ਗ਼ਜ਼ਲ - ਗੌਰੀ ਲੰਕੇਸ਼ ਦੇ ਕਤਲ 'ਤੇ
Fri 26 Oct, 2018 0ਗੋਲੀ ਮਾਰ ਬੰਦੂਕ ਚਲਾਓ ਸ਼ਬਦ ਕਦੇ ਵੀ ਮਰਦੇ ਨਹੀਂ।
ਪੌਣਾਂ ਅੰਦਰ ਘੁਲ਼ ਜਾਂਦੇ ਨੇ, ਵਕਤ ਅਜਾਈ ਂ ਕਰਦੇ ਨਹੀਂ।
ਰਾਜੇ ਨੂੰ ਸ਼ੀਂਹ ਆਖਣ ਵਾਲੀ ਪਿਰਤ ਮੇਰੇ ਗੁਰੂ ਨਾਨਕ ਦੀ,
ਹਾਲੇ ਤੀਕ ਮੁਕੱਦਮ ਜ਼ਹਿਰੀ,ਸ਼ੀਸ਼ੇ ਨੂੰ ਵੀ ਜਰਦੇ ਨਹੀਂ।
ਅੰਬਰ ਦੇ ਵਿੱਚ ਕਿੰਨੇ ਤਾਰੇ ਜਾਗ ਰਹੇ ਨੇ ਸਦੀਆਂ ਤੋਂ,
ਇੱਕ ਅੱਧ ਨੁੱਕਰ ਭੁਰ ਜਾਵੇ ਤਾਂ ਠੰਢੇ ਹਾਉਕੇ ਭਰਦੇ ਨਹੀਂ।
ਧਰਤੀ ਦੀ ਮਰਯਾਦਾ ਏਹੀ ,ਚੋਰਾਂ ਨੂੰ ਬੱਸ ਚੋਰ ਕਹੋ,
ਹੱਕ ਸੱਚ ਤੇ ਇਨਸਾਫ਼ ਦੇ ਪਹਿਰੂ ਇੰਜ ਆਖਣ ਤੋਂ ਡਰਦੇ ਨਹੀਂ।
ਅੰਨ੍ਹੇ ਕੁੱਤੇ 'ਵਾ ਨੂੰ ਭੌਂਕਣ, ਦੁਸ਼ਮਣ ਦੀ ਪਹਿਚਾਣ ਬਿਨਾ,
ਆਪਣੀ ਨਸਲ ਬਿਨਾ ਬੇਨਸਲੇ,ਹੋਰ ਕਿਸੇ ਨੂੰ ਜਰਦੇ ਨਹੀਂ।
ਕਲਮਕਾਰ ਜੋ ਲਿਖੇ, ਮਿਟਾਵੇਂ,ਤੇਰੇ ਵੱਸ ਦੀ ਬਾਤ ਨਹੀਂ,
ਸ਼ਾਸਤਰਾਂ ਨੂੰ ਸ਼ਸਤਰ ਮਾਰੇਂ, ਸੂਰੇ ਏਦਾਂ ਕਰਦੇ ਨਹੀਂ।
ਇੱਕ ਦੀਵੇ ਦੀ ਲਾਟ ਬੁਝਾ ਕੇ ਤੇਜ਼ ਹਨ੍ਹੇਰੀ ਸਮਝੇ ਨਾ,
ਬੰਨ੍ਹ ਕਤਾਰਾਂ ,ਜਗਦੇ ਜੁਗਨੂੰ ,ਪੈਰ ਪਿਛਾਂਹ ਨੂੰ ਧਰਦੇ ਨਹੀਂ।
ਗੁਰਭਜਨ ਗਿੱਲ
Comments (0)
Facebook Comments (0)