਬਣਾਵਾਂ। ਕੇਵਲ ਦੀ ਗੱਲ ਮੈਨੂੰ ਅਪੀਲ ਕੀਤੀ ਤੇ ਮੈਂ ਲਿਖਣਾ ਸੁਰੂ ਕਰ ਲਿਅਾ । ਮੈਂ ਪੰਜਾਬੀ ਵਿੱਚ ਜੋ ਲਿਖਦਾ ਉਹ ਪੰਜਾਬੀ ਟਿ੍ਬਿਉੂਨ ਨੂੰ ਭੇਜ ਦਿੰਦਾ ਤੇ ਉਹ ਸਿਹਤ ਸੰਭਾਲ ਸਫੇ ਤੇ ਛਾਪ ਦਿੰਦੇ। ਮੈਨੂੰ ਇਸ ਨਾਲ ਕੁੱਝ ਹੱਲਾਸ਼ੇਰੀ ਮਿਲਦੀ। ਕੁਝ ਮਹੀਨਿਆਂ ਵਿੱਚ ਹੀ ਇੱਕ ਕਿਤਾਬ ਜਿੰਨਾ ਮੈਟਰ ਇੱਕਠਾ ਹੋ ਗਿਅਾ। ਮੈਂ ਨਵਕਿਰਨ ਤੋਂ ਮਦਦ ਲੈ ਕੇ ਕਿਤਾਬ ਸੈੱਟ ਕੀਤੀ ਤੇ ਤਰਕ ਭਾਰਤੀ ਪ੍ਕਾਸ਼ਨ ਬਰਨਾਲੇ ਵਾਲੇ ਅਮਿਤ ਮਿੱਤਰ ਤੋਂ ਛਪਵਾ ਲਈ। ਸਿਹਤ ਸੰਭਾਲ ਨਾਂ ਸੀ ਇਹ ਕਿਤਾਬ ਬਹੁਤ ਚਰਚਿਤ ਹੋਈ। ਪਰ ਮੇਰੇ ਸਿਹਤ ਮਹਿਕਮੇ ਨੇ ਇਸ ਤੇ ਪਾਬੰਦੀ ਲਾਉਂਦੇ ਹੋਏ ਮੇਰੀ ਜੁਅਾਬ ਤਲਬੀ ਲਈ ਨੋਟਿਸ ਜਾਰੀ ਕਰ ਦਿੱਤਾ। ਮਹਿਕਮੇ ਨੇ ਦੋਸ਼ ਲਾਇਅਾ ਕਿ ਮੈਂ ਮਹਿਕਮੇ ਤੋਂ ਇਜਾਜ਼ਤ ਲਏ ਬਗੈਰ ਕਿਤਾਬ ਲਿਖੀ ਹੈ। ਸਾਹਿਤਕ ਹਲਕਿਆਂ ਨੇ ਇਸ ਦਾ ਗੰਭੀਰ ਨੋਟਿਸ ਲਿਅਾ ਤੇ ਚਾਰੇ ਪਾਸਿਉਂ ਇਸ ਦੀ ਨਿੰਦਾ ਸ਼ੁਰੂ ਕਰ ਦਿੱਤੀ। ਮੈਂ ਮਹਿਕਮੇ ਵਲੋਂ ਜਾਰੀ ਨੋਟਿਸ ਦਾ ਜੁਅਾਬ ਦੇ ਦਿੱਤਾ ਕਿ ਸਾਇੰਸ,ਅਾਰਟ ਤੇ ਲਿਟਰੇਚਰ ਬਾਰੇ ਲਿਖਣ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ। ਚੰਡੀਗੜ੍ਹ ਤੋਂ ਅਜੀਤ ਅਖ਼ਬਾਰ ਦੇ ਸਟਾਫ ਰਿਪੋਰਟਰ ਬਲਜੀਤ ਬੱਲੀ ਨੇ ਇਸ ਸਬੰਧੀ ਸੰਪਾਦਕੀ ਪੰਨੇ ਤੇ ਵੀ ਲਿਖਿਆ। ਇਸ ਸਾਰੇ ਕਾਸੇ ਦੇ ਅਸਰ ਨੇ ਸਿਹਤ ਵਿਭਾਗ ਦੀ ਡਾਇਰੈਕਟਰ ਨੂੰ ਆਪਣੇ ਹੁਕਮ ਵਾਪਸ ਲੈਣ ਹੀ ਮਜਬੂਰ ਕਰ ਦਿੱਤਾ ਤੇ ਸਿਹਤ ਸੰਭਾਲ ਕਿਤਾਬ ਨੂੰ ਮਹਿਕਮੇ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ। ਸਾਹਿਤ ਦੇ ਖੇਤਰ ਵਿੱਚ ਮੇਰੀ ਇਹ ਮਾਨਯੋਗ ਜਿੱਤ ਸੀ। ਇਕ ਕਿਤਾਬ ਛਪਣ ਦੇ ਆਧਾਰ ਤੇ ਮੈਨੂੰ ਸਾਹਿਤ ਅਕੈਡਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜੀਵਨ ਮੈਂਬਰ ਵੀ ਮਿਲੀ। ਲੁਧਿਆਣੇ ਦੀ ਇੱਕ ਸ਼ਹੀਦ ਮੈਮੋਰੀਅਲ ਸੇਵਾ ਸੋਸਾਈਟੀ ਵੱਲੋਂ ਇਸੇ ਸਾਲ ਡਾਕਟਰਜ਼-ਡੇ ਤੇ ਮੈਨੂੰ ਐਵਾਰਡ ਅਾਫ ਅਾਨਰ ਵੀ ਦਿੱਤਾ ਗਿਆ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਦੀ ਸਰਪ੍ਰਸਤੀ ਵਾਲੀ ਇੱਕ ਸੰਸਥਾ ਨੇ ਮੈਨੂੰ ਪੰਜਾਬ ਰਤਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ। ਪੀਪਲਜ਼ ਫੋਰਮ ਬਰਗਾੜੀ ਅਤੇ ਲੋਕ ਸੱਭਿਆਚਾਰਕ ਮੰਚ ਜੈਤੋ ਵੱਲੋਂ ਉਸ ਸਾਲ ਦਾ ਸਨਮਾਨ ਮੈਨੂੰ ਦਿੱਤਾ ਗਿਆ। ਮੇਰੀ ਇਸ ਕਿਤਾਬ ਦਾ ਮੁੱਖ ਬੰਦ ਪਦਮ ਸ਼ੀ੍ ਗੁਰਦਿਆਲ ਸਿੰਘ ਗਿਆਨ ਪੀਠ ਅਵਾਰਡੀ ਵਲੋਂ ਲਿਖਿਅਾ ਗਿਅਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਮੁੱਖੀ ਸੁਰਜੀਤ ਸਿੰਘ ਭੱਟੀ ਵੱਲੋਂ ਕੁੱਝ ਸ਼ਬਦ ਲਿਖੇ। ਇਸ ਅਖਬਾਰ ਦੇ ਰੀਵਿਊ ਕਈ ਲੋਖਕਾਂ ਵੱਲੋਂ ਲਿਖੀੇ ਅਤੇ ਅਖ਼ਬਾਰ ਵਿੱਚ ਛਪੇ। ਲੋਕਾਂ ਵੱਲੋਂ ਮਿਲੇ ਇਸ ਹੁੰਗਾਰੇ ਸਦਕਾ ਮੈਂ ਹੋਰ ਅੱਗੇ ਲਿਖਣ ਲਈ ਉਤਸ਼ਾਹਤ ਹੋਇਆ। ਮੇਰਾ ਲਿਖਣ ਦਾ ਖੇਤਰ ਸਿਹਤ ਸਬੰਧੀ ਬਿਮਾਰੀਆਂ ਅਤੇ ਉਨ੍ਹਾਂ ਦੇ ਕਾਰਨ ਤੇ ਉਪਾਅ ਹੁੰਦਾ ਸੀ। ਇਸ ਤੋਂ ਬਾਅਦ ਡਾਕਟਰ ਦੀ ਸਲਾਹ,ਤੰਦਰੁਸਤ ਕਿਵੇਂ ਰਹੀਏ,ਸਿਹਤ ਫੁਲਵਾੜੀ ,ਤੰਦਰੁਸਤੀ ਇੱਕ ਨਿਆਮਤ, ਰੋਗਾਂ ਦੇ ਕਾਰਨ ਇਲਾਜ ਤੇ ਉਪਾਅ, ਜਲਵਾਯੂ ਪ੍ਰਦੂਸ਼ਣ ਅਤੇ ਸਿਹਤ ਸਮੱਸਿਆਵਾਂ ਛੇ ਕਿਤਾਬਾਂ ਵੱਖੱ ਵੱਖ ਰੋਗਾਂ ਸਬੰਧੀ ਜਾਣਕਾਰੀ ਦਿੰਦੀਆਂ ਲਿਖੀਅਾਂ। ਹਰੇਕ ਕਿਤਾਬ ਵਿੱਚ ਕਰੀਬ 50 ਲੇਖ ਸ਼ਾਮਲ ਕੀਤੇ ਗਏ। ਮੇਰੇ ਇੱਕ ਹੋਰ ਪੇ੍ਣਾ ਸਰੋਤ ਡਾ ਟੀ ਅਾਰ ਵਿਨੋਦ ਸਾਬਕਾ ਮੁਖੀ ਪੰਜਾਬੀ ਯੂਨਿਵਰਸਿਟੀ ਰਿਜ਼ਨਲ ਸੈੰਟਰ ਬਠਿੰਡਾ ਨੇ ਇਹ ਸਾਰੀਆਂ ਕਿਤਾਬਾਂ ਪੜ੍ਹਨ ਪਿਛੋਂ ਰਾਇ ਦਿੱਤੀ ਕਿ ਮੇਰੀਆਂ ਇਹ ਕਿਤਾਬਾਂ ਰੋਗਾਂ ਬਾਰੇ ਵਿਗਿਆਨਕ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਜੋ ਲੋਕ ਭੁੱਖਮਰੀ, ਗਰੀਬੀ ਤੇ ਕੁਪੋਸ਼ਣ ਕਾਰਨ ਅਾਪਣੀ ਸਿਹਤ ਦਾ ਲੋੜੀਂਦਾ ਮਿਅਾਰ ਹੀ ਕਾਇਮ ਨਹੀਂ ਰੱਖ ਸਕਦੇ, ਉਹਨਾਂ ਲਈ ਤੁਹਾਡੀਅਾਂ ਕਿਤਾਬਾਂ ਬਹੁਤਾ ਅਰਥ ਨਹੀਂ ਰਖਦੀਅਾਂ। ਕਹਿਣ ਤੋਂ ਉਹਨਾਂ ਦਾ ਭਾਵ ਸੀ ਕਿ ਮੈਂ ਵਿਗਿਆਨਕ ਨਜ਼ਰੀਏ ਤੋਂ ਸਮਾਜ ਦੀਆਂ ਉਹਨਾਂ ਸਮਸਿਆਵਾਂ ਬਾਰੇ ਵੀ ਲਿਖਾਂ ਜਿਹਨਾਂ ਕਾਰਨ ਬੀਮਾਰੀਆਂ ਪੈਦਾ ਹੁੰਦਿਆਂ ਹਨ। ਦੇਸ਼ ਦੀਆਂ ਅਾਰਥਕ,ਰਾਜਸੀ ਤੇ ਸਭਿਆਚਾਰਕ ਹਾਲਤਾਂ ਵਿੱਚੋਂ ਪੈਦਾ ਹੁੰਦੀਆਂ ਵਿਕਿਰਤੀਅਾਂ ਹੀ ਰੋਗ ਪੈਦਾ ਕਰਦੀਆਂ ਹਨ। ਮੈਂ ਇਸ ਨਜ਼ਰੀਏ ਤੋਂ 'ਅਜੋਕਾ ਸਭਿਆਚਾਰ ਬੇਨਕਾਬ' ਇੱਕ ਲੇਖ ਸੰਗ੍ਰਹਿ ਛਪਵਾਇਅਾ ਜਿਸ ਦੀ ਸੰਪਾਦਕੀ ਡਾ ਟੀ ਅਾਰ ਵਿਨੋਦ ਨੇ ਲਿਖੀ। ਵਿਨੋਦ ਸਾਹਿਬ ਦੀ ਇਸ ਤੋਂ ਅੱਗੇ ਰਾਇ ਸੀ ਕਿ ਅਜੋਕੇ ਵਿਸ਼ਵੀਕਰਨ,ਉਦਾਰੀਕਰਨ ਤੇ ਨਿਜੀਕਰਨ ਤਹਿਤ ਵਿਉਂਤਬੰਦ ਕੀਤੀਆਂ ਅਾਰਥਕ ਨੀਤੀਆਂ ਨੂੰ ਬੇਨਕਾਬ ਕਰਨ ਲਈ ਇੱਕ ਵੱਡ ਅਕਾਰੀ ਕੋਈ ਕਿਤਾਬ ਲਿਖਣੀ ਬਣਦੀ ਹੈ। ਮੈਂ ਦੋ ਭਾਗਾਂ ਵਿੱਚ ਇਹਨਾਂ ਕਿਤਾਬਾਂ ਦਾ ਮੈਟਰ ਇੱਕਠਾ ਕੀਤਾ ਤੇ ਛਪਵਾਉਣ ਲਈ ਵਿਨੋਦ ਸਾਹਿਬ ਨੂੰ ਬੇਨਤੀ ਕੀਤੀ। ਉਹਨਾ ਨੇ ਲੋਕ ਗੀਤ ਪ੍ਕਾਸ਼ਨ ਸਰਹਿੰਦ (ਯੂਨੀਸਟਾਰ ਪਬਲੀਕੇਸ਼ਨ ਚੰਡੀਗੜ੍ਹ) ਵਾਲਿਆਂ ਨੂੰ ਇਹ ਦੋਨੋਂ ਕਿਤਾਬਾਂ ਅਾਪਣੇ ਖਰਚੇ ਤੇ ਛਾਪਣ ਲਈ ਮਨਾ ਲਿਅਾ। ਸੰਪਾਦਕੀ ਇਸ ਵਾਰੀ ਵੀ ਡਾ ਟੀਅਾਰ ਵਿਨੋਦ ਨੇ ਹੀ ਲਿਖੀ। ਕਰੀਬ 300-300 ਪੇਜ ਦੀਆਂ ਇਹ ਦੋਨੋਂ ਕਿਤਾਬਾਂ ਲਈ ਮੈਂ ਅਾਪਣੇ ਪਲਿਉੰ ਪ੍ਕਾਸ਼ਕ ਨੂੰ ਕੁੱਝ ਨਹੀਂ ਦਿੱਤਾ। ਲਾਇਬਰੇਰੀਆਂ ਤੱਕ ਕਿਤਾਬਾਂ ਦੀ ਵੰਡ ਵੀ ਲੋਕ ਗੀਤ ਪ੍ਕਾਸ਼ਨ ਵਾਲਿਆਂ ਅਾਪ ਮੇਰੇ ਨਾਂ ਹੇਠ ਕੀਤੀ। ਪਰ ਇਹਨਾਂ ਕਿਤਾਬਾਂ ਦਾ ਕੋਈ ਰਲੀਜ਼ ਸਮਾਗਮ ਨਹੀਂ ਕਰਵਾਇਆ ਜਾ ਸਕਿਆ ਜਿਵੇਂ ਮੇਰੀ ਪਹਿਲੀ ਕਿਤਾਬ ਸਿਹਤ ਸੰਭਾਲ ਦਾ ਪੋ੍ ਗੁਰਦਿਅਾਲ ਸਿੰਘ ਦੀ ਪ੍ਧਾਨਗੀ ਵਿੱਚ ਸਮਾਗਮ ਹੋਇਅਾ ਸੀ। ਇਸ ਵਾਰੀ ਦਾ ਕਾਰਨ ਸਾਹਿਤ ਸਭਾਵਾਂ ਚ ਕੁੱਝ ਖਾਸ ਲੇਖਕਾਂ ਦੀ ਪੁਗੱਤ ਤੇ ਉਹਨਾਂ ਵਲੋਂ ਕੀਤੇ ਜਾਂਦੇ ਜੋੜ ਤੋੜ ਬਣੇ। ਸਭਾਵਾਂ ਵਿੱਚ ਵੋਟਾਂ ਦੀ ਰਾਜਨੀਤੀ ਨੇ ਵੀ ਮਹੌਲ ਨੂੰ ਪ੍ਭਾਵਿਤ ਕੀਤਾ ਹੈ। ਇਹਨਾਂ ਦੋ ਵੱਡੀਆਂ ਕਿਤਾਬਾਂ ਦੇ ਛਪ ਜਾਣ ਪਿਛੋਂ ਉਸੇ ਲੋਕਗੀਤ ਪ੍ਕਾਸ਼ਨ ਤੋਂ ਦੋ ਹੋਰ ਵੱਡ ਅਾਕਾਰੀ ਕਿਤਾਬਾਂ ਮੈਂ ਛਪਣ ਲਈ ਉਹਨਾਂ ਨੂੰ ਦਿੱਤੀਆਂ ਪਰ ਇਸ ਵਾਰੀ ਉਹਨਾਂ ਦੀ ਕੁੱਝ ਰਾਸ਼ੀ ਪਹਿਲਾਂ ਜਮਾਂ ਕਰਵਾਉਣ ਦੀ ਸ਼ਰਤ ਪੂਰੀ ਕਰਨੀ ਪਈ। ਇਹਨਾਂ ਕਿਤਾਬਾਂ ਵਿੱਚ ਕੌਮੀ ਤੇ ਕੌਮਾਂਤਰੀ ਸਿਅਾਸਤ ਦੇ ਮਸਲੇ ਵਿਚਾਰੇ ਗਏ ਸਨ। ਮੈਨੂੰ ਜੋ ਕਿਤਾਬਾਂ ਪ੍ਕਾਸ਼ਕ ਦਿੰਦੇ ਉਹ ਮੈਂ ਮਸ਼ਹੂਰ ਲੇਖਕਾਂ ਨੂੰ ਡਾਕ ਰਾਹੀਂ ਜਰੂਰ ਭੇਜਦਾ। ਕੁੱਝ ਕੁ ਨੂੰ ਛੱਡ ਕੇ ਬਾਕੀਅਾਂ ਦਾ ਹੁੰਗਾਰਾ ਮੈਨੂੰ ਨਾ ਮਿਲਦਾ। ਫਿਰ ਵੀ ਮੈਂ ਅਾਪਣੀ ਤੋਰ ਤੁਰਦਾ ਰਿਹਾ। ਸਿਖਿਅਾ, ਸਭਿਅਾਚਾਰ,ਅੌਰਤਾਂ,ਮਜ਼ਦੂਰਾਂ ਅਾਦੀਵਾਸੀਅਾਂ,ਘੱਟ ਗਿਣਤੀਅਾ, ਕੌਮੀਅਤਾਂ, ਕਿਸਾਨਾ,ਨੌਜਵਾਨਾਂ,ਵਿਦਿਆਰਥੀਆਂ ਦੇ ਮਸਲਿਆਂ ਨੂੰ ਮੈਂ ਅਾਪਣੀਅਾਂ ਹੋਰ ਛਪਣ ਵਾਲਿਆਂ ਕਿਤਾਬਾਂ ਦੇ ਵਿਸ਼ੇ ਬਣਾਏ। ਕਿਤਾਬਾਂ ਦੇ ਨਾਂ ਮੈਂ ਵਿਸ਼ਿਅਾ ਮੂਜਵ ਰੱਖ ਲੈਂਦਾ ਸੀ। ਇਹਨਾਂ ਕੁੱਲ ਕਿਤਾਬਾਂ ਦੀ ਗਿਣਤੀ ਤਿੰਨ ਦਰਜਨ ਤੋਂ ਟੱਪ ਗਈ। ਖਰਚ ਵੀ ਕਾਫੀ ਹੋਇਅਾ। ਕਿਤਾਬਾਂ ਦੇ ਪ੍ਕਾਸ਼ਨ ਵਿੱਚ ਅਾਉੰਦੀਅਾਂ ਦਿਕਤਾਂ ਦਾ ਕੋਈ ਪੁਖਤਾ ਹੱਲ ਅਜੇ ਨਹੀਂ ਦਿਸਦਾ। ਪ੍ਕਾਸਕਾਂ ਵਲੋਂ ਲੇਖਕਾਂ ਦੀ ਕੀਤੀ ਜਾਂਦੀ ਲੁੱਟ ਨਿਰੰਤਰ ਜਾਰੀ ਹੈ। ਇਸ ਲਈ ਇਹ ਅਮਲ ਮੈਂਨੂੰ ਖਰਚੀਲਾ ਹੀ ਨਹੀਂ ਬਲਕਿ ਘਰ ਫੂਕ ਤਮਾਸ਼ਾ ਵੇਖਣ ਵਾਲਾ ਲੱਗਿਆ। ਸੰਨ 1996 ਵਿੱਚ ਮੇਰੀ ਪਤਨੀ ਨੂੰ ਸਕੂਲ ਟੀਚਰ ਦੀ ਪੱਕੀ ਨੌਕਰੀ ਮਿਲ ਗਈ। ਦੋ ਸਾਲ ਦੀ ਪੇਂਡੂ ਸਰਵਿਸ ਪੂਰੀ ਕਰ ਲੈਣ ਪਿਛੋਂ ਉਹ ਸ਼ਹਿਰ ਦੇ ਕੰਨਿਆ ਸੈਕਡਰੀ ਸਕੂਲ ਵਿੱਚ ਪੜਾਉਣ ਲੱਗੇ। ਇਸੇ ਸਾਲ ਮੈਂ ਅਾਪਣਾ ਮਕਾਨ ਬਣਾਉਣ ਦੀ ਸੋਚੀ। ਮੈਨੂੰ ਕਿਰਾਏ ਦੇ ਮਕਾਨਾਂ ਚ ਰਹਿੰਦਿਆਂ 18 ਸਾਲ ਹੋ ਗਏ ਸਨ। ਇਹਨਾਂ 18 ਸਾਲਾਂ ਚ ਮੈਂ ਘੱਟੋ ਘੱਟੋ 25 ਮਕਾਨ ਤਾਂ ਬਦਲੇ ਹੀ ਹੋਣਗੇ। ਮੈਂ ਜੋ ਇੱਕ ਪਲਾਟ ਅਾਪਣੀ ਬਚਤ ਚੋਂ ਪਹਿਲਾਂ ਲਿਅਾ ਹੋਇਅਾ ਸੀ ਉਹ ਬਦਲ ਕੇ ਬਸ ਅੱਡੇ ਦੇ ਥੋੜ੍ਹਾ ਨੇੜੇ ਬੀਬੀ ਵਾਲਾ ਰੋਡ ਤੇ ਲੈ ਕੇ ਮਹਿਕਮੇ ਤੋਂ ਲੋਨ ਲੈਣ ਦੀ ਫਾਇਲ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ। ਲੋਨ ਵਾਸਤੇ ਗਰੰਟੀ ਪਸ਼ੂ ਪਾਲਣ ਵਿਭਾਗ ਦੇ ਮੈਡੀਕਲ ਅਫਸਰ ਦੀ ਮੇਰੇ ਕਰੀਬੀ ਦੋਸਤ ਪ੍ਧਾਨ ਬਲਦੇਵ ਸਿੰਘ ਸੁਪਰਡੈੰਟ ਨੇ ਲੈ ਕੇ ਦਿੱਤੀ। ਮੈਨੂੰ ਜਦ ਵੀ ਲੋੜ ਪਈ ਤਾਂ ਦੋਸਤ ਹੀ ਕੰਮ ਅਾਉੰਦੇ ਰਹੇ। ਸਵੱਬ ਦੀ ਗੱਲ ਹੈ ਕਿ ਜਿਸ ਸਾਲ ਮਕਾਨ ਬਣਾਇਆ ਉਸ ਸਾਲ ਮੇਰੀ ਪਤਨੀ ਨੂੰ ਨੌਕਰੀ ਮਿਲੀ ਤੇ ਕਰਜ਼ਾ ਲਾਹੁਣਾ ਸੌਖਾ ਹੋ ਗਿਆ। ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਟਿਉੂਸ਼ਨਾਂ ਦੇ ਭਾਰੀ ਖਰਚੇ ਪੂਰੇ ਕਰਨ ਚ ਸਾਡੀਆਂ ਨੌਕਰੀਆਂ ਹੀ ਸਹਾਈ ਹੋਇਆਂ। ਇੱਕ ਵਾਰੀ ਤਾਂ ਮੈਨੂੰ ਵੀ ਪ੍ਮੋਟ ਕਰਨ ਪਿਛੋਂ ਸੀਨੀਅਰ ਮੈਡੀਕਲ ਅਫਸਰ ਬਣਾ ਕੇ ਗੁਰਦਾਸਪੁਰ ਭੇਜਣ ਦੇ ਅਾਰਡਰ ਕਰ ਦਿੱਤੇ ਤਾਂ ਮੈਂ ਇਹ ਪ੍ਮੋਸ਼ਨ ਲੈਣ ਤੋਂ ਨਾਂਹ ਕਰ ਦਿੱਤੀ। ਮੁੱਖ ਮੰਤਰੀ ਦੀ ਦਖਲਅੰਦਾਜੀ ਪਿਛੋਂ ਮੈਨੂੰ ਬਠਿੰਡੇ ਹੀ ਬੱਚਿਆਂ ਦੇ ਹਸਪਤਾਲ ਦਾ ਅੈਸਅੈਮਓ ਲਾ ਦਿੱਤਾ ਗਿਆ। ਮੇਰੀ ਜਿੰਦਗੀ ਦੀ ਇੱਕ ਹੋਰ ਮਾਣਮੱਤੀ ਪਾ੍ਪਤੀ ਇਹ ਹੋਈ ਕਿ ਵੱਡੇ ਬੇਟੇ ਪਵੇਲ ਸਿੰਘ ਨੇ ਅਾਲ ਇੰਡੀਆ ਇੰਸਟੀਚਿਊਟ ਅਾਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਦਾਖਲਾ ਟੈਸਟ ਦੀ ਮੈਰਿਟ ਵਿੱਚ 22 ਵਾਂ ਰੈੰਕ ਹਾਸਲ ਕਰ ਲਿਆ।ਉਸ ਸਾਲ ਬਠਿੰਡੇ ਤੋਂ ਉਹ ਇੱਕੋ ਇੱਕ ਵਿਦਿਆਰਥੀ ਸੀ ਜੋ ਏਮਜ਼ ਵਿੱਚ ਮੈਰਿਟ ਹਾਸਲ ਕਰ ਸਕਿਆ ਸੀ। ਮੈਨੂੰ ਲੱਗਿਆ ਕਿ ਉਹ ਮੇਰੇ ਅਾਸਾਂ ਤੇ ਪੂਰਾ ਉਤਰਿਅਾ, ਬਿਲਕੁਲ ਮੇਰੇ ਵਾਂਗ ਡਾਕਟਰੀ ਦੀ ਪੜ੍ਹਾਈ ਚ ਮੈਰਿਟ ਅਧਾਰਤ ਪੜ੍ਹਣ ਪਹੁੰਚਿਆ, ਨਹੀਂ ਤਾਂ ਮੇਰੇ ਜਿਹੇ ਨੌਕਰੀਪੇਸ਼ਾ ਸਖਸ਼ ਨੇ ਪਾ੍ਈਵੇਟ ਕਾਲਜਾਂ ਦੇ ਖਰਚੇ ਕਿਥੇ ਸਹਿਣ ਕਰ ਸਕਣੇ ਸੀ। ਸ਼ਹਿਰ ਦੇ ਇੱਕ ਬਲੈਕ ਮੇਲਰ ਨੇ ਮੇਰੇ ਨਾਲ ਖਾਰ ਖਾਂਦਿਅਾਂ ਇਨਕਮ ਟੈਕਸ ਮਹਿਕਮੇ ਨੂੰ ਇੱਕ ਸ਼ਕਾਇਤ ਭੇਜੀ ਕਿ ਮੇਰੇ ਬੇਟੇ ਪਵੇਲ ਦਾ ਦਾਖਲਾ ਮੈਂ ਤਿੰਨ ਕਰੋੜ ਰੁਪਏ ਦੀ ਰਿਸ਼ਵਤ ਦੇ ਕੇ ਕਰਵਾਇਅਾ ਹੈ। ਅਾਪਣੀ ਗੁਪਤ ਜਚ ਪਿਛੋਂ ਇਹ ਸ਼ਕਾਇਤ ਉਸ ਮਹਿਕਮੇ ਨੇ ਫਾਇਲ ਕਰ ਦਿੱਤੀ। ਸਕਾਇਤ ਦਾ ਕਾਰਨ ਸ਼ਾਇਦ ਇਹ ਸੀ ਕਿ ਮੈਂ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਅੈਮਅੈਸ ਅੈਸੋਸੀਏਸ਼ਨ ਦਾ ਜਿਲ੍ਹਾ ਪ੍ਧਾਨ ਸੀ ਤੇ ਇਸ ਕਰਕੇ ਡਾਕਟਰਾਂ ਨੂੰ ਬਲੇਕਮੇਲ ਕਰਨ ਦੀ ਇਸ ਸਖਸ਼ ਦੀ ਇਛਾ ਪੂਰੀ ਨਹੀਂ ਸੀ ਹੁੰਦੀ। ਏਮਜ਼ ਵਿੱਚ ਪੜ੍ਹਾਈ ਕਰਦਿਆਂ ਪਵੇਲ ਨੇ ਉਥੋਂ ਦੀ ਵਿਦਿਆਰਥੀ ਯੂਨੀਅਨ ਵਿੱਚ ਹਿੱਸਾ ਲਿਅਾ ਤੇ ਸਪੋਰਟਸ ਸੈਕਟਰੀ ਬਣ ਗਿਆ ਜਿਸ ਦਾ ਉਹਨੂੰ ਸ਼ੌਂਕਵੀ ਸੀ। ਬੇਟੇ ਛੋਟੇ ਸੁਹੇਲ ਸਿੰਘ ਨੇ ਮੈਡੀਕਲ ਤੋਂ ਹਟਵੇਂ ਵਿਸ਼ੇ ਬਾਇਓਟੈਕਨੋਲੋਜੀ ਦੀ ਡਿਗਰੀ ਕਰਨ ਲਈ ਵਿਲੌਰ ਇੰਸਟੀਚਿਊਟ ਆਫ ਟੈਕਨਾਲੋਜੀ (ਵੀ ਆਈ ਟੀ) ਵਿਲੌਰ (ਤਾਮਿਲਨਾਡੂ) ਚ ਦਾਖਲਾ ਲਿਅਾ। ਮੇਰੀ ਪ੍ਮੋਸ਼ਨ ਕਾਹਦੀ ਹੋਈ ਹਰ ਸਾਲ ਬਦਲੀ ਦੀ ਤਲਵਾਰ ਲਟਕਦੀ ਰਹਿੰਦੀ। ਸਰਕਾਰ ਬਦਲਣ ਪਿਛੋਂ ਮੈਨੂੰ ਬਾਦਲ ਦਾ ਬੰਦਾ (ਸਿਅਾਸੀ ਵਿਰੋਧੀ) ਸਮਝ ਕੇ ਸਥਾਨਕ ਕਾਂਗਰਸੀ ਅੈਮਅੈਲਏ ਨੇ ਮੇਰੀ ਸਿਵਲ ਗਸਪਤਾਲ ਫਿਲੋਰ (ਜਲੰਧਰ) ਦੀ ਬਦਲੀ ਕਰਵਾ ਦਿੱਤੀ ਜਿਸ ਨੇ ਸਾਰੇ ਘਰ ਦਾ ਢਾਂਚਾ ਹੀ ਹਿਲਾ ਕੇ ਰੱਖ ਦਿੱਤਾ। ਉਦੋਂ ਕੈਪਟਨ ਸਰਕਾਰ ਦਾ ਏਜੰਡਾ ਅਾਪਣੇ ਵਿਰੋਧੀਆਂ ਤੇ ਝੂਠੇ ਕੇਸ ਪਾ ਕੇ ਬਦਨਾਮ ਕਰਨ ਦੀ ਸੀ। ਮੈਨੂੰ ਤਾਂ ਖਾਹਮਖਾਹ ਹੀ ਸਿਅਾਸੀ ਵਿਰੋਧੀਆਂ ਦੀ ਲਿਸਟ ਵਿੱਚ ਪਾ ਦਿੱਤਾ ਗਿਅਾ ਸੀ। ਚੋਣਾਂ ਵਿੱਚ ਮੇਰੇ ਪਿੰਡ ਵਾਲੇ ਪੀ੍ਵਾਰਕ ਮੈਂਬਰ ਅਕਾਲੀ ਦਲ ਦੀ ਹਮਾਇਤੀ ਜਰੂਰ ਸਨ। ਕੋਸਿਸ਼ ਤਾਂ ਉਹਨਾਂ ਦੀ ਵੀ ਇਹੋ ਹੁੰਦੀ ਸੀ ਕਿ ਮੈਨੂੰ ਵੀ ਅਾਪਣੇ ਨਾਲ ਟੈਗ ਕਰਕੇ ਰੱਖਿਅਾ ਜਾਵੇ। ਫਿਲੌਰ ਦਾ ਮਹੌਲ ਬਹੁਤ ਮਾੜਾ ਸੀ ਤੇ ਮੇਤੇ ਲਈ ਇਲਾਕਾ ਵੀ ਓਪਰਾ ਸੀ। ਉਸ ਵੇਲੇ ਦੇ ਸਿਹਤ ਮਹਿਕਮੇ ਦੇ ਪ੍ਮੁੱਖ ਸਕੱਤਰ ਰਾਜਿਨ ਕੇਸ਼ਪ ਨੇ ਮੇਰੀ ਕਾਫ਼ੀ ਮਦਦ ਕੀਤੀ ਤਾਂ ਕੁੱਝ ਮੁਸ਼ਕਲਾਂ ਸਰ ਹੋਈਆਂ ਤੇ ਮੈਂ ਉਥੋਂ ਦੇ ਗਲਤ ਅਨਸਰਾਂ ਨੂੰ ਕੁੱਝ ਨੱਥ ਪਾ ਸਕਿਆ। ਮਾਦਾ ਭਰੂਣ ਹੱਤਿਆ ਰੋਕੂ ਕਨੂੰਨ ਤਹਿਤ ਮੈਂ ਇੱਕ ਪਾ੍ਈਵੇਟ ਹਸਪਤਾਲ ਦਾ ਕੇਸ ਫੜਿਆ ਜੋ ਮੈਂ ਸਬ ਡਵੀਜ਼ਨਲ ਅਦਾਲਤ ਵਿੱਚ ਦਾਇਰ ਤਾਂ ਕਰ ਦਿੱਤਾ ਪਰ ਇਸ ਨਾਲ ਸਾਰੇ ਭਰਿਸ਼ਟ ਅਨਸਰ ਮੇਰੇ ਦੁਸ਼ਮਣ ਬਣ ਗਏ। ਜਿਲ੍ਹੇ ਦੇ ਸਿਵਲ ਸਰਜਨ ਸਮੇਤ ਸਾਰੇ ਸਿਹਤ ਅਧਿਕਾਰੀ ਮੇਰੇ ਉਲਟ ਖੜ੍ਹੇ ਪਰ ਮੈਨੂੰ ਆਪਣੇ ਆਪ ਤੇ ਭਰੋਸਾ ਸੀ ਤੇ ਮੈਂ ਡਟਿਆ ਰਿਹਾ। ਸਿਹਤ ਸਕੱਤਰ ਸ਼ੀ੍ ਰਾਜਨ ਕੈਸ਼ਪ ਨੇ ਫੇਰ ਮੇਰਾ ਸਾਥ ਦਿੱਤਾ ਕਿਉਂਕਿ ਉਹ ਆਪ ਇਮਾਨਦਾਰ ਸੀ। ਦੋਸ਼ੀ ਡਾਕਟਰ ਨੇ ਤਾਂ ਮੇਰੇ ਤੇ ਮਾਨਹਾਨੀ ਦਾ ਕੇਸ ਵੀ ਦਾਇਰ ਕਰਕੇ ਮੈਨੂੰ ਡਰਾਉਣ ਦੀ ਕੋਸਿਸ਼ ਕੀਤੀ। ਹਸਪਤਾਲ ਅੰਦਰਲਾ ਭਰਿਸ਼ਟਾਚਾਰ ਮੇਰੀ ਇੱਕ ਹੋਰ ਸਿਰਦਰਦੀ ਬਣਿਆ ਪਰ ਮੈਂ ਪਿਛੇ ਮੁੱੜ ਕੇ ਨਹੀਂ ਦੇਖਿਅਾ ਤੇ ਸਾਰੇ ਇਹਨਾਂ ਭਰਿਸ਼ਟ ਤੇ ਮਾੜੇ ਅਨਸਰਾਂ ਨੂੰ ਖੂਬ ਸਬਕ ਸਿਖਾਇਆ। ਉਹਨਾਂ ਮੈਨੂੰ ਜਾਨੋੰ ਮਾਰਨ ਦੀ ਧਮਕੀਅਾਂ ਵੀ ਦਿੱਤੀਆਂ ਪਰ ਨਾਕਾਮ ਰਹੇ। ਛੇ ਮਹੀਨੇ ਦੇ ਇਸ ਅਰਸੇ ਨੇ ਮੇਰੀਆਂ ਘਰ ਦੀਆਂ ਮੁਸ਼ਕਲਾਂ ਤਾਂ ਵਧਾ ਦਿੱਤੀਆਂ ਪਰ ਮੈਂ ਆਪਣੇ ਕੰਮ ਤੋਂ ਸੰਤੁਸ਼ਟ ਸੀ। ਛੋਟੇ ਬੇਟੇ ਦੀ ਪੜ੍ਹਾਈ ਦਾ ਨੁਕਸਾਨ ਕਾਫ਼ੀ ਹੋਇਆ। ਫੇਰ ਇੱਕ ਦੋਸਤ ਕੰਮ ਅਾਇਅਾ ਚੀਫ ਫਾਰਮਾਸਿਸਟ ਜਗਦੇਵ ਸਿੰਘ ਜਿਸ ਨੇ ਮੇਰੀ ਅਾਪਸੀ ਬਦਲੀ ਇੱਕ ਡਾਕਟਰ ਨਾਲ ਫਰੀਦਕੋਟ ਦੀ ਕਰਵਾ ਦਿੱਤੀ। ਮੈਂ ਸਿਵਲ ਸਰਜਨ ਦਫਤਰ ਫਰੀਦਕੋਟ ਜਿਲ੍ਹਾ ਟੀਕਾਕਰਨ ਅਫਸਰ ਬਣ ਗਿਆ। ਉਥੋਂ ਰੋਜ਼ਾਨਾ ਬਠਿੰਡੇ ਆਇਆ ਜਾ ਸਕਦਾ ਸੀ ਤੇ ਘਰ ਦੇ ਕੰਮਾਂ ਦੀ ਨਿਗਰਾਨੀ ਸੰਭਵ ਸੀ। ਸੁਹੇਲ ਬੇਟੇ ਦੇ ਵੀਅਾਈਟੀ ਵਿੱਚ ਪੜ੍ਹਾਈ ਦੌਰਾਨ ਕੁੱਝ ਦਿੱਕਤਾਂ ਅਾਉਣ ਦਾ ਕਾਰਨ ਉਥੋਂ ਦਾ ਵੱਖਰਾ ਸਭਿਆਚਾਰ,ਖੁਰਾਕ ਤੇ ਬੋਲੀ ਸੀ।ਇੱਕ ਵਾਰੀ ਉਸ ਨੂੰ ਪੀਲਿਅਾ ਹੀ ਹੋ ਗਿਅਾ ਤੇ ਦੂਜੀ ਵਾਰ ਚਿਕਨ ਪਾਕਸ। ਉਸ ਦੇ ਦੋਸਤ ਉਸ ਦੀ ਬਹੁਤ ਸਹਾਇਤਾ ਕਰਦੇ। ਉਹ ਦੋਸਤ ਬਣਾਉੰਦਾ ਵੀ ਬਹੁਤ ਸੀ। ਸ.ਸੁਰਜੀਤ ਸਿੰਘ ਬਰਨਾਲਾ ਤਾਮਿਲਨਾਡੂ ਦੇ ਉਦੋਂ ਗਵਰਨਰ ਹੁੰਦੇ ਸੀ। ਮੈਂ ਉਹਨਾਂ ਨਾਲ ਸੁਹੇਲ ਦੀ ਚੇਨਈ ਦੇ ਗਵਰਨਰ ਹਾਉੂਸ ਜਾ ਕੇ ਜਾਣ ਪਹਿਚਾਣ ਕਰਵਾ ਅਾਇਅਾ ਸੀ। ਲੋੜ ਪੈਣ ਤੇ ਉਹ ਸੁਹੇਲ ਦੀ ਪੂਰੀ ਮਦਦ ਕਰਦੇ। ਗਵਰਨਰ ਖੁੱਦ ਵੀ ਪੰਜਾਬੀਆਂ ਨੂੰ ਚਾਹੁੰਦੇ ਸਨ। ਸੁਹੇਲ ਦਾ ਕਾਲਜ ਤਾਂ ਯੂਨਿਵਰਸਿਟੀ ਵਰਗਾ ਸੀ ਜਿਸ ਦਾ ਅਨੂਸਾਸ਼ਨ ਬਹੁਤ ਸਖਤ ਸੀ। ਸੁਹੇਲ ਦਾ ਦੂਜਾ ਦੋਸਤ ਸੀਅੈਮਸੀ ਕਾਲਜ/ ਹਸਪਤਾਲ ਵਿੱਚ ਡੀ ਅੈਮ ਦੀ ਪੜ੍ਹਾਈ ਕਰਦਾ ਬਠਿੰਡੇ ਦਾ ਡਾ: ਸਮੀਰ ਗਰੋਵਰ ਸੀ ਜੋ ਸੁਭਾਅ ਦਾ ਮੌਜੀ ਤੇ ਮਿਲਣਸਾਰ ਸੀ। ਫਰੀਦਕੋਟ ਦੀ ਦੂਰੀ ਕਾਫੀ ਸੀ ਜਿਸ ਕਰਕੇ ਮੈਂ ਸੋਚਿਅਾ ਕਿ ਜੈਤੋ ਦੇ ਸਿਵਲ ਹਸਪਤਾਲ ਦੀ ਖਾਲੀ ਪਈ ਅੈਸਅੈਮਓ ਦੀ ਪੋਸਟ ਲੈ ਲਵਾਂ। ਮੇਰੇ ਪੁਰਾਨੇ ਦੋਸਤ ਭੂਰਾ ਸਿੰਘ ਮਹਿਮਾ ਸਰਜਾ ਨੇ ਅਾਪਣਾ ਅਸਰ ਰਸੂਖ ਵਰਤਦਿਅਾਂ ਉਸ ਵੇਲੇ ਦੀ ਸਰਕਾਰ ਦੇ ਇੱਕ ਸ਼ਰੀਫ ਜਿਹੇ ਸਿਅਾਸਤਦਾਨ ਉਪਿੰਦਰ ਸ਼ਰਮਾ ਤੋਂ ਮੇਰੀ ਬਦਲੀ ਜੈਤੋ ਦੀ ਕਰਵਾ ਲਿਅਾਂਦੀ। ਜੈਤੋ ਸਟੇਸ਼ਨ ਬਠਿੰਡੇ ਤੋ ਸਿਰਫ ਅੱਧੇ ਘੰਟੇ ਦਾ ਹੀ ਰਾਹ ਸੀ। ਸਿਵਲ ਹਸਪਤਾਲ ਜੈਤੋ ਨੇੜੇ ਦੇ ਕਰੀਬ 30 ਪਿੰਡਾਂ ਦਾ ਇੱਕੋ ਇੱਕ ਹਸਪਤਾਲ ਸੀ ਪਰ ਮੇਰੇ ਸਮੇਤ ਇੱਥੇ ਦੋ ਹੀ ਡਾਕਟਰ ਤੈਨਾਤ ਸਨ।ਜੈਤੋ ਇੱਕ ਤਹਿਸੀਲ ਪੱਧਰ ਦਾ ਹੈਡਕੁਆਰਟਰ ਹੋਣ ਕਰਕੇ ਸਾਰੇ ਝਗੜਿਆਂ ਦੇ ਮੈਡੀਕੋਲੀਗਲ ਪਰਚੇ ਇਥੇ ਕੱਟੇ ਜਾਂਦੇ ਸਨ। ਮੈਨੂੰ ਪਰਚੇ ਕੱਟਣੇ ਸ਼ੁਰੂ ਤੋਂ ਹੀ ਪਸੰਦ ਨਹੀਂ ਸਨ। ਮੇਰੇ ਤੋਂ ਪਹਿਲਾਂ ਇੱਥੇ ਲੰਮਾ ਸਮਾਂ ਤਾਇਨਾਤ ਰਹੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹੁਕਮ ਚੰਦ ਗਰਗ ਭਾਵੇਂ ਸਰਜਨ ਹੋਣ ਕਰਕੇ ਆਪ੍ਰੇਸ਼ਨਾਂ ਦੇ ਮਾਹਿਰ ਪਰ ਲੜਾਈ ਝਗੜਿਆਂ ਦੇ ਪਰਚੇ ਵੱਡੀ ਪੱਧਰ ਤੇ ਤਿਆਰ ਕਰਦੇ ਰਹੇ ਸਨ, ਜਿਸ ਕਰਕੇ ਉਹ ਰਾਤ ਨੂੰ ਦੇਰ ਤੱਕ ਹਸਪਤਾਲ ਬੈਠਦੇ। ਸ਼ਹਿਰ ਦਾ ਇੱਕ ਬਹੁਤ ਹੀ ਚਾਲੂ ਕਿਸਮ ਦਾ ਵਿਅਕਤੀ ਮਿਸਟਰ ਸ਼ਰਮਾ ਉਨ੍ਹਾਂ ਨਾਲ ਬੈਠ ਕੇ ਪਰਚੇ ਤਿਆਰ ਕਰਵਾਉਂਦਾ ਰਹਿੰਦਾ। ਹੁਕਮ ਚੰਦ ਨੇ ਰਿਟਾਇਰ ਹੋ ਕੇ ਬੱਸ ਅੱਡੇ ਕੋਲ ਆਪਣਾ ਕਲੀਨਿਕ ਖੋਲ੍ਹ ਲਿਅਾ ਸੀ। ਮੇਰੇ ਇੱਥੇ ਅੈਸਅੈਮਓ ਵਜੋਂ ਤਾਇਨਾਤ ਹੋਣ ਪਿੱਛੋਂ ਉੱਹ ਚਾਲੂ ਕਿਸਮ ਦਾ ਸ਼ਹਿਰੀ ਵਿਅਕਤੀ ਮੈਥੋਂ ਵੀ ਉਹੀ ਆਸ ਰਖਦਾ ਸੀ ਕਿ ਮੈਂ ਪਰਚੇ ਵੱਧ ਤੋਂ ਵੱਧ ਕੱਟਾਂ ਤੇ ਉਸ ਨਾਲ ਪਹਿਲਾਂ ਚਲਦੇ ਹਿੱਸਾਪੱਤੀ ਦੇ ਪਹਿਲੇ ਰੁਝਾਣ ਨੂੰ ਜਾਰੀ ਰੱਖਾਂ। ਮੇਰੇ ਕੋਲੋਂ ਉਸ ਦੀ ਇਹ ਆਸ ਪੂਰੀ ਨਾ ਹੁੰਦੀ ਦੇਖ ਉਸ ਨੇ ਮੇਰੇ ਖਿਲਾਫ ਇੱਕ ਬੇ-ਬੁਨਿਅਾਦ ਸ਼ਿਕਾਇਤ ਐਸਡੀਐਮ ਕੋਲ ਦਰਜ ਕਰਵਾ ਦਿੱਤੀ। ਇਸ ਝੂਠੀ ਸ਼ਿਕਾਇਤ ਦਾ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਵਿਅਕਤੀ ਮੇਰੇ ਇੱਕ ਦੋਸਤ ਬਲਵੀਰ ਸਿੰਘ ਜਿਗਰੀ ਨਾਲ ਉਲਝ ਪਿਅਾ ਤੇ ਇਹ ਮਾਮਲਾ ਜਿਗਰੀ ਨੇ ਹਸਪਤਾਲ ਦੇ ਨੇੜੇ ਹੀ ਰਹਿੰਦੇ ਆਪਣੇ ਪੁਰਾਣੇ ਦੋਸਤ ਪਦਮ ਸ਼ੀ੍ ਪੋ੍ ਗੁਰਦਿਅਾਲ ਸਿੰਘ ਸਾਂਝਾ ਕੀਤਾ ਤੇ ਉਸ ਚਾਲੂ ਬੰਦੇ ਖ਼ਿਲਾਫ਼ ਕੋਈ ਇੱਕ ਪਰਚਾ ਛਪਵਾ ਕੇ ਮੈਨੂੰ ਪੁਛੇ ਬਗੈਰ ਸ਼ਹਿਰ ਵਿੱਚ ਵੰਡ ਦਿੱਤਾ। ਸਿਵਲ ਹਸਪਤਾਲ ਵਿੱਚ ਕੰਮ ਕਰਦੇ ਤਿੰਨ ਫਾਰਮਾਸਿਸਟ ਜੈਤੋ ਮੰਡੀ ਦੇ ਹੀ ਸਨ। ਇਨ੍ਹਾਂ ਵਿੱਚੋਂ ਇੱਕ ਸੀਨੀਅਰ ਫਰਮਾਸਿਸਟ ਕਟਾਰੀਆ ਵੀ ਬਹੁਤ ਚਾਲੂ ਕਿਸਮ ਦਾ ਤੇਜ ਤਰਾਰ ਬੰਦਾ ਸੀ ਜੋ ਅਫਸਰਾਂ ਦੀ ਖੁਸ਼ਾਂਮਦ ਤੇ ਹੋਰ ਦੋ ਨੰਬਰ ਦੇ ਕੰਮਾਂ ਵਿੱਚ ਮਾਹਰ ਸੀ। ਉਹ ਵੀ ਨਹੀਂ ਸੀ ਚਾਹੁੰਦਾ ਕਿ ਮੈਂ ਇੱਥੇ ਲੰਮਾ ਸਮਾਂ ਤਾਇਨਾਤ ਰਹਾਂ। ਉਲਟੇ ਪੁਲਟੇ ਕੰਮ ਕਰਨ ਵਾਲੇ ਇਹ ਸਾਰੇ ਬੰਦੇ ਕਿਸੇ ਨਾ ਕਿਸੇ ਮੌਕੇ ਦੀ ਤਾਕ ਵਿੱਚ ਰਹਿੰਦੇ ਤੇ ਮੇਰੇ ਖਿਲਾਫ ਦੱਬ ਕੇ ਜ਼ਹਿਰ ਉਘਲਦੇ। ਹਸਪਤਾਲ ਵਿਚ ਡਾਕਟਰਾਂ ਦੀ ਘਾਟ ਬਾਰੇ ਮੈਂ ਕਿੰਨੇ ਹੀ ਚਿੱਠੀ ਪੱਤਰ ਉਪਰਲੇ ਅਧਿਕਾਰੀਆਂ ਨੂੰ ਲਿਖੇ ਪਰ ਅਸਰ ਕੋਈ ਨਾ ਹੋਇਅਾ। ਪ੍ਰੋਫੈਸਰ ਗੁਰਦਿਆਲ ਸਿੰਘ ਸਾਹਿਤ ਖੇਤਰ ਦੀ ਤਾਂ ਉਘੀ ਸ਼ਖ਼ਸੀਅਤ ਸਨ ਪਰ ਮੇਰੇ ਇਸ ਕੰਮ ਚ ਉਹਨਾਂ ਨੇ ਕੋਈ ਦਿਪਚਸਪੀ ਨਹੀਂ ਲਈ। ਜੈਤੋ ਹਸਪਤਾਲ ਵਿੱਚ ਰਿਹਾਇਸ਼ ਰੱਖਣ ਦਾ ਮੈਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਲੱਗਿਆ ਕਿਉਂਕਿ ਡਾਕਟਰਾਂ ਦੀ ਘਾਟ ਤਾਂ ਫਿਰ ਵੀ ਬਣੀ ਰਹਿਣੀ ਸੀ। ਦਿਨ ਰਾਤ ਮੈਂ ਸਾਰੇ ਹਸਪਤਾਲ ਦਾ ਕੰਮ ਕਿਵੇਂ ਸੰਭਾਲ ਸਕਦਾ ਸੀ। ਇਸ ਅਰਸੇ ਦੌਰਾਨ ਭੁੱਚੋ ਖੁਰਦ ਵਿਖੇ ਇੱਕ ਵੱਡੀ ਘਟਨਾ ਇਹ ਵਾਪਰੀ ਕਿ ਮੇਰੇ ਛੋਟੇ ਭਨੋਈਏ ਬਾਬੂ ਸਿੰਘ ਦਾ ਪੱਚਾਇਤੀ ਚੋਣਾਂ ਦੌਰਾਨ ਭੇਦਭਰੀ ਹਾਲਤ ਵਿੱਚ ਕਤਲ ਹੋ ਗਿਅਾ। ਕਤਲ ਕਾਰਨ ਰਿਸ਼ਤੇਦਾਰਾਂ ਤੇ ਪਿੰਡ ਪਈ ਦਹਿਸ਼ਤ ਤੋੜਦਿਆਂ ਮੈਂ ਆਪਣੇ ਸਾਥੀਆਂ ਦੀ ਮਦਦ ਨਾਲ ਕਾਤਲਾਂ ਦੀ ਭਾਲ ਦਾ ਜਿੰਮਾ ਆਪਣੇ ਸਿਰ ਲਿਆ। ਇਹ ਔਖੀ ਘੜੀ ਮੇਰੀ ਪਰਖ ਦਾ ਸਮਾਂ ਸੀ। ਮਾੜੀ ਗੱਲ ਇਹ ਹੋਈ ਕਿ ਪਿੰਡ ਵਿੱਚ ਕੁੱਝ ਸਿਆਸੀ ਅਧਾਰ ਰੱਖਦੀ ਇੱਕ ਖੱਬੀ ਧਿਰ ਨੇ ਮੇਰੇ ਉਲਟ ਸਟੈੰਡ ਲੈ ਗਿਆ ਤੇ ਇਹ ਕਤਲ ਲੱਭਣ ਚ ਮਦਦ ਕਰਨ ਦੀ ਬਜਾਏ ਅੜਿਕੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਜਿੰਨ੍ਹਾਂ ਦਾ ਮੈਂ ਦ੍ਰਿੜਤਾ ਨਾਲ ਮੁਕਾਬਲਾ ਕੀਤਾ। ਮੇਰੇ ਨਾਲ ਪਹਿਲਾਂ ਤੋਂ ਦਿ੍ੜਤਾ ਨਾਲ ਖੜ੍ਹਦੀ ਆ ਰਹੀ ਇੱਕ ਇਮਾਨਦਾਰ ਖੱਬੀ ਧਿਰ ਨੇ ਮੇਰੇ ਮੋਢੇ ਨਾਲ ਮੋਢਾ ਲਾ ਲਿਆ ਤੇ ਅਸੀਂ ਕਾਤਲ ਲੱਭ ਕੇ ਜੇਲ੍ਹ ਭਿਜਵਾ ਦਿੱਤੇ। ਅਦਾਲਤ ਵਿੱਚ ਮੁਕੱਦਮਾ ਲੜਨ ਸਮੇਂ ਵੀ ਇਹ ਧਿਰ ਮੇਰੇ ਨਾਲ ਬੇਖੌਫ ਹੋ ਕੇ ਖੜ੍ਹੀ। ਉਨ੍ਹਾਂ ਦੀ ਇਸ ਦਿ੍ੜਤਾ ਦਾ ਮੈਂ ਅੱਜ ਵੀ ਕਾਇਲ ਹਾਂ। ਸੰਕਟ ਦੀ ਇਸ ਘੜੀ ਚੋਂ ਮੈਂ ਅਜੇ ਉਭਾਰਿਆ ਹੀ ਸੀ ਕਿ ਇਕ ਹੋਰ ਮੁਸੀਬਤ ਗਲ ਪੇੈ ਗਈ। ਜੈਤਿ ਦੀ ਮਿਉੂੰਸਪਲ ਕਮੇਟੀ ਦੀ ਘੋਰ ਅਣਗਹਿਲੀ ਕਾਰਨ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਮਿਕਸ ਹੋ ਗਿਆ ਜਿਸ ਨਾਲ ਉੱਥੋਂ ਦੀ ਇੱਕ ਪੂਰੀ ਦੀ ਪੂਰੀ ਬਸਤੀ ਦੇ ਲੋਕ ਟੱਟੀਆਂ ਉਲਟੀਅਾਂ ਨਾਲ ਬਿਮਾਰ ਹੋ ਕੇ ਵੱਡੀ ਗਿਣਤੀ ਵਿੱਚ ਹਸਪਤਾਲ ਅਾਉਣ ਲੱਗੇ। ਮੈਂ ਅਤੇ ਹੋਰ ਮਹਿਲਾ ਡਾਕਟਰ ਦਿਨ ਰਾਤ ਇਨ੍ਹਾਂ ਮਰੀਜ਼ਾਂ ਦੀ ਦੇਖ ਭਾਲ ਚ ਲੱਗੀ ਰਹੇ। ਪੰਜ ਸੌ ਦੇ ਲਗਪਗ ਮਰੀਜ਼ ਹਸਪਤਾਲ ਦਾਖਲ ਹੋਏ ਅਤੇ ਪੰਦਰਾਂ ਸੌ ਦੇ ਕਰੀਬ ਓਪੀਡੀ ਚੋਂ ਦਵਾਈ ਲੈਕੇ ਗਏ। ਜ਼ਿਲ੍ਹਾ ਹੈੱਡਕੁੱਆਟਰ ਤੋਂ ਸੀਐੱਮਓ ਨੇ ਉਵੇਂ ਟੀਮਾਂ ਨਹੀਂ ਦਿੱਤੀਆਂ ਜਿੰਨੀਆਂ ਦੀ ਲੋੜ ਸੀ। ਡਿਪਟੀ ਕਮਿਸ਼ਨਰ ਜਾਂ ਐੱਸ ਡੀ ਐੱਮ ਨੇ ਜੈਤੋ ਦੀ ਮਿਉੰਸਪਲ ਕਮੇਟੀ ਦੇ ਕਸੂਰਵਾਰ ਅਫਸਰ ਤੇ ਤਾਂ ਕੋਈ ਅੈਕਸ਼ਨ ਨਾ ਲਿਆ ਤੇ ਨਾਲ ਹੀ ਗੰਦਾ ਪਾਣੀ ਪਾਈਪਾਂ ਵਿੱਚ ਅਾਉਣ ਤੋਂ ਰੋਕਿਆ ਉਲਟਾ ਮੰਡੀ ਦੇ ਭਰਿਸ਼ਟ ਅਨਸਰਾਂ ਵੱਲੋਂ ਦਿੱਤੀ ਕੱਚੀ ਪਿੱਲੀ ਜਾਣਕਾਰੀ ਮਗਰ ਲੱਗੇ ਰਹੇ। ਹਸਪਤਾਲ ਅੰਦਰਲੇ ਮੇਰੇ ਵਿਰੋਧੀ ਇੱਕ ਫਾਰਮਾਸਿਸਟ ਨੇ ਵੀ ਇਸ ਮੌਕੇ ਦਾ ਫਾਇਦਾ ਉਠਾਉੰਦਿਅਾਂ ਡੀ ਸੀ ਤੇ ਸਿਵਲ ਸਰਜਨ ਨੂੰ ਗਲਤ ਸੂਚਨਾਵਾਂ ਭੇਜਣੀਅਾਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਗੈਰ ਹਾਜ਼ਰ ਵਿਖਾਇਆ ਜਾ ਸਕੇ। ਕੰਮ ਦੇ ਬੋਝ ਕਾਰਨ ਮੈਂ ਇੱਕ ਦਿਨ ਥੱਕ ਕੇ ਇੱਕ ਦੋਸਤ ਦੇ ਘਰ ਥੋੜ੍ਹੀ ਦੇਰ ਅਰਾਮ ਕਰਨ ਲਈ ਗਿਅਾ ਹੀ ਸੀ ਕਿ ਮਗਰੋਂ ਦਿਲ ਦੀ ਬਿਮਾਰੀ ਦਾ ਪੁਰਾਣਾ ਮਰੀਜ਼ ਹਸਪਤਾਲ ਲਿਅਾਂਦਾ ਤੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਮੇਰੀ ਗੈਰ ਹਾਜ਼ਰੀ ਸਾਬਤ ਕਰਨ ਲਈ ਟੈਲੀਫੋਨ ਕਰ ਦਿੱਤਾ। ਡਿਪਟੀ ਕਮਿਸ਼ਨਰ ਤੇ ਆਉਣ ਵੇਲੇ ਤੱਕ ਮੈਂ ਵੀ ਹਸਪਤਾਲ ਆ ਗਿਆ ਪਰ ਦਿਲ ਦੇ ਉਸ ਮਰੀਜ਼ ਨੂੰ ਬਚਾਇਆ ਨਾ ਜਾ ਸਕਿਆ। ਡਿਪਟੀ ਕਮਿਸ਼ਨਰ ਦੇ ਸਾਹਮਣੇ ਦਿਲ ਦੇ ਮਰੀਜ਼ ਨੂੰ ਡਾਇਰੀਆ ਦਾ ਮਰੀਜ਼ ਦੱਸ ਕੇ ਫਾਰਮਾਸਿਸਟ ਕਟਾਰੀਆ ਤੇ ਉਸ ਦੀ ਜੁੰਡਲੀ ਨੇ ਮੇਰੇ ਖਿਲਾਫ ਖੂਬ ਭੜਕਾਇਅਾ। ਡੀਸੀ ਨੇ ਫੋਰਨ ਮੈਨੂੰ ਜੈਤੋ ਤੋਂ ਫਰੀਦਕੋਟ ਬਦਲ ਦਿੱਤਾ। ਫਰੀਦਕੋਟ ਸਿਵਲ ਸਰਜਨ ਦਫ਼ਤਰ ਮੈਂ ਅਜੇ ਡਿਉੂਟੀ ਜਾਇਨ ਕੀਤੀ ਹੀ ਸੀ ਕਿ ਅਗਲੇ ਦਿਨ ਮੇਰੀ ਮੁਅੱਤਲੀ ਦੇ ਆਰਡਰ ਸਿਹਤ ਸਕੱਤਰ ਦੇ ਦਫ਼ਤਰੋੰ ਜਾਰੀ ਹੋ ਗਏ ਤੇ ਮੈਨੂੰ ਦੇ ਦਿੱਤੇ ਹੋਏ। ਸਭ ਨੂੰ ਪਤਾ ਸੀ ਕਿ ਇਹ ਹੁਕਮ ਤੱਥਾਂ ਤੇ ਆਧਾਰਿਤ ਨਹੀਂ ਹਨ। ਡਾਕਟਰਾਂ ਦੀ ਐਸੋਸੀਏਸ਼ਨ ਨੇ ਦੂਜੀਆਂ ਯੂਨੀਅਨ ਨੂੰ ਮਿਲ ਕੇ ਸਿਵਲ ਸਰਜਨ ਦਫਤਰ ਦੇ ਬਾਹਰ ਰੈਲੀ ਵੀ ਕੀਤੀ ਜੋ ਕਿਉਂਕਿ ਗਲਤ ਜਾਣਕਾਰੀ ਸਿਵਲ ਸਰਜਨ ਦਫ਼ਤਰ ਤੋਂ ਸ਼ੁਰੂ ਹੋ ਕੇ ਡੀ ਸੀ ਰਾਹੀਂ ਸਿਹਤ ਸਕੱਤਰ ਨੂੰ ਪਹੁੰਚਾਈ ਗਈ ਸੀ। ਜੇਤੂ ਸ਼ਹਿਰ ਅੰਦਰ ਵੀ ਮੇਰੀ ਮੁਅੱਤਲੀ ਖਿਲਾਫ਼ ਸਾਰੀਆਂ ਜਨਤਕ ਜਥੇਬੰਦੀਆਂ ਦਾ ਇੱਕ ਸਾਂਝਾ ਮੁਜਾਹਰਾ ਵੀ ਹੋਇਅਾ। ਪਰ ਮੁਅੱਤਲੀ ਦੇ ਆਰਡਰ ਬਰਕਰਾਰ ਰਹਿਣ ਕਰਕੇ ਮੈਨੂੰ ਕੁਝ ਮਹੀਨਿਆਂ ਲਈ ਵਿਹਲੇ ਰਹਿਣਾ ਪਿਆ। ਮੁਅੱਤਲੀ ਖ਼ਤਮ ਹੁੰਦਿਆਂ ਮੈਨੂੰ ਬਠਿੰਡੇ ਜ਼ਿਲ੍ਹੇ ਦੇ ਪਾ੍ਇਮਰੀ ਹੈਲਥ ਸੈੰਟਰ ਨਥਾਣਾ ਦਾ ਅੈਸਅੈਮਓ ਲਾ ਦਿੱਤਾ। ਜੈਤੋ ਦੀ ਘਟਨਾ ਕਾਰਨ ਜਾਰੀ ਚਾਰਜਸ਼ੀਟ ਬਦਲੇ ਮੈਨੂੰ ਕਈ ਗੇੜੇ ਚੰਡੀਗੜ੍ਹ ਦੇ ਲਾਉਣੇ ਪਏ। ਨਥਾਣਾ ਇਲਾਜਾ ਮੇਰੀ ਲਈ ਜਾਣਿਆ ਪਹਿਚਾਣਿਅਾ ਸੀ, ਇਸ ਲਈ ਮੈਂ ਉੱਥੇ ਕੰਮ ਵਿੱਚ ਰੁੱਝ ਗਿਆ। ਨਥਾਨਾ ਬਲਾਕ ਦੇ ਸਾਰੇ ਸਿਹਤ ਕੇਂਦਰਾਂ ਦੀ ਮੈਂ ਨਿਗਰਾਨੀ ਕਰਦਾ ਸੀ। ਕਰੀਬ ਡੇੜ ਸਾਲ ਦਾ ਸਮਾਂ ਉੱਥੇ ਨਿਰਵਿਘਨ ਬੀਤ ਗਿਅਾ। ਦੋ ਸਾਲ ਪਹਿਲਾਂ ਨਵੀਂ ਬਣੀ ਕਾਂਗਰਸ ਸਰਕਾਰ ਦੇ ਸਥਾਨਕ ਮੰਤਰੀ ਸੁਰਿੰਦਰ ਸਿੰਗਲਾ ਨੂੰ ਉਕਸਾ ਕੇ ਜਿਹੜੇ ਅਨਸਰਾਂ ਨੇ ਮੇਰੀ ਬਦਲੀ ਫਿਲੌਰ (ਜਲੰਧਰ) ਦੀ ਕਰਵਾਈ ਸੀ ਉਹ ਅਜੇ ਵੀ ਸਰਗਰਮ ਸਨ। ਮਹਿਕਮੇ ਵਿੱਚ ਮੇਰੇ ਵਿਰੋਧੀ ਡਾਕਟਰ ਤੇ ਅਫਸਰ ਕੋਈ ਨਾ ਕੋਈ ਸਾਜਿਸ਼ ਰਚੀ ਹੀ ਰਖਦੇ ਸੀ। ਇਸ ਖਾਤਰ ਉਹ ਸ਼ਹਿਰ ਦੇ ਬਲੈਕਮੇਲਰਾਂ ਤੱਕ ਨੂੰ ਵਰਤਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਇਸ ਨਾਪਾਕ ਗੱਠਜੋੜ ਨੂੰ ਮੌਕੇ ਦਾ ਸਰਕਾਰੀ ਤੰਤਰ ਹੱਲਾਸ਼ੇਰੀ ਦਿੰਦਾ ਸੀ। ਜੈਤੋ ਵਿਖੇ ਮੇਰੀ ਬਦਲੀ ਕਰਾਉਣ ਵਾਲੇ ਕਾਂਗਰਸ ਦੇ ਜਨਰਲ ਸਕੱਤਰ ਉਪਿੰਦਰ ਸ਼ਰਮਾ ਨੂੰ ਕਹਿ ਕੇ ਫਿਰ ਮੇਰੇ ਦੋਸਤਾਂ ਨੇ ਮੇਰੀ ਬਦਲੀ ਬਠਿੰਡੇ ਦੇ ਚਿਲਡਰਨ ਹਸਪਤਾਲ ਕਰਵਾ ਲਈ। ਉੱਥੇ ਡਿਉੂਟੀ ਕਰਦਿਆਂ ਅਜੇ ਕੁਝ ਮਹੀਨੇ ਹੀ ਹੋਏ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਨਵੇਂ ਬਣਾਏ ਸਿਵਲ ਹਸਪਤਾਲ ਦਾ ਉਦਘਾਟਨ ਹੋਣਾ ਤਹਿ ਹੋਇਅਾ ਤਾਂ ਬਠਿੰਡੇ ਦੇ ਸਿਵਲ ਸਰਜਨ ਡਾ ਢਿਲੋਂ ਨੇ ਮੈਨੂੰ ਮਹਿਰਾਜ ਤਾਇਨਾਤ ਕਰਵਾ ਦਿੱਤਾ। ਕਰੀਬ ਸਾਲ ਪਿੱਛੋਂ ਸਿਹਤ ਦਾ ਮੰਤਰੀ ਬਦਲ ਗਿਅਾ ਤੇ ਮਹਿਕਮਾ ਸੁਰਿੰਦਰ ਸਿੰਗਲਾ ਕੋਲ ਅਾ ਗਿਅਾ। ਮਹਿਰਾਜ ਵਿਖੇ ਸਾਰੇ ਹਸਪਤਾਲ ਦਾ ਸਟਾਫ ਅਾਰਜੀ ਹੋਣ ਕਰ ਕੇ ਉੱਥੇ ਤਾਂ ਕਿਸੇ ਪੱਕੇ ਅੈਸਅੈਮਓ ਦੀ ਲੋੜ ਹੀ ਨਹੀਂ ਸੀ। ਮੈਂ ਆਪਣੇ ਹੀ ਇੱਕ ਗੁਅਾਂਢੀ ਯਸ਼ਪਾਲ ਠੇਕੇਦਾਰ ਦੇ ਪੀ੍ਵਾਰ ਤੱਕ ਬਦਲੀ ਲਈ ਪਹੁੰਚ ਕੀਤੀ ਤੇ ਉਸ ਦੀ ਮੇਹਰਬਾਨੀ ਨਾਲ ਮੇਰੀ ਬਦਲੀ ਬਠਿੰਡੇ ਸਿਵਲ ਸਰਜਨ ਦਫਤਰ ਵਿੱਚ ਬਤੌਰ ਜਿਲ੍ਹਾ ਟੀਕਾਕਰਨ ਅਫ਼ਸਰ ਹੋ ਗਈ। ਚਾਰ ਸਾਲ ਦਾ ਅਰਸਾ ਜਿਲ੍ਹਾ ਤੋਂ ਬਾਹਰ ਕੱਟਣ ਪਿਛੋਂ ਮੇਰੀ ਘਰ ਵਾਪਸੀ ਹੋਈ। ਮਹਿਕਮੇ ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋੰ ਦੇ ਨਾਲ ਨਾਲ ਹਿੱਸਾਪੱਤੀ ਅਾਮ ਚਲਦਾ ਸੀ। ਮੈਂ ਪਹਿਲੇ ਦਿਨ ਤੋਂ ਹੀ ਸਿਵਲ ਸਰਜਨ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਉਹ ਮੈਥੋਂ ਇਹ ਉਮੀਦ ਨਾ ਰੱਖਣ। ਮੈਂ ਦਫਤਰ ਅੰਦਰਲਾ ਭਰਿਸ਼ਟਾਚਾਰ ਰੋਕ ਤਾਂ ਨਹੀਂ ਸੀ ਸਕਦਾ ਪਰ ਇਸ ਚ ਹਿੱਸੇਦਾਰ ਮੈਂ ਨਹੀਂ ਬਣਿਆ। ਇਹ ਗੱਲ ਸਾਰੇ ਦਫਤਰ ਦੇ ਸਾਰੇ ਮੁਲਾਜ਼ਮਾਂ ਨੂੰ ਪਤਾ ਲੱਗ ਗਈ ਸੀ। ਜੋ ਵੀ ਇਨਕੁਅਾਰੀਅਾਂ ਮੈਂ ਕੀਤੀਆਂ ਉਹ ਮੈਰਿਟ ਅਧਾਰਤ ਹੀ ਕੀਤੀਆਂ। ਕਿਸੇ ਬੇਗੁਨਾਹ ਨੂੰ ਤੰਗ ਨਹੀਂ ਕੀਤਾ ਤੇ ਕਸੂਰਵਾਰ ਨੂੰ ਬਖਸ਼ਿਅਾ ਨਹੀਂ। ਛੋਟੇ ਮੁਲਾਜ਼ਮਾਂ ਵਿਰੁੱਧ ਅੈਕਸ਼ਨ ਕਰਨ ਤੋਂ ਮੈਂ ਗੁਰੇਜ਼ ਹੀ ਕਰਦਾ ਕਿਉਂਕਿ ਉਹਨਾਂ ਦੇ ਘਰਾਂ ਚ ਪਹਿਲਾਂ ਹੀ ਗਰੀਬੀ ਵਾਧੂ ਹੁੰਦੀ ਸੀ। ਸਮਝਾ ਬੁਝਾ ਕੇ ਕੰਮ ਚਲਾਉਣ ਦੀ ਮੇਰੀ ਕੋਸਿਸ਼ ਹੁੰਦੀ ਸੀ। ਇੱਕ ਦੋ ਵੱਡੇ ਪਾ੍ਈਵੇਟ ਹਸਪਤਾਲਾਂ ਵਿਰੁੱਧ ਅੈਕਸ਼ਨ ਕਰਨ ਕਰਕੇ ਉਹ ਅੱਜ ਤੱਕ ਵੀ ਮੇਰੇ ਦੁਸ਼ਮਣ ਬਣੇ ਹੋਏ ਹਨ। ਤਿੰਨ ਸਾਲਾਂ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਵਜੋਂ ਕਈ ਪਲਸ ਪੋਲੀਓ ਮੁਹਿੰਮਾਂ ਨੇਪਰੇ ਚਾੜ੍ਹੀਅਾਂ। ਸਿਵਲ ਸਰਜਨ ਮਨਿੰਦਰਜੀਤ ਸਿੰਘ ਆਪਣੇ ਨਿੱਜੀ ਦੌਰੇ ਤੇ ਤਿੰਨ ਮਹੀਨੇ ਅਮਰੀਕਾ ਗਏ ਤਾਂ ਸਿਵਲ ਸਰਜਨ ਦਾ ਚਾਰਜ ਮੈਨੂੰ ਬਲਕਿ ਮੇਰੇ ਜੂਨੀਅਰ ਅਫਸਰ ਡੀਅੈਚਓ ਨੂੰ ਦੇ ਕੇ ਗਏ। ਉਨ੍ਹਾਂ ਦੇ ਵਾਪਸ ਆਉਂਦੇ ਹੀ ਮੈਂ ਇੱਕ ਆਰਟੀਆਈ ਪਾ ਕੇ ਉਨ੍ਹਾਂ ਤੋਂ ਇਸ ਦਾ ਜੁਅਾਬ ਮੰਗਿਆ ਤਾਂ ਉਹ ਲਾਜਵਾਬ ਹੋ ਗਏ ਨੇ ਮੈਨੂੰ ਕਿਹਾ ਕਿ ਇੱਕ ਹੋਰ ਜਰੂਰੀ ਚਾਰਜ ਤੇਨੂੰ ਦੇ ਰਿਹਾ ਹਾਂ। ਉਨ੍ਹਾਂ ਡੀਅਾਈਓ ਦੇ ਨਾਲ ਮੈਨੂੰ ਡਿਪਟੀ ਮੈਡੀਕਲ ਕਮਿਸ਼ਨਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਡੀ ਐੱਮ ਸੀ) ਦਾ ਵੀ ਚਾਰਜ ਦੇ ਦਿੱਤਾ। ਸਰਵਿਸ ਦਾ ਬਾਕੀ ਪੀਰੀਅਡ ਪੂਰਾ ਹੋਣ ਤੱਕ ਇਹ ਚਾਰਜ ਮੇਰੇ ਕੋਲ ਰਿਹਾ। ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਬਲੈਕਮੇਲਰਾਂ ਨਾਲ ਮਿਲ ਕੇ ਮੇਰੇ ਵਿਰੋਧੀ ਸੀਨੀਅਰ ਡਾਕਟਰਾਂ ਤੇ ਅਫਸਰਾਂ ਨੇ ਮੇਰਾ ਕਈ ਤਰ੍ਹਾਂ ਦਾ ਰਿਕਾਰਡ ਚੋਰੀ ਕਰਕੇ ਤਿਆਰ ਕੀਤੀਆਂ ਬੇਬੁਨਿਆਦ ਸ਼ਕਾਇਤਾਂ ਮਹਿਕਮੇ ਅਤੇ ਵਿਜੀਲੈੰਸ ਵਗੈਰਾ ਨੂੰ ਭਜਵਾ ਦਿੱਤੀਆਂ। ਵਿਜੀਲੈੰਸ ਦੀ ਜਾਂਚ ਵਿੱਚ ਤਾਂ ਕੁਝ ਨਹੀਂ ਲੱਭਿਆ ਪਰ ਮਹਿਕਮੇ ਦੇ ਭਰਿਸ਼ਟ ਅਫਸਰਾਂ ਨੇ ਅਾਪਣੀਆਂ ਲਿਖੀਆਂ ਰੀਪੋਟਾਂ ਉਪਰ ਤੱਕ ਪਹੁੰਚਾ ਦਿੱਤੀਆਂ। ਮੇਰੀ ਸਹੀ ਸੁਣਵਾਈ ਹੋਈ ਹੀ ਨਾ। ਮਹਿਕਮੇ ਦੇ ਸਕੱਤਰ ਨੇ ਮੇਰਾ ਤਨਖਾਹ ਸਕੇਲ ਘਟਾ ਕੇ ਮੈਡੀਕਲ ਅਫਸਰ ਦਾ ਕਰ ਦਿੱਤਾ। ਮੈਨੂੰ ਇਸ ਘੱਟ ਸਕੇਲ ਅਨੁਸਾਰ ਪੈਨਸ਼ਨ ਦੇ ਕੇ ਹੀ ਰਿਟਾਇਰ ਕਰ ਦਿੱਤੇ ਤਾਂ ਮੈਂ ਹਾਈ ਕੋਰਟ ਵਿੱਚੋਂ ਕੇਸ ਜਿੱਤ ਕੇ ਅਾਪਣੀ ਪੈਨਸ਼ਨ ਪੂਰੀ ਕਰਵਾਈ। ਰਿਟਾਇਰ ਹੋਣ ਤੋਂ ਕੁੱਝ ਮਹੀਨੇ ਪਹਿਲਾਂ ਵੱਡੇ ਬੇਟੇ ਦਾ ਰਿਸ਼ਤਾ ਦਿੱਲੀ ਦੇ ਇੱਕ ਪੀ੍ਵਾਰ ਨਾਲ ਤਹਿ ਹੋਇਅਾ ਕਿਉਂਕਿ ਬੇਟਾ ਦਿੱਲੀ ਪੜਿਅਾ ਸੀ ਤੇ ਇਹ ਉਸ ਦੀ ਪਸੰਦ ਸੀ। ਵਿਆਹ 28 ਮਾਰਚ ਨੂੰ ਪੂਰੇ ਸ਼ੌੰਕ ਨਾਲ ਕੀਤਾ। ਵਿਆਹ ਤੋਂ ਪਹਿਲਾਂ ਉਹ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਸਿੰਘਾਪੁਰ ਨੌਕਰੀ ਦੇ ਨਾਲ ਉਚੇਰੀ ਪੜ੍ਹਾਈ ਕਰਨ ਚਲਾ ਗਿਆ ਸੀ। ਉਸ ਨਾਲ ਉਸ ਦੇ ਚਾਰ ਹੋਰ ਜਮਾਤੀ ਵੀ ਉਥੇ ਗਏ ਸਨ। ਸੰਨ 2013 ਦੀ ਗਰਮੀ ਦੀਆਂ ਛੁੱਟੀਆਂ ਚ ਜੂਨ ਮਹੀਨੇ ਅਸੀਂ ਇੱਕ ਮਹੀਨਾ ਬੇਟੇ ਕੋਲ ਸਿੰਘਾਪੁਰ ਲਾਇਅਾ ਕਿਉਂਕਿ ਵਹੁਟੀ ਦੇ ਬੇਟੀ ਪੈਦਾ ਹੋਈ ਸੀ। ਸਿੰਘਾਪੁਰ ਦੇਸ਼ ਬਹੁਤ ਖੂਬਸੂਰਤ ਤੇ ਵਿਕਸਤ ਹੈ। ਅਸੀਂ ਉਥੋਂ ਦੇ ਨਜ਼ਾਰੇ ਲਏ। ਛੋਟਾ ਬੇਟਾ ਤਾਂ ਅਜੇ ਬੀਟੈਕ ਦੀ ਪੜ੍ਹਾਈ ਹੀ ਕਰ ਰਿਹਾ ਸੀ। ਇੱਕ ਸਾਲ ਪਿਛੋਂ ਉਸ ਦੀ ਡਿਗਰੀ ਵੀ ਪੂਰੀ ਹੋ ਗਈ ਤੇ ਉਸ ਨੇ ਅਾਪਣੇ ਇੱਕ ਦੋਸਤ ਸਕੰਦ ਦੇ ਨਾਲ ਨੋਇਡਾ ਵਿਖੇ ਨੌਕਰੀ ਸ਼ੁਰੂ ਕਰ ਲਈ। ਰਿਟਾਇਰਮੈੰਟ ਪਿਛੋਂ ਮੈੰ ਬਠਿੰਡਾ ਕੈੰਟ ਵਿੱਚ ਸਾਬਕਾ ਸੈਨਿਕਾਂ ਦੇ ਇਲਾਜ ਲਈ ਚਲਦੇ ਈਸੀਅੈਚਅੈਸ ਕਲਿਨਕ ਵਿੱਚ ਮੈਡੀਕਲ ਅਫਸਰ ਦੀ ਨੌਕਰੀ ਲੈ ਲਈ। ਇਹ ਵੀ ਇੱਕ ਚੰਗਾ ਤਜ਼ਰਬਾ ਰਿਹਾ। ਇਸ ਦੌਰਾਨ ਸਿਹਤ ਮਹਿਕਮੇ ਨੇ ਰਿਟਾਇਰਡ ਸਪੈਸ਼ਲਿਸਟ ਡਾਕਟਰਾਂ ਤੋਂ ਰੀਇੰਮਪਲਾਇਮਿੰਟ ਲਈ ਅਰਜੀਆਂ ਮੱਗੀਅਾ ਤਾਂ ਮੈਂ ਵੀ ਅਪਲਾਈ ਕਰ ਦਿੱਤਾ ਪਰ ਉਥੇ ਹੇਰਫੇਰੀ ਨਾਲ ਮੇਰੇ ਤੋਂ ਘੱਟ ਯੋਗਤਾ ਵਾਲੇ ਡਾਕਟਰ ਨੂੰ ਨੌਕਰੀ ਦੇ ਦਿੱਤੀ ਗਈ। ਉਸ ਡਾਕਟਰ ਨੇ ਅਜੇ ਜਾਇਨ ਕਰਨਾ ਹੀ ਸੀ ਕਿ ਉਸ ਨੂੰ ਕੈੰਸਰ ਦੀ ਬਿਮਾਰੀ ਨੇ ਘੇਰ ਲਿਅਾ ਤੇ ਛੇਤੀ ਹੀ ਉਸ ਦੀ ਮੌਤ ਹੋ ਗਈ। ਮਹਿਕਮਾ ਮੈਨੂੰ ਨੌਕਰੀ ਦੇਣ ਲਈ ਜਦੋਂ ਨਾ ਮੰਨਿਅਾ ਤਾਂ ਮੈਂ ਪੰਜਾਬ ਹਰਿਅਾਣਾ ਹਾਈਕੋਰਟ ਚ ਕੇਸ ਪਾ ਦਿੱਤਾ। ਮਾਨਯੋਗ ਹਾਈਕੋਰਟ ਨੇ ਮੈਨੂੰ ਨੌਕਰੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਮੈਂ ਬਠਿੰਡਾ ਛਾਉਣੀ ਦੀ ਨੌਕਰੀ ਛੱਡ ਕੇ ਜਿਲ੍ਹਾ ਤਪਦਿਕ ਤੇ ਛਾਤੀ ਰੋਗਾਂ ਦੇ ਕਲੀਨਿਕ ਦੇ ਮੈਡੀਕਲ ਅਫਸਰ ਵਜੋਂ ਕੰਮ ਸੰਭਾਲ.ਲਿਅਾ। ਨੋਇਡਾ ਨੌਕਰੀ ਕਰਦਿਆਂ ਸੁਹੇਲ ਤੇ ਉਸ ਦੇ ਦੋਸਤ ਨੇ ਅੱਗੇ ਅੈਮਬੀਏ ਦੀ ਪੜ੍ਹਾਈ ਕਰਨ ਲਈ ਲੰਦਨ (ਯੂ ਕੇ) ਦੀ ਬੈੰਗਰ ਯੂਨੀਵਰਸਿਟੀ ਜਾਣ ਦਾ ਫੈਸਲਾ ਲਿਅਾ। ਸੁਹੇਲ ਨੇ ਮੈਨੂੰ ਪੁਛਿਅਾ ਕਿ ਉਹ ਅੱਗੇ ਪੜ੍ਹਨਾ ਚਾਹੁੰਦਾ ਹੈ। ਮਾਪੇ ਅਾਪਣੇ ਬੱਚਿਆਂ ਦੀ ਹਰ ਖਾਹਸ਼ ਪੂਰੀ ਕਰਨ ਲਈ ਹਮੇਸ਼ਾਂ ਤਿਅਾਰ ਰਹਿੰਦੇ ਹਨ। ਮੈਂ ਵੀ ਹਾਂ ਕਰ ਦਿੱਤੀ ਤੇ ਬੈੰਕ ਲੋਨ ਲੈਣ ਬਾਰੇ ਸੋਚਿਅਾ। 20 ਲੱਖ ਦਾ ਬੈਂਕ ਲੋਨ ਮਨਜੂਰ ਕਰਵਾ ਕੇ ਬੇਟੇ ਸੁਹੇਲ ਨੂੰ ਲੰਦਨ ਪੜ੍ਹਨ ਭੇਜ ਦਿੱਤਾ। ਲੋਨ ਦੀਆਂ ਕਿਸ਼ਤਾਂ ਮੈਂ ਆਪਣੀ ਤਨਖਾਹ ਚੋਂ ਉਤਾਰਦਾ ਰਿਹਾ। ਕਰਜ਼ਾ ਮੋੜਨ ਦਾ ਫਿਕਰ ਹਰ ਵਕਤ ਲੱਗਿਆ ਰਹਿੰਦਾ ਸੀ, ਇਸ ਕਰਕੇ ਦਹਿਸ਼ਤ ਜਿਹੀ ਦਿਲ ਵਿੱਚ ਬਣੀ ਰਹਿੰਦੀ। ਤਨਖ਼ਾਹ ਤੋਂ ਬਿਨਾਂ ਵੀ ਜਿੱਥੇ ਕਿਤੇ ਕੋਈ ਪੈਸਾ ਪਿਆ ਸੀ ਉਹ ਮੈਂ ਸਾਰਾ ਕਰਜ਼ਾ ਮੋੜਣ ਲਈ ਲਾਈ ਜਾ ਰਹੀ ਸੀ। ਸੁਹੇਲ ਤੇ ਉਸ ਦਾ ਦੋਸਤ ਸਕੰਦ ਆਪਣਾ ਐੱਮਬੀਏ ਦਾ ਕੋਰਸ ਸਫਲਤਾਪੂਰਵਕ ਪੂਰਾ ਕਰਕੇ ਵਾਪਸ ਇੰਡੀਆ ਗਏ ਕਿਉਂਕਿ ਉੱਥੇ ਕੋਈ ਵਰਕ ਵੀਜ਼ਾ ਮਿਲਣ ਦੀ ਸੰਭਾਵਨਾ ਨਹੀਂ ਸੀ। ਮੈਂ ਵੀ ਆਪਣਾ ਦੋ ਸਾਲ ਦਾ ਅਰਸਾ ਟੀਬੀ ਤੇ ਛਾਤੀ ਰੋਗ ਵਿਭਾਗ ਵਿੱਚ ਲਾਇਆ ਅਤੇ ਅੱਗੇ ਐਕਸਟੇਸ਼ਨ ਨਾ ਮਿਲੀ। ਜਿਸ ਕਰਕੇ ਮੈਂ ਉੱਥੋਂ ਵਿਹਲੇ ਹੋ ਕੇ ਫਿਰ ਬਠਿੰਡਾ ਛਾਉਣੀ ਵਿੱਚ ਸਥਿਤ 174- ਮਿਲਟਰੀ ਹਸਪਤਾਲ ਦੇ ਡਿਉੂਟੀ ਮੈਡੀਕਲ ਅਫਸਰ ਵਜੋਂ ਇੰਟਰਵਿਊ ਦਿੱਤੀ ਤੇ ਮੇਰੀ ਨਿਯੁਕਤੀ ਹੋ ਗਈ। MH ਦੇ ਅੈਮਅਾਈ ਰੂਮ ਵਿੱਚ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਤਕ ਮੇਰੀ ਡਿਉੂਟੀ ਹੁੰਦੀ ਸੀ। ਸਾਰੇ ਰੈੰਕਾਂ ਦੇ ਇਨ ਸਰਵਿਸ ਸੈਨਿਕ ਪਹਿਲਾਂ ਅੈਮਅਾਈ ਰੂਮ ਅਾ ਕੇ ਹੀ ਅੱਗੇ ਰੈਫਰ ਹੋ ਸਕਦੇ ਸਨ। ਮੈਨੂੰ ਇਹ ਡਿਉੂਟੀ ਬਹੁਤ ਵਧਾਈ ਲੱਗਦੀ ਸੀ ਕਿਉਂਕਿ ਉਥੇ ਸਾਰੀ ਦਵਾਈ ਤੇ ਟੈਸਟ ਸਭ ਮੁਫਤ ਹੁੰਦੇ ਸਨ। ਮੈਂ ਮਰੀਜ਼ ਸਪੈਸ਼ਲਿਸਟ ਕੋਲ ਰੈਫਰ ਕਰ ਸਕਦਾ ਸੀ ਜਿਸ ਦੀ ਮੈਨੂੰ ਖੁਸ਼ੀ ਬਹੁਤ ਹੁੰਦੀ। ਬੇਟੇ ਸੁਹੇਲ ਨੂੰ ਉਸ ਦੀ ਯੋਗਤਾ ਦੇ ਬਰਾਬਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਉਸ ਦਾ ਫੀਲਡ ਬੈੰਕਿੰਗ ਤੇ ਫਾਇਨਾਂਸ ਦਾ ਸੀ ਪਰ ਬਹੁਕੌਮੀ ਕੰਪਨੀਆਂ ਦਾ ਫਾਇਨਾਂਸ ਕੰਟਰੋਲ ਭਾਰਤ ਦੀ ਬਜਾਏ ਵਿਦੇਸ਼ਾਂ ਵਿੱਚ ਹੁੰਦਾ ਹੈ। ਇੱਕ ਵਾਰੀ ਤਾਂ ਉਸ ਨੇ ਫਾਇਨਾਂਸ ਦੀ ਬਜਾਏ ਟਾਟਾ ਇੰਸ਼ੋਰੈੰਸ ਕੰਪਨੀ ਵਿੱਚ ਅਸਿਸਟੈੰਟ ਮੈਨੇਜਰ ਦੀ ਜਾਬ ਲੁਧਿਆਣੇ ਲੈ ਲਈ ਪਰ ਉਥੇ ਕੰਪਨੀ ਲੋਕਾਂ ਦੇ ਬੀਮੇ ਕਰਨ ਦਾ ਕੋਟਾ ਪੂਰਾ ਕਰਨ ਨੂੰ ਵਾਰ ਵਾਰ ਕਹਿੰਦੀ ਰਹਿੰਦੀ ਸੀ। ਉਹ ਇਸ ਤੋਂ ਤੰਗ ਅਾ ਗਿਅਾ। ਅਸੀਂ ਸੋਚ ਵਿਚਾਰ ਕੇ ਸਿੱਟਾ ਕੱਢਿਆ ਕਿ ਸੁਹੇਲ ਨੂੰ ਅਾਪਣੀ ਯੋਗਤਾ ਦੇ ਅਨੁਸਾਰ ਨੌਕਰੀ ਵਿਦੇਸ਼ ਵਿੱਚ ਹੀ ਮਿਲ ਸਕਦੀ ਸੀ ਇਥੇ ਨਹੀਂ। ਪਹਿਲਾਂ ਤਾਂ ਉਸ ਨੇ ਕਨੇਡਾ ਦੀ ਪੀਅਾਰ ਵਾਸਤੇ ਫਾਇਲ ਲਾਈ ਤਾਂ ਉਸ ਦਾ ਕੰਮ ਬਣ ਜਾਣ ਦੀ ਅਾਸ ਬੱਝੀ। ਇੱਕ ਹੋਰ ਰਾਹ ਸੀ ਮੈਰਿਜ ਬੇਸ ਤੇ ਵਾਪਸ ਲੰਦਨ ਜਾਣ ਦਾ। ਅਸੀਂ ਮੈਟਰੀਮੋਨੀਅਲ ਪੜ੍ਹ ਕੇ ਇੱਕ ਰਿਸ਼ਤਾ ਚੁਣਿਆ ਤੇ ਉਥੇ ਗੱਲਬਾਤ ਸਫਲ ਰਹੀ। ਦੋਹਾਂ ਧਿਰਾਂ ਨੇ ਰਿਸ਼ਤੇ ਲਈ ਕੋਈ ਪੂਰਵ ਸ਼ਰਤ ਨਹੀਂ ਰੱਖੀ ਤੇ ਨਾ ਕੋਈ ਦਾਜ ਦਹੇਜ। ਲੜਕਾ ਲੜਕੀ ਦੀ ਅਾਪਸੀ ਦੇਖਾ ਦਿਖਾਈ ਹੋ ਗਈ। ਵਿਅਾਹ ਤਹਿ ਕਰਨ ਵਿੱਚ ਵੱਡੇ ਬੇਟੇ ਦੀ ਸਹਿਮਤੀ ਲਈ ਗਈ ਤਾਂ ਉਸ ਨੇ ਅਗਲੇ ਸਾਲ ਫਰਵਰੀ ਦੀ ਤਰੀਕ ਰੱਖ ਦਿੱਤੀ ਜੋ ਦੋਨੋ ਧਿਰਾਂ ਨੇ ਮਨਜ਼ੂਰ ਕਰ ਲਈ। ਮੇਰੀ ਮਿਲਟਰੀ ਹਸਪਤਾਲ ਦੀ ਜਾਬ ਇੱਕ ਸਾਲ ਪਿਛੋਂ ਉਹਨਾਂ ਅੱਗੇ ਨਾ ਵਧਾਈ ਜਿਸ ਦੀ ਮੈਨੂੰ ਉਮੀਦ ਨਹੀਂ ਸੀ ਨਹੀਂ ਤਾਂ ਮੈਂ ਥਰਮਲ ਪਲਾਂਟ ਦੀ ਮਿਲੀ ਹੋਈ ਜਾਬ ਕਦੇ ਨਾ ਛੱਡਦਾ। ਮੈਨੂੰ ਇੱਕ ਤਰ੍ਹਾਂ ਨਾਲ ਘਾਟਾ ਹੀ ਪਿਆ। ਦੋਨਾਂ ਧਿਰਾਂ ਵਲੋਂ ਸੁਹੇਲ ਦੇ ਵਿਅਾਹ ਦੀ ਤਿਅਾਰੀ ਬਹੁਤ ਚਾਵਾਂ ਨਾਲ ਕੀਤੀ ਜਾ ਰਹੀ ਸੀ। ਲੜਕੀ ਦੇ ਦਾਦਕਿਅਾਂ ਤੇ ਨਾਨਕਿਅਾਂ ਵਿੱਚ ਇਹ ਕਿਸੇ ਲੜਕੀ ਦੀ ਪਹਿਲੀ ਸ਼ਾਦੀ ਸੀ ਤੇ ਉਹ ਇਸ ਦੀ ਖੁਸ਼ੀ ਰੱਜ ਕੇ ਮਨਾਉਣਾ ਚਾਹੁੰਦੇ ਸਨ। ਅਸੀਂ ਵੀ ਉਹਨਾਂ ਨਾਲ ਸਹਿਮਤ ਹੋ ਗਏ। ਵੱਡੇ ਬੇਟੇ ਨੇ ਵਿਅਾਹ ਦਾ ਖਰਚਾ ਦੇਣ ਦੀ ਹਿੰਮਤ ਵਿਖਾਈ। ਸੁਹੇਲ ਦਾ ਵਿਅਾਹ ਹੋਣ ਦੇ ਛੇ ਮਹੀਨੇ ਬਾਅਦ ਉਹ ਯੂਕੇ ਦੇ ਸ਼ਹਿਰ ਕਵੈੰਟਰੀ ਰਹਿਣ ਲੱਗੇ। ਅਸੀਂ ਕਾਫੀ ਰਾਹਤ ਮਹਿਸੂਸ ਕੀਤੀ। ਚਾਰ ਸਾਲ ਅਸੀਂ ਵਿਦੇਸ਼ ਨਹੀਂ ਗਏ। ਸੰਨ 2017 ਵਿੱਚ ਅਸੀਂ ਯੂਕੇ ਦਾ ਟੂਰ ਲਾਉਣ ਪਹੁੰਚੇ। ਵੱਡਾ ਬੇਟਾ ਪਵੇਲ ਲੰਦਨ ਪਹਿਲਾਂ ਹੀ ਅਾਪਣੀ ਇੱਕ ਹੋਰ ਫੈਲੋਸ਼ਿਪ ਲਈ ਅਾਇਅਾ ਹੋਇਆ ਸੀ। ਅਸੀਂ ਇਸ ਨੂੰ ਫੈਮਲੀ ਰੀਯੂਨੀਅਨ ਬਣਾ ਲਿਅਾ ਤੇ ਸਿੰਘਾਪੁਰ ਤੋਂ ਉਸ ਦੇ ਪੀ੍ਵਾਰ ਦੇ ਬਾਕੀ ਮੈੰਬਰ ਵੀ ਯੂਕੇ ਪਹੁੰਚ ਗਏ। ਪੂਰਾ ਇੱਕ ਮਹੀਨਾ ਸਾਰੇ ਖੂਬ ਮਸਤੀ ਵਿੱਚ ਰਹੇ। ਰਿਸ਼ਤੇਦਾਰਾਂ ਦੀ ਮਹਿਮਾਨ ਨਿਵਾਜੀ ਦਾ ਵੀ ਖੂਬ ਅਾਨੰਦ ਲਿਅਾ। ਮੈਂ ਅਾਪਣੇ ਲੰਦਨ ਰਹਿੰਦੇ ਜਮਾਤੀ ਡਾਕਟਰਾਂ ਨੂੰ ਜਾ ਮਿਲਿਆ ਤੇ ਉਹਨਾਂ ਨਾਲ ਪੂਰਾ ਲੰਦਨ ਸਹਿਰ ਕਈ ਦਿਨ ਘੁੰਮਿਅਾ। ਕਈ ਇਤਿਹਾਸਕ ਥਾਵਾਂ ਵੇਖੀਆਂ। ਬਰਮਿੰਘਮ ਸ਼ਹਿਰ ਵਿੱਚ ਰਹਿੰਦੇ ਭਾਰਤੀ ਮਜ਼ਦੂਰ ਸਭਾ ( ਇੰਡੀਅਨ ਵਰਕਰਜ਼ ਅੈਸੋਸੀਏਸ਼ਨ ) ਦੇ ਸੋਲੋ ਰੋਡ ਤੇ ਸਥਿਤ ਦਫਤਰ ਵਿੱਚ ਜਾਕੇ ਉਹਨਾਂ ਅਗਾਂਹਵਧੂ ਵਿਅਕਤੀਆਂ ਨਾਲ ਮੇਲ ਮਿਲਾਪ ਕੀਤਾ ਤੇ ਉਹਨਾਂ ਦੇ ਵਿਚਾਰ ਜਾਣੇ। ਇੱਕ ਦਿਨ ਪੰਜਾਬੀ ਸਾਹਿਤ ਸਭਾ ਕਵੈੰਟਰੀ ਦਾ ਸਲਾਨਾ ਸਮਾਗਮ ਵੀ ਅਟੈੰਡ ਕੀਤਾ ਤੇ ਕਾਫ਼ੀ ਲੇਖਕਾਂ ਨੇ ਮੈਨੂੰ ਕਿਤਾਬਾਂ ਭੇਂਟ ਕੀਤੀਆਂ। ਇੱਕ ਟੀਵੀ ਚੈਨਲ ਤੇ ਤਿੰਨ ਵੱਖ ਵੱਖ ਵਿਸ਼ਿਅਾਂ ਤੇ ਇੰਟਰਵਿਊ ਵੀ ਰਿਕਾਰਡ ਕਰਵਾਈਆਂ। ਕਵੈੰਟਰੀ ਦੀ ਇੱਕ ਬੀਚ ਦਾ ਵੀ ਇੱਕ ਦਿਨ ਨਜ਼ਾਰਾ ਲਿਅਾ। (ਚਲਦਾ)
Comments (0)
Facebook Comments (0)