
ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਨੇੜੇ ਵਾਪਰੇ ਅਗਵਾ ਕਾਂਡ ਦੀ ਜਾਂਚ ਰਿਪੋਰਟ
Fri 26 Oct, 2018 0ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੂੰ ਸਖਤ ਸੁਰੱਖਿਆ ਵਾਲੇ ਇਲਾਕੇ ਕੇਂਦਰੀ ਜੇਲ਼੍ਹ ਬਠਿੰਡਾ ਨੇੜੇ ਵਾਪਰੇ ਇੱੱਕ ਅਗਵਾ ਕਾਂਡ ਬਾਰੇ ਅਖਬਾਰਾਂ ਚੋਂ ਪਤਾ ਲੱਗਿਆ ਕਿ ਭੱਠੇ ਦੇ ਸਾਹਮਣੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਦੀ ਨਾਬਾਲਗ ਬੱਚੀ ਨੂੰ ਇੱਕ ਔਰਤ ਤੇ ਕੁਝ ਬੰਦਿਆਂ ਵੱਲੋਂ ਇੱਕ ਕਾਲੇ ਸੀਸ਼ਿਅਾ ਵਾਲੀ ਕਾਰ ਵਿੱਚ ਅਗਵਾ ਕਰਨ ਪਿਛੋਂ 5 ਦਿਨ ਜਬਰਦਸਤੀ ਕਿਸੇ ਅਗਿਆਤ ਥਾਂ ਤੇ ਰੱਖਿਆ ਗਿਅਾ ਤੇ ਫਿਰ 12 ਅਕਤੂਬਰ ਨੂੰ ਅਗਵਾਹਕਾਰ ਉਸ ਨੂੰ ਘਰ ਦੇ ਬਾਹਰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਤੇ ਸੁੱਟ ਕੇ ਫਰਾਰ ਹੋ ਗਏ।ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਜਮਹੂਰੀ ਅਧਿਕਾਰ ਸਭਾ ਦੀ ਇਕਾਈ ਬਠਿੰਡਾ ਹਰਕਤ ਵਿੱਚ ਆਈ ਅਤੇ ਉਸ ਨੇ ਪੜਤਾਲ ਕਰਨ ਲਈ ਇੱਕ ਤੱਥ ਖੋਜ ਟੀਮ ਗਠਿਤ ਕੀਤੀ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ,ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ, ਰੇਖਾ ਰਾਣੀ ਤੇ ਹਰਬੰਸ ਕੌਰ ਸ਼ਾਮਿਲ ਸਨ।ਸਭਾ ਦੀ ਟੀਮ ਨੇ ਘਟਨਾ ਵਾਲੀ ਥਾਂ ਤੇ ਜਾ ਕੇ ਮੌਕੇ ਦਾ ਜਾਇਜ਼ਾ ਲੈਣ ਪਿੱਛੋਂ ਪੀੜਤ ਪਰਿਵਾਰ ਦੇ ਮੈਂਬਰਾਂ,ਅਗਵਾ ਦਾ ਸ਼ਿਕਾਰ ਹੋਈ ਲੜਕੀ,ਉਸ ਦੀ ਮਾਂ ਮਿੰਟੂ ਦੇਵੀ ਤੇ ਪਿਤਾ ਬਲਦੇਵ ਸਿੰਘ ਸਾਹਨੀ ਦੇ ਬਿਆਨ ਕਲਮਬੰਦ ਕੀਤੇ ਅਤੇ ਜਨਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਕੇਸ ਨਾਲ ਸਬੰਧਤ ਦਰਜ ਐੱਫ ਆਈ ਆਰ ਦੀ ਕਾਪੀ ਵੀ ਹਾਸਲ ਕੀਤੀ। ਸਭਾ ਦੀ ਟੀਮ ਦੇ ਮੈਂਬਰਾਂ ਨੇ ਨੋਟ ਕੀਤਾ ਕਿ ਪਿੰਡ ਦੀ ਸ਼ਾਮਲਾਟ ਤੇ ਬਣੇ ਕੱਚੇ ਮਕਾਨ ਵਿੱਚ ਰਹਿੰਦੇ ਇਸ ਅੱਤ ਗਰੀਬ ਬਿਹਾਰੀ ਮਜ਼ਦੂਰ ਪਰਿਵਾਰ ਦੇ ਚਾਰ ਧੀਆਂ ਅਤੇ ਤਿੰਨ ਪੁੱਤ ਹਨ। ਇਹ ਪ੍ਰਵਾਸੀ ਦਲਿਤ ਪਰਿਵਾਰ ਨਵੀਂ ਜੇਲ੍ਹ ਦੀ ੳੁਸਾਰੀ ਵੇਲੇ ਤੋਂ ਹੀ ਇੱਥੇ ਟਿਕਿਆ ਹੋਇਆ ਹੈ ਅਤੇ ਦੂਜੀਆਂ ਥਾਵਾਂ ਤੋਂ ਵੀ ਲੇਬਰ ਲਿਅਾ ਕੇ ਜੇਲ੍ਹ ਵਾਲਿਆਂ ਨੂੰ ਦਿੰਦਾ ਹੈ ਜਿਸ ਕਰਕੇ ਇਸ ਨੂੰ ਠੇਕੇਦਾਰ ਦਾ ਪਰਿਵਾਰ ਵੀ ਕਿਹਾ ਜਾਂਦਾ ਹੈ।ਇਹਨਾਂ ਦਾ ਇੱਕ ਬੇਟਾ ਵਿਅਾਹਿਅਾ ਹੋਇਅਾ ਹੈ ਪਰ ਬਾਕੀ ਸਾਰੇ ਬੱਚੇ ਅਜੇ ਕੁਅਾਰੇ ਹਨ। ਸਾਰਾ ਟੱਬਰ ਮਿਹਨਤ ਮਜ਼ਦੂਰੀ ਕਰਦਾ ਹੈ।ਮਜ਼ਦੂਰੀ ਤੋਂ ਬਿਨ੍ਹਾਂ ਇਹਨਾਂ ਕੋਲ ਅਾਮਦਨ ਦਾ ਹੋਰ ਕੋਈ ਸਰੋਤ ਨਹੀਂ ਹੈ।ਪੀੜਤ ਲੜਕੀ ਦੀ ਮਾਂ ਮਿੰਟੂ ਦੇਵੀ ਤੇ ਪਿਤਾ ਬਲਦੇਵ ਸਾਹਨੀ ਨੇ ਘਟਨਾ ਬਿਆਨ ਕਰਦਿਆਂ ਦੱਸਿਆ ਕਿ 7 ਅਕਤੂਬਰ ਨੂੰ ਉਨ੍ਹਾਂ ਦੀ 15 ਸਾਲਾ ਨਾਬਾਲਗ ਧੀ ਨੂੰ ਉਦੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਸੂਆ ਟੱਪ ਕੇ ਪਾਣੀ ਲੈਣ ਲਈ ਨੇੜੇ ਦੇ ਵਾਟਰ ਵਰਕਸ ਤੇ ਸਵੇਰੇ 6 ਵਜੇ ਗਈ।ਘਰ ਦੇ ਪਿੱਛੋਂ ਲੰਘਦੀ ਸੜਕ ਤੇ ਸਥਿਤ ਇੱਕ ਚਾਹ ਦਾ ਅਹਾਤਾ ਚਲਾਉਣ ਵਾਲੀ ਇੱਕ ਔਰਤ ਬਲਜੀਤ ਕੌਰ ਨੇ ਲੜਕੀ ਨੂੰ ਆਵਾਜ਼ ਮਾਰੀ ਜਦ ਲੜਕੀ ਉਸ ਕੋਲ ਨਹੀਂ ਗਈ ਤਾਂ ਦੋ ਬੰਦਿਆਂ ਨੇ ਲੜਕੀ ਨੂੰ ਧੱਕੇ ਨਾਲ ਕਾਲੇ ਸੀਸ਼ਿਅਾ ਵਾਲੀ ਕਾਰ ਵਿੱਚ ਮੂੰਹ ਬੰਨ ਕੇ ਸੁੱਟ ਲਿਆ ਤੇ ਬਲਜੀਤ ਕੌਰ ਵੀ ਕਾਰ ਵਿੱਚ ਬੈਠ ਗਈ,ਜਿਸ ਨੂੰ ਇੱਕ ਲੜਕੀ ਚਲਾ ਰਹੀ ਸੀ।ਅਾਪਣੀ ਧੀ ਦੀ ਭਾਲ ਕਰਨ ਨਿਕਲੀ ਮਾਂ ਨੇ ਇਹ ਕਾਰ ਬਠਿੰਡੇ ਵਲ ਜਾਂਦੀ ਜਦ ਅਾਪ ਦੇਖੀ ਤਾਂ ਉਸ ਨੇ ਰੌਲਾ ਪਾਇਅਾ। ਪਰਿਵਾਰ ਨੇ ਟੀਮ ਨੂੰ ਉਹ ਅਹਾਤਾ ਵੀ ਦਿਖਾਇਆ ਜਿੱਥੇ ਉਹਨਾਂ ਦੇ ਦਸਣ ਮੁਤਾਬਕ ਬਲਜੀਤ ਕੌਰ ਆਪਣਾ ਕੋਈ ਗੈਰ ਕਨੂੰਨੀ ਦੇਹ ਵਪਾਰ ਦਾ ਧੰਦਾ ਚਲਾਉਂਦੀ ਹੈ। ਇਹ ਅਹਾਤਾ ਉਦੋਂ ਬੰਦ ਪਿਆ ਸੀ। ਸਭਾ ਦੀ ਟੀਮ ਦੀਆਂ ਔਰਤ ਮੈਂਬਰਾਂ ਰੇਖਾ ਰਾਣੀ ਤੇ ਹਰਬੰਸ ਕੌਰ ਨੇ ਪੀੜਤ ਲੜਕੀ ਤੋਂ ਵੱਖਰੇ ਤੌਰ ਤੇ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਅਗਵਾਕਾਰਾ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਰੱਖੀ ਤੇ ਜਦ ਪੱਟੀ ਖੋਹਲੀ ਤਾਂ ਉਥੇ ਇੱਕ ਦੋ ਮੰਜਿਲਾ ਕੋਠੀ ਸੀ ਜਿਥੋਂ ਸਰੋੰ ਦੇ ਤੇਲ ਦੀ ਬੋ ਅਾਉੰਦੀ ਸੀ।ਉਸ ਤੋਂ ਇਲਾਵਾ ਉਥੇ ਦੋ ਹੋਰ ਲੜਕੀਅਾ ਵੀ ਰੱਖੀਆਂ ਹੋਈਅਾ ਸਨ। ਲੜਕੀ ਬਹੁਤ ਸਹਿਮੀ ਹੋਈ ਸੀ ਅਤੇ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨਾਲ ਕੋਈ ਜ਼ਬਰਦਸਤੀ ਵੀ ਹੋਈ ਹੈ।ਸਭਾ ਦੀ ਟੀਮ ਨੇੜੇ ਪੈਂਦੇ ਪਿੰਡ ਖਿਆਲੀ ਵਾਲਾ ਦੇ ਕੁੱਝ ਜਨਤਕ ਆਗੂਆਂ(ਜਿੰਨਾਂ ਵਿੱਚ ਸੁਖਪਾਲ ਸਿੰਘ,ਗੁਰਚਰਨ ਸਿੰਘ ਗੋਰਾ ਤੇ ਕਾਮਰੇਡ ਗੁਰਨਾਮ ਸਿੰਘ ਸ਼ਾਮਲ ਸਨ)ਤੋਂ ਵੀ ਕੁਝ ਤੱਥ ਜਾਣੇ। ਮਜ਼ਦੂਰ ਪਰਿਵਾਰ ਦੀ ਮਦਦ ਤੇ ਅਾਏ ਇਹਨਾਂ ਆਗੂਆਂ ਨੇ ਇਲਾਕਾ ਦੇ ਪੁਲਸ ਥਾਣੇ ਜਾ ਕੇ ਪੁਲਸ ਤੇ ਦਬਾਅ ਪਾਇਆ ਤਾਂ ਅਗਵਾਕਾਰਾਂ ਨੇ ਲੜਕੀ ਨੂੰ 12 ਅਕਤੂਬਰ ਨੂੰ ਉਸ ਦੇ ਘਰ ਦੇ ਬਾਹਰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੁੱਟ ਦਿੱਤਾ ਤੇ ਇੱਕ ਟੈਂਪੂ ਵਿਚ ਫਰਾਰ ਹੋ ਗਏ। ਇਸ ਟੈੰਪੂ ਵਿੱਚ ਬਲਜੀਤ ਕੌਰ ਵੀ ਸੀ। 10 ਅਕਤੂਬਰ ਨੂੰ ਥਾਣਾ ਨਇਅਾ ਵਾਲਾ ਦੀ ਪੁਲਿਸ ਨੇ ਅਗਵਾ ਦੇ ਇੱਕ ਸਰਸਰੀ ਤੇ ਸ਼ਕੀ ਕੇਸ ਵਜੋਂ ਐਫ਼ਆਈਆਰ ਤਾਂ ਦਰਜ ਕਰ ਲਈ,ਪ਼ਰ ਅਗਵਾ ਹੋਈ ਲੜਕੀ ਦੀ ਭਾਲ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।ਸਭਾ ਦੇ ਵਕੀਲ ਮੈਂਬਰ ਨੇ ਐਫਆਈਆਰ ਪੜ੍ਹ ਕੇ ਦੱਸਿਆ ਕਿ ਇਸ ਵਿੱਚ ਅਗਵਾ ਦੀ ਘਟਨਾ ਸਬੰਧੀ ਧਾਰਾ 364-365 ਪੁਲਿਸ ਨੇ ਨਹੀਂ ਲਾਈ। ਇਸ ਕਰਕੇ ਇਹ ਕੇਸ ਬੇਹੱਦ ਕਮਜ਼ੋਰ ਹੀ ਦਰਜ ਹੋਇਆ ਹੈ। ਤੱਥ ਜਾਨਣ ਪਿਛੋਂ ਸਭਾ ਨੇ ਇਹ ਵੀ ਮਹਿਸੂਸ ਕੀਤਾ ਕਿ ਪੁਲਿਸ ਪਰਿਵਾਰ ਨੂੰ ਸਮਝੌਤੇ ਲਈ ਤਾਂ ਮਜਬੂਰ ਕਰ ਰਹੀ ਹੈ ਪਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਤਰਫਦਾਰੀ ਕਰਦੀ ਸਾਫ ਨਜ਼ਰ ਆਉਂਦੀ ਹੈ।ਪਰਿਵਾਰ ਦੇ ਮੁਖੀ ਬਲਦੇਵ ਸਿੰਘ ਨੇ ਟੀਮ ਨੂੰ ਦੱਸਿਆ ਕਿ ਅਗਵਾਕਾਰਾਂ ਵਿੱਚ ਸ਼ਾਮਿਲ ਚਾਹ ਦੇ ਅਹਾਤੇ ਵਾਲੀ ਔਰਤ ਬਲਜੀਤ ਕੌਰ ਸ਼ਰੇਆਮ ਪਰਿਵਾਰ ਨੂੰ ਘਰ ਅਾ ਕੇ ਧਮਕੀਆਂ ਦਿੰਦੀ ਰਹਿੰਦੀ ਹੈ। ਇਸ ਅੌਰਤ ਦੇ ਅਹਾਤੇ ਵਿੱਚ ਜੇਲ੍ਹ ਦੀ ਗਾਰਦ ਤੇ ਪੁਲਸ ਦਾ ਅਾਉਣਾ ਜਾਣਾ ਚਲਦਾ ਰਹਿੰਦਾ ਸੀ। ਇਹ ਸਾਰਾ ਕੁਝ ਨਇਅਾ ਵਾਲਾ ਪੁਲਿਸ ਦੇ ਧਿਆਨ ਵਿੱਚ ਲਿਅਾਦੇ ਜਾਣ ਦੇ ਬਾਵਜੂਦ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਰਫ਼ਾ ਦਫ਼ਾ ਕਰਨ ਲੱਗੀ ਹੋਈ ਦਿਸੀ,20 ਅਕਤੂਬਰ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਦੀ ਰਿਹਾਇਸ਼ ਤੇ ਸਭਾ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦੀ ਅਗਵਾਈ ਵਿੱਚ ਮਿਲਿਆ ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਪਿ੍ਤਪਾਲ ਸਿੰਘ,ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ,ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ,ਰੇਖਾ ਰਾਣੀ,ਐਡਵੋਕੇਟ ਸੰਦੀਪ ਸਿੰਘ ਤੇ ਜਸਪਾਲ ਮਾਨਖੇੜਾ ਸ਼ਾਮਿਲ ਹੋਏ।ਵਫਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਾਰੀ ਘਟਨਾ ਵਿਸਥਾਰ ਸਹਿਤ ਦੱਸਦਿਆਂ ਇਸ ਦੀ ਗੰਭੀਰਤਾ ਦਾ ਅਹਿਸਾਸ ਕਰਵਾਇਆ ਅਤੇ ਨਇਅਾ ਵਾਲਾ ਥਾਣੇ ਦੀ ਪੁਲਿਸ ਵਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਰੋਸ ਜਾਹਿਰ ਕਰਦਿਆਂ ਅਗਵਾ ਦੀ ਧਾਰਾ 364-365 ਜੋੜੇ ਜਾਣ ਦੀ ਮੰਗ ਕੀਤੀ।ਨਾਲ ਹੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਅਗਵਾ ਕਾਂਡ ਪਿੱਛੇ ਲੁਕਵੇੰ ਮਕਸਦ ਨੂੰ ਸਾਹਮਣੇ ਲਿਆਉਣ ਦੀ ਮੰਗ ਰੱਖੀ।ਇਹਨਾਂ ਮੰਗਾਂ ਬਾਰੇ ਜਿਲ੍ਹਾ ਪੁਲਿਸ ਮੁਖੀ ਨੇ ਥਾਣਾ ਇੰਚਾਰਜ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ। ਜਿਸ ਕਾਰਨ ਇਲਾਕਾਂ ਪੁਲੀਸ ਨੇ ਐਫਆਈਆਰ ਵਿੱਚ ਅਗਵਾ ਦੀ ਧਾਰਾ 364-365 ਜੋੜ ਦਿੱਤੀ ਅਤੇ ਲੜਕੀ ਨੂੰ ਅਗਵਾ ਕਰਨ ਵਾਲਿਆਂ ਵਿੱਚੋਂ ਬਲਜੀਤ ਕੌਰ ਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱੱਤਾ। ਜਮਹੂਰੀ ਅਧਿਕਾਰ ਸਭਾ ਦੀ ਟੀਮ ਇਸ ਸਿੱਟੇ ਤੇ ਪਹੁੰਚੀ ਹੈ ਕਿ ਜਿਲ੍ਹਾ ਪੁਲਸ ਮੁਖੀ ਨੇ ਦੋ ਮੰਗਾਂ ਤਾਂ ਲਾਗੂ ਕਰਵਾ ਦਿੱਤੀਆਂ ਪਰ ਇਸ ਅਗਵਾ ਕਾਂਡ ਪਿੱਛੇ ਕੰਮ ਕਰਦੇ ਗੁੱਝੇ ਮਕਸਦਾਂ ਨੂੰ ਸਾਹਮਣੇ ਲਿਆਉਣਾ ਅਜੇ ਬਾਕੀ ਹੈ ਅਤੇ ਇਲਾਕਾ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਉਨ੍ਹਾਂ ਦੀ ਪੁੱਛ ਪੜਤਾਲ ਇਸ ਨੁਕਤੇ ਨਿਗਾਹ ਤੋਂ ਨਹੀਂ ਕੀਤੀ ਹੈ।ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀ ਸੁਰੱਖਿਅਾ ਦਾ ਇਹ ਇੱਕ ਗੰਭੀਰ ਮਾਮਲਾ ਹੈ ਖਾਸ ਕਰਕੇ ਉਹਨਾਂ ਦੀਆਂ ਬੱਚੀਆਂ ਅਤੇ ਔਰਤਾਂ ਅਜਿਹੇ ਮਾਹੌਲ ਵਿੱਚ ਸੁਰੱਖਿਅਤ ਨਹੀਂ ਹਨ।ਇਲਾਕਾ ਪੁਲਿਸ ਦੇ ਅਧਿਕਾਰੀਆਂ ਦਾ ਮਜ਼ਦੂਰ ਪਰਿਵਾਰਾਂ ਖਾਸ ਕਰਕੇ ਔਰਤਾਂ ਪ੍ਰਤੀ ਗ਼ੈਰ ਜ਼ਿੰਮੇਵਾਰਾਨਾ ਵਤੀਰਾ ਰਿਹਾ ਹੈ। ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀਆਂ ਬੱਚੀਆਂ ਦੀ ਸੁਰੱਖਿਆ ਵਿੱਚ ਇਲਾਕਾ ਪੁਲੀਸ ਨੇ ਅਣਗਹਿਲੀ ਕਰਕੇ ਮੁਲਜ਼ਮਾ ਨੂੰ ਗ਼ਲਤ ਸੰਦੇਸ਼ ਦਿੱਤਾ ਹੈ। ਇਲਾਕੇ ਦੇ ਪੁਲਸ ਅਧਿਕਾਰੀਆਂ ਦੀ ਇਸ ਪੱਖਪਾਤੀ ਭੂਮਿਕਾ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਤੇ ਜੁੰਮੇਵਾਰੀ ਨਿਸ਼ਚਤ ਕੀਤੀ ਜਾਣੀ ਚਾਹੀਦੀ ਹੈ।
ਵੱਲੋਂ
ਜ਼ਿਲ੍ਹਾ ਕਾਰਜਕਾਰਨੀ
ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ
Comments (0)
Facebook Comments (0)