ਕੋਰੋਨਾ ਵਾਇਰਸ : ਦਿੱਲੀ ਵਿਚ 5 ਸ਼ੱਕੀ ਮਰੀਜ਼ ਹਸਪਤਾਲ ਵਿਚ ਭਰਤੀ
Fri 31 Jan, 2020 0ਨਵੀਂ ਦਿੱਲੀ : ਕੋਰੋਨਾ ਵਾਇਰਸ ਦੁਨੀਆਂ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੀਨ ਵਿਚ ਸ਼ੁਰੂ ਹੋਏ ਇਸ ਵਾਇਰਸ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ। ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਪੰਜ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਕੱਲ੍ਹ ਕੇਰਲ ਵਿਚ ਵੀ ਇਕ ਮਰੀਜ਼ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ 5 ਮਰੀਜ਼ਾ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਇਨ੍ਹਾਂ ਵਿਚੋਂ 4 ਪੁਰਸ਼ ਹਨ ਅਤੇ 1 ਔਰਤ ਹੈ ਜਿਨ੍ਹਾਂ ਨੂੰ ਸ਼ੱਕੀ ਕੋਰੋਨਾਵਾਇਰਸ ਦੇ ਮਾਮਲੇ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਸਾਰੇ ਮਰੀਜ਼ਾ ਨੂੰ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੀਨ ਤੋਂ ਭਾਰਤ ਵਾਪਸ ਪਰਤੇ ਸਨ।
ਦੂਜੇ ਪਾਸੇ ਆਰਥਿਕ ਰਾਜਧਾਨੀ ਮੰਨੀ ਜਾਣ ਵਾਲੀ ਮੁੰਬਈ ਦੇ ਏਅਰਪੋਰਟ ਉੱਤੇ 28 ਜਨਵਰੀ ਤੱਕ 4846 ਲੋਕਾਂ ਦੀ ਜਾਂਚ ਕੀਤੀ ਗਈ ਹੈ ਇਨ੍ਹਾਂ ਵਿਚੋਂ 28 ਯਾਤਰੀਆਂ ਵਿਚ ਜੁਖਾਮ ਅਤੇ ਬੁਖਾਰ ਦੇ ਲੱਛਣ ਪਾਏ ਗਏ ਹਨ ਜਿਨ੍ਹਾ ਨੂੰ ਆਇਸੋਲੇਸ਼ਨ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਸੀ। ਇਹ ਸਾਰੇ ਮਹਾਰਰਾਸ਼ਟਰ ਦੇ ਹੀ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 8 ਮਰੀਜ਼ਾਂ ਦੀ ਜਾਂਚ ਨੈਗਟੀਵ ਪਾਈ ਗਈ ਹੈ ਜਦਕਿ 4 ਦੇ ਟੈਸਟਾਂ ਦਾ ਅਜੇ ਨਤੀਜਾ ਨਹੀਂ ਆਇਆ ਹੈ। ਬਾਕੀ 12 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਉੱਥੇ ਹੀ ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 200 ਤੋਂ ਪਾਰ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਰਿਪੋਰਟ ਦੀ ਮੰਨੀਏ ਤਾਂ ਚੀਨ ਵਿਚ ਇਸ ਵਾਇਰਸ ਨਾਲ 7736 ਲੋਕਾਂ ਨੂੰ ਸੰਕਰਮਿਤ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਤੋਂ ਇਲਾਵਾ ਇਸ ਦੇਸ਼ ਵਿਚ 12,167 ਲੋਕਾਂ ਦੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਆਸ਼ੰਕਾ ਵੀ ਹੈ।
Comments (0)
Facebook Comments (0)