ਖ਼ੁਦ ਦੇ ਪਿਸਤੌਲ 'ਚੋਂ ਚੱਲੀ ਗੋਲੀ ਨਾਲ ਕੌਂਸਲਰ ਦੇ ਭਤੀਜੇ ਦੀ ਮੌਤ

ਖ਼ੁਦ ਦੇ ਪਿਸਤੌਲ 'ਚੋਂ ਚੱਲੀ ਗੋਲੀ ਨਾਲ ਕੌਂਸਲਰ ਦੇ ਭਤੀਜੇ ਦੀ ਮੌਤ

ਮੋਗਾ : ਡੀਐਮਸੀ ਹਸਪਤਾਲ ਵਿਚ ਦਵਾਈ ਲੈਣ ਲਈ ਮੋਗਾ ਤੋਂ ਲੁਧਿਆਣਾ ਆਏ ਚਾਰ ਨੌਜਵਾਨ ਸ਼ਾਮ ਨੂੰ ਲੋਧੀ ਕਲੱਬ ਰੋਡ 'ਤੇ ਅਹਾਤੇ ਵਿਚ ਸ਼ਰਾਬ ਪੀਣ ਲੱਗੇ। ਸ਼ਾਮ ਦੇ ਕਰੀਬ 6 ਵਜੇ ਉਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਦੂਜੇ ਟੇਬਲ 'ਤੇ ਸ਼ਰਾਬ ਪੀ ਰਹੇ ਨੌਜਵਾਨਾਂ ਨਾਲ ਝਗੜਾ ਹੋ ਗਿਆ। ਇਸੇ ਦੌਰਾਨ ਇਕ ਨੌਜਵਾਨ ਨੇ ਅਪਣੀ ਡੱਬ ਵਿਚ ਲੱਗਿਆ ਪਿਸਤੌਲ ਕੱਢ ਲਿਆ ਪਰ ਪਿਸਤੌਲ ਵਿਚੋਂ ਅਚਾਨਕ ਚੱਲੀ ਗੋਲੀ ਉਸੇ ਦੇ ਚਿਹਰੇ 'ਤੇ ਜਾ ਲੱਗੀ। ਜਦੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਡੀਐਮਸੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਮ੍ਰਿਤਕ ਨੌਜਵਾਨ ਮੋਗਾ ਦੇ ਆਜ਼ਾਦ ਕੌਂਸਲਰ ਮਨਜੀਤ ਸਿੰਘ ਧੰਮੂ ਦਾ ਭਤੀਜਾ ਵਰਿੰਦਰ ਸਿੰਘ ਸੀ। ਵਰਿੰਦਰ ਅਪਦੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਉਸ ਦੀ ਭੈਣ ਵਿਆਹੀ ਹੋਈ ਹੈ ਜੋ ਕੈਨੇਡਾ ਵਿਚ ਰਹਿੰਦੀ ਹੈ ਅਤੇ ਮਾਂ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਗਈ ਹੈ। ਵਰਿੰਦਰ ਨੇ ਵਿਦੇਸ਼ ਜਾਣ ਸੀ ਪਰ ਇਸ ਦੇ ਲਈ ਤੈਅ ਸਮੇਂ ਦਾ ਪਤਾ ਨਹੀਂ ਚੱਲ ਸਕਿਆ ਹੈ। ਫਿਲਹਾਲ ਥਾਣਾ ਦੁੱਗਰੀ ਪੁਲਿਸ ਨੇ ਵਰਿੰਦਰ ਦੇ ਦੋਸਤ ਸਤਨਾਮ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਵਰਿੰਦਰ ਮੋਗਾ ਵਿਚ ਪੁਰਾਣੇ ਟਾਇਰ ਖ਼ਰੀਦਣ ਵੇਚਣ ਦਾ ਕੰਮ ਕਰਦਾ ਸੀ।ਐਤਵਾਰ ਨੂੰ ਉਹ ਅਪਣੇ ਤਿੰਨ ਦੋਸਤਾਂ ਸਤਨਾਮ, ਸੰਨੀ ਅਤੇ ਲੱਕੀ ਦੇ ਨਾਲ ਲੁਧਿਆਣਾ ਆਇਆ ਸੀ। ਡੀਐਮਸੀ ਵਿਚ ਦਵਾਈ ਲੈਣ ਤੋਂ ਬਾਅਦ ਵਾਪਸ ਜਾਂਦੇ ਸਮੇਂ ਸ਼ਾਮ ਕਰੀਬ 5 ਵਜੇ ਤਿੰਨੇ ਲੋਧੀ ਕਲੱਬ ਰੋਡ 'ਤੇ ਬਣੇ ਅਹਾਤੇ ਵਿਚ ਸ਼ਰਾਬ ਪੀਣ ਚਲੇ ਗਏ। ਉਥੇ ਉਨ੍ਹਾਂ ਦੇ ਨਾਲ ਵਾਲੇ ਟੇਬਲ 'ਤੇ ਬੈਠੇ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਅਹਾਤੇ ਦੇ ਬਾਊਂਸਰਾਂ ਨੇ ਇਕ ਵਾਰ ਮਾਮਲਾ ਸ਼ਾਂਤ ਕਰਵਾ ਦਿਤਾ। ਇਸ ਤੋਂ ਬਾਅਦ ਕਰੀਬ ਇਕ ਘੰਟਾ ਸਾਰੇ ਉਥੇ ਸ਼ਰਾਬ ਪੀਂਦੇ ਰਹੇ। ਉਸ ਤੋਂ ਬਾਅਦ ਦੋਵੇਂ ਪੱਖਾਂ ਵਿਚ ਦੁਬਾਰਾ ਬਹਿਸ ਹੋਈ ਤਾਂ ਝਗੜਾ ਟਾਲਣ ਲਈ ਸਤਨਾਮ ਅਤੇ ਲੱਕੀ ਅਹਾਤੇ ਤੋਂ ਬਾਹਰ ਆ ਗਏ ਅਤੇ ਗੱਡੀ ਸਟਾਰਟ ਕਰ ਲਈ।

Ludhiana

ਸੰਨੀ ਅਤੇ ਵਰਿੰਦਰ ਬਾਹਰ ਆਏ ਤਾਂ ਇਸੇ ਦੌਰਾਨ ਦੂਜੇ ਪੱਖ ਦੇ ਲੋਕ ਵੀ ਬਾਹਰ ਆ ਗਏ ਅਤੇ ਉਨ੍ਹਾਂ ਵਿਚ ਹੋ ਰਹੀ ਬਹਿਸ ਹੱਥੋਪਾਈ ਤਕ ਪਹੁੰਚ ਗਈ। ਸਤਨਾਮ ਅਤੇ ਲੱਕੀ ਨੂੰ ਪਤਾ ਸੀ ਕਿ ਸੰਨੀ ਅਤੇ ਵਰਿੰਦਰ ਦੇ ਕੋਲ ਅਸਲਾ ਹੈ। ਉਨ੍ਹਾਂ ਨੇ ਪਹਿਲਾਂ ਸੰਨੀ ਦਾ ਅਸਲਾ ਖੋਹ ਕੇ ਗੱਡੀ ਵਿਚ ਸੁੱਟ ਦਿਤਾ ਅਤੇ ਦੂਜੇ ਪੱਖ ਦੇ ਲੋਕਾਂ ਨੇ ਅਪਣੇ ਸਾਥੀ ਨੂੰ ਫੜ ਲਿਆ। ਇਸੇ ਦੌਰਾਨ ਵਰਿੰਦਰ ਨੇ ਡੱਬ ਤੋਂ ਪਿਸਤੌਲ ਕੱਢਿਆ ਜੋ ਅਚਾਨਕ ਚੱਲ ਗਿਆ ਅਤੇ ਗੋਲੀ ਉਸ ਦੇ ਚਿਹਰੇ 'ਤੇ ਲੱਗ ਗਈ। ਪੁਲਿਸ ਨੇ ਵਰਿੰਦਰ ਦਾ ਵੈਪਨ ਜਾਂਚ ਲਈ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ  ਸੂਤਰਾਂ ਦੀ ਮੰਨੀਏ ਤਾਂ ਵੈਪਨ ਵਿਚ ਸਿਰਫ਼ ਇਕ ਹੀ ਗੋਲੀ ਸੀ ਅਤੇ ਉਸ ਦਾ ਖੋਲ ਅੰਦਰ ਹੀ ਫਸਿਆ ਹੋਇਆ ਸੀ। ਫਿਲਹਾਲ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਇਕ ਹੀ ਚੱਲੀ ਹੈ ਜਾਂ ਇਸ ਤੋਂ ਜ਼ਿਆਦਾ ਚੱਲੀਆਂ ਹਨ।

ਉਥੇ ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਹਾਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕਰ ਲਈ ਹੈ। ਜਿਸ ਵਿਚ ਪਤਾ ਚੱਲ ਰਿਹਾ ਹੈ ਕਿ ਦੋਵੇਂ ਪੱਖਾਂ ਦੇ ਲੋਕ ਝਗੜੇ ਨੂੰ ਟਾਲ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ। ਐਸਐਚਓ ਦੁੱਗਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਰਿੰਦਰ ਦੇ ਪਿਸਤੌਲ ਤੋਂ ਖ਼ੁਦ ਉਸੇ ਤੋਂ ਗੋਲੀ ਚੱਲੀ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਕਾਰਨ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪੱਖ ਨਾਲ ਹੋਈ ਤਕਰਾਰ ਅਤੇ ਝਗੜੇ ਦੇ ਬਾਰੇ ਵਿਚ ਜਾਂਚ ਕੀਤੀ ਜਾ ਰਹੀ ਹੈ, ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।