'ਅਪਣੀ ਗੱਡੀ ਅਪਣਾ ਰੁਜ਼ਗਾਰ' ਯੋਜਨਾ ਸ਼ੁਰੂ

'ਅਪਣੀ ਗੱਡੀ ਅਪਣਾ ਰੁਜ਼ਗਾਰ' ਯੋਜਨਾ ਸ਼ੁਰੂ

ਚੰਡੀਗੜ੍ਹ : ਅਜੋਕੇ ਸਮੇਂ ਬੇਰੁਜ਼ਗਾਰੀ ਦੀ ਸਮੱਸਿਆ ਵਿਕਰਾਲ ਰੁਖ ਅਖ਼ਤਿਆਰ ਕਰਦੀ ਜਾ ਰਹੀ ਹੈ। ਭਾਵੇਂ ਸਰਕਾਰਾਂ ਵਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਸਮੇਂ ਸਮੇਂ ਉਪਰਾਲੇ ਕੀਤੇ ਜਾਂਦੇ ਰਹੇ ਹਨ ਪਰ ਅਜੇ ਤਕ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ। ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਕਿੱਤੇ ਲਾਉਣ ਲਈ ਨਵੀਂ ਸਕੀਮ ਲਿਆਂਦੀ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਨੇ 'ਅਪਣੀ ਗੱਡੀ ਅਪਣਾ ਰੁਜ਼ਗਾਰ' ਯੋਜਨਾ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਯੋਜਨਾ ਤਹਿਤ ਰਾਜ ਅੰਦਰ ਬੇਰੁਜ਼ਗਾਰ ਵਿਅਕਤੀਆਂ ਨੂੰ ਤਿੰਨ ਪਹੀਆ ਵਾਲੇ ਵਾਹਨ (ਆਟੋ) ਅਤੇ ਚੋਪਹੀਆ ਵਾਹਨ (ਕਾਰ ਆਦਿ) ਖ਼ਰੀਦਣ 'ਤੇ 15 ਫ਼ੀ ਸਦੀ ਤਕ ਦੀ ਸਬਸਿਡੀ ਦਿਤੀ ਜਾਵੇਗੀ।

 

 

ਸਰਕਾਰ ਨੇ ਇਹ ਫ਼ੈਸਲਾ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਯੋਜਨਾ ਰਾਹੀਂ ਵਾਹਨ ਦੀ ਔਨ ਰੋਡ ਕੀਮਤ 'ਤੇ 15 ਫ਼ੀ ਸਦੀ ਸਬਸਿਡੀ ਜਾਂ 75000 ਰੁਪਏ ਅਤੇ 50,000 ਰੁਪਏ, ਜੋ ਵੀ ਘੱਟ ਤੋਂ ਘੱਟ ਰਾਸ਼ੀ ਹੋਵੇਗੀ, ਦਿਤੀ ਜਾਵੇਗੀ। ਬਾਕੀ ਬਚਦੀ ਰਕਮ ਪੰਜਾਬ ਰਾਜ ਸਹਿਕਾਰੀ ਬੈਂਕ ਵਲੋਂ ਫਾਇਨਾਂਸ ਕੀਤੀ ਜਾਵੇਗੀ।

 

 

ਦੱਸ ਦਈਏ ਕਿ ਮਹਾਰਾਸ਼ਟਰ, ਕਰਨਾਟਕਾ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਲੋਂ ਅਜਿਹੀਆਂ ਯੋਜਨਾਵਾਂ ਚਲਾਈਆਂ ਗਈਆਂ ਸਨ। ਪੰਜਾਬ ਸਰਕਾਰ ਨੇ ਵੀ ਉਪਰੋਕਤ ਯੋਜਨਾਵਾਂ ਦੀ ਸਟੱਡੀ ਤੋਂ ਬਾਅਦ ਇਸ ਸਕੀਮ ਨੂੰ ਪੰਜਾਬ ਅੰਦਰ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਵਾਹਨ ਖ਼ਰੀਦਣ 'ਤੇ ਸਬਸਿਡੀ ਦਿਤੀ ਜਾਂਦੀ ਹੈ।

 

 

ਸ਼ੁਰੂਆਤ 'ਚ ਇਸ ਸਕੀਮ ਦਾ ਲਾਭ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਰਗੇ ਸ਼ਹਿਰਾਂ ਦੇ ਲੋਕ ਉਠਾ ਸਕਦੇ ਹਨ। ਇਸ ਤਹਿਤ ਸਭ ਤੋਂ ਪਹਿਲਾਂ 600 ਵਾਹਨਾਂ 'ਤੇ ਸਬਸਿਡੀ ਦੇਣ ਦੀ ਯੋਜਨਾ ਹੈ।

 

 

ਇਸ ਦੌਰਾਨ ਸਰਕਾਰ ਨੇ ਟੈਕਸੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਓਬਰ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਅੰਮ੍ਰਿਤਸਰ, ਪਟਿਆਲਾ ਵਿਚ 50 ਕਾਰਾਂ, ਲੁਧਿਆਣਾ ਵਿਚ 100 ਅਤੇ ਰੋਪੜ ਵਿਚ 400 ਕਾਰਾਂ ਦੀ ਫੰਡਿੰਗ ਕਰਨ ਦਾ ਪ੍ਰਸਤਾਵ ਹੈ।