ਇਕ ਰੁੱਖ ਸੋ ਸੁੱਖ

ਇਕ ਰੁੱਖ ਸੋ ਸੁੱਖ

ਮਹਾਉਤਸਵ ਦਾ ਅਰਥ ਹੈ ਮਹਾਨ ਮੇਲਾ...। ਵਣ ਮਹਾਉਤਸਵ ਦਾ ਅਰਥ ਹੈ, ਜੰਗਲ ਦਰੱਖ਼ਤ ਲਗਾਉਣ ਵਾਲਾ ਮਹਾਨ ਮੇਲਾ। ਜਿਵੇਂ ਕਿ ਅਸੀ ਅਪਣੇ ਲਾਡਲੇ ਬੱਚਿਆਂ ਨੂੰ ਪਾਲਦੇ ਹਾਂ, ਉਨ੍ਹਾਂ ਦਾ ਬੜੇ ਹੀ ਸਾਰਥਕ ਢੰਗ ਨਾਲ ਪਾਲਣ ਪੋਸ਼ਣ ਕਰਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਪੌਦਿਆਂ ਅਤੇ ਦਰੱਖ਼ਤਾਂ ਦਾ ਖ਼ਿਆਲ ਵੀ ਰਖਣਾ ਚਾਹੀਦਾ ਹੈ। ਜਿਵੇਂ ਸਾਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਸਾਡੇ ਬੱਚੇ ਜਵਾਨ ਹੋ ਕੇ ਇਕ ਦਿਨ ਸਾਡੀ ਲਾਠੀ ਦਾ ਸਹਾਰਾ ਬਣਨਗੇ (ਸਾਡੀ ਲਾਠੀ ਬਣਨਗੇ) ਬਿਲਕੁਲ ਉਸੇ ਤਰ੍ਹਾਂ ਹੀ ਛੋਟੇ-ਛੋਟੇ ਪੌਦਿਆਂ ਅਤੇ ਦਰੱਖ਼ਤਾਂ ਤੋਂ ਆਉਣ ਵਾਲੇ ਸਮੇਂ ਵਿਚ ਸਾਨੂੰ ਪੂਰਨ ਸਹਾਰਾ ਲੈਣ ਦੀ ਆਸ ਹੈ। 

''ਇਕ ਰੁੱਖ਼ ਸੌ ਸੁੱਖ'' ਇਹ ਕਥਨ ਬਿਲਕੁਲ ਸੱਚ ਹੈ। ਜੀਵਨ ਦਾ ਸੁੱਖ ਸਾਨੂੰ ਅਪਣੇ ਲਗਾਏ ਹੋਏ ਪੌਦਿਆਂ ਦਰੱਖ਼ਤਾਂ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਪੁਰਾਤਨ ਸਮੇਂ ਵਿਚ ਲੋਕ ਭਾਵੇਂ ਸਾਡੇ ਬਜ਼ੁਰਗ ਬੋਹੜਾਂ, ਪਿੱਪਲਾਂ ਤੇ ਨਿੰਮਾਂ ਦੇ ਦਰੱਖ਼ਤਾਂ ਦੀਆਂ ਛਾਵਾਂ ਹੇਠ ਬੈਠ ਕੇ ਖ਼ੁਸ਼ੀਆਂ ਨਾਲ ਅਨੰਦਮਈ ਸਮਾਂ ਬਤੀਤ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੇ ਨਜ਼ਦੀਕ ਕੋਈ ਵੀ ਰੋਗ ਜਾਂ ਬਿਮਾਰੀ ਫੜਕ ਨਹੀਂ ਸੀ ਸਕਦੀ। ਪਰ ਅੱਜ ਦੇ ਜ਼ਮਾਨੇ ਵਿਚ ਇਨਸਾਨ ਨੂੰ ਏਨੀਆਂ ਭਿਆਨਕ ਬਿਮਾਰੀਆਂ ਤੇ ਚਿੰਤਾਵਾਂ ਨੇ ਘੇਰਿਆ ਹੋਇਆ ਹੈ, ਉਸ ਦਾ ਅਸਲ ਕਾਰਨ ਦਰੱਖ਼ਤਾਂ ਦੀ ਬੇਰਹਿਮੀ ਨਾਲ ਕਟਾਈ, ਦਰੱਖ਼ਤ ਦੀ ਘਾਟ ਕਾਰਨ ਮੀਂਹ ਘੱਟ ਪੈਣਾ,

ਗੰਦਗੀ ਅਤੇ ਸਾਹ ਘੁੱਟਣ ਦਾ ਵਾਧਾ, ਪ੍ਰਦੂਸ਼ਣ, ਕਸਰਤ ਨਾ ਕਰਨਾ ਹੈ। ਤੁਸੀ ਧੋਬੀ ਨੂੰ ਅਕਸਰ ਵੇਖਿਆ ਹੋਵੇਗਾ ਕਿ ਉਹ ਕਪੜੇ ਧੌਂਦੇ ਸਮੇਂ ਕਪੜਿਆਂ ਨੂੰ ਘੁਮਾ-ਘੁਮਾ ਕੇ ਪੱਥਰ ਉਤੇ ਮਾਰ ਕੇ ਉਨ੍ਹਾਂ ਵਿਚੋਂ ਮੈਲ ਕਢਦਾ ਹੈ ਅਤੇ ਉਸ ਦੇ ਫੇਫੜੇ, ਹੱਥ, ਬਾਹਾਂ ਪੂਰੀ ਕਸਰਤ ਕਰਦੀਆਂ ਹਨ ਜਿਸ ਦਾ ਸਿੱਟਾਂ ਉਸ ਦਾ ਸ੍ਰੀਰ ਬਿਲਕੁਲ ਤੰਦਰੁਸਤ ਰਹਿੰਦਾ ਹੈ ਅਤੇ ਉਸ ਦੇ ਫੇਫੜਿਆਂ ਨੂੰ ਕਦੇ ਵੀ ਕਈ ਘਾਤਕ ਬਿਮਾਰੀ ਨਹੀਂ ਲਗਦੀ। ਸੋ ਸਾਨੂੰ ਵੀ ਧੋਬੀ ਦੇ ਕੁੱਝ ਅਸੂਲ ਅਪਨਾਉਣੇ ਚਾਹੀਦੇ ਹਨ। 
ਸਾਡੀ ਧਰਤੀ ਸੋਨਾ ਉਗਲਦੀ ਹੈ ਪਰ ਜੇਕਰ ਅਸੀ ਇਸ ਦੀ ਸਿੰਜਾਈ ਸਹੀ ਯੋਗ ਤੇ ਸਾਰਥਕ ਢੰਗ ਕਰੀਏ ਤਾਂ!

ਸਾਡੇ ਬਜ਼ੁਰਗਾਂ ਨੇ ਧਰਤੀ ਤੇ ਦਰੱਖ਼ਤ ਲਗਾ ਕੇ ਸਾਡੇ ਜੀਵਨ ਨੂੰ ਤੰਦਰੁਸਤੀ ਦੇ ਰਸਤੇ ਪਾਇਆ ਹੈ ਪਰ ਪੈਸੇ ਕਮਾਉਣ ਦੇ ਲਾਲਚ ਵਿਚ ਅਸੀ ਦਰੱਖ਼ਤਾਂ ਨੂੰ ਕੱਟ ਕੇ ਬਹੁਤ ਵੱਡਾ ਪਾਪ ਕਰੀ ਜਾ ਰਹੇ ਹਾਂ। ਦਰੱਖ਼ਤ ਬੋਲਦੇ ਹਨ, ਵੇਖਦੇ ਹਨ ਤੇ ਛੂਹਣ ਤੇ ਮਹਿਸੂਸ ਵੀ ਕਰਦੇ ਹਨ। ਦਰੱਖ਼ਤ ਸਾਧ ਵੀ ਹਨ। ਉਹ ਮਨੁੱਖ ਨੂੰ ਕਹਿੰਦੇ ਹਨ, ਹੇ ਪ੍ਰਾਣੀ, ਤੂੰ ਮੇਰਾ ਬਣ...। ਮੇਰੀਆਂ ਸਿਖਿਆਵਾਂ ਤੇ ਅਮਲ ਕਰ। ਮੇਰੀ ਤਹਿ ਦਿਲੋਂ ਸਿੰਜਾਈ ਕਰ, ਸੇਵਾ ਕਰ...। ਮੈਂ ਤੇਰੇ ਨਾਲ ਦਿਲੋਂ ਵਾਅਦਾ ਕਰਦਾ ਹਾਂ, ਮੈਂ ਤੈਨੂੰ ਤੇ ਤੇਰੇ ਅਗਲੇ ਦੁਆਲੇ ਨੂੰ ਧੁਪਾਂ, ਬਰਸਾਤਾਂ ਤੋਂ ਬਚਾ ਕੇ ਰੱਖਾਂਗਾ

ਅਤੇ ਅਪਣੇ ਸ੍ਰੀਰ ਵਿਚੋਂ ਦਵਾਈਆਂ, ਫੁੱਲ, ਫੱਲ, ਸਬਜ਼ੀਆਂ ਤੇ ਆਕਸੀਜਨ ਵਰਗੀਆਂ ਨਿਆਮਤਾਂ ਦੇ ਕੇ ਤੰਦਰੁਸਤੀ ਦੀ ਦਾਤ ਬਖ਼ਸ਼ਾਂਗਾ। ਦਰੱਖ਼ਤ ਇਨਸਾਨ ਨੂੰ ਸੰਬੋਧਨ ਕਰ ਕੇ ਕਹਿੰਦਾ ਹੈ, ਹੇ ਪ੍ਰਾਣੀ। ਮੈਨੂੰ ਹਰ ਦਰ ਦੇ ਅੰਦਰ ਬਾਹਰ ਲਗਾ ਕੇ ਮੇਰੇ ਨਾਲ ਪੱਕੀ ਤੇ ਸੱਚੀ ਭਾਵ ਗਹਿਰੀ ਦੋਸਤੀ ਕਰ...। ਮੈਨੂੰ ਤੇਰੇ ਦਰ ਤੇ ਸਿਰਫ਼ ਖੜੇ ਹੋਣ ਦੀ ਥੋੜੀ ਜਹੀ ਜਗ੍ਹਾ ਚਾਹੀਦੀ ਹੈ। ਮੈਂ ਤੇਰੀ ਦਯਾ ਬਦਲੇ ਤੇਰੇ ਆਸ ਪਾਸ ਨੂੰ ਹਰਿਆਵਲ ਦੀ ਸੁੰਦਰ ਬਹਾਰ ਦੇ ਕੇ ਤੰਦਰੁਸਤੀ ਨਾਲ ਮਾਲਾਮਾਲ ਕਰ ਦੇਵਾਂਗਾ। 

ਜ਼ਿਆਦਾਤਰ ਦਰੱਖ਼ਤ, ਪੌਦੇ, ਬਰਸਾਤੀ ਮੌਸਮ ਭਾਵ ਜੁਲਾਈ, ਅਗੱਸਤ ਵਿਚ ਹੀ ਲਗਾਉਣੇ ਚਾਹੀਦੇ ਹਨ। ਸਾਵਣ, ਭਾਦੋਂ, ਪੌਦਿਆਂ ਦੇ ਲਗਾਉਣ ਲਈ ਵਧੀਆ ਹਨ। ਦਰੱਖ਼ਤਾਂ ਨੂੰ ਬਚਾਉਣਾ ਸਾਡੀ ਮੁਢਲੀ ਜ਼ਰੂਰਤ ਹੈ। ਸਾਨੂੰ ਹਮੇਸ਼ਾ ਹਰਿਆਵਲ ਲਹਿਰ ਨੂੰ ਹੀ ਅਪਨਾਉਣਾ ਚਾਹੀਦਾ ਹੈ। ਹਰ ਸਕੂਲ, ਕਾਲਜ ਸਰਕਾਰ ਤੇ ਪ੍ਰਾਈਵੇਟ ਅਦਾਰਿਆਂ ਨੂੰ ਦਰੱਖ਼ਤ, ਪੌਦੇ, ਫੁੱਲ ਲਗਾਉਣ ਲਈ ਸੈਮੀਨਾਰ ਕਰ ਕੇ ਹਰ ਵਿਅਕਤੀ ਨੂੰ ਪੌਦੇ ਲਗਾਉਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।  ਆਪ ਜਾਣਦੇ ਹੋ ਕਿ ਆਕਸੀਜਨ ਨਾਲ ਹੀ ਹਰ ਪ੍ਰਾਣੀ ਦੀ ਜੀਵਨ ਲੀਲਾ ਚਲਦੀ ਹੈ। ਭਲਾ ਸੋਚੋ ਅਗਰ ਦਰੱਖ਼ਤ ਨਹੀਂ ਹੋਣਗੇ ਤਾਂ ਵੈਂਟੀਲੇਸ਼ਨ ਨਹੀਂ ਹੋਵੇਗੀ।

ਅਗਰ ਵੈਟੀਲੇਸ਼ਨ ਨਹੀਂ ਹੋਵੇਗੀ ਤਾਂ ਮਨੁੱਖ ਤਾਂ ਕੀ ਪਸ਼ੂ ਪੰਛੀਆਂ ਤੇ ਸੱਭ ਪ੍ਰਾਣੀਆਂ ਦਾ ਕੀ ਬਣੇਗਾ? ਜ਼ਿੰਦਾ ਪ੍ਰਾਣੀ ਮੁਰਦਾ ਹੋ ਜਾਣਗੇ। ਸਾਨੂੰ ਸੱਭ ਨੂੰ ਸਾਹ ਘੁਟਣ ਦਾ ਸੰਤਾਪ ਭੁਗਤਣਾ ਪਵੇਗਾ। ਇਸ ਲਈ ਵਾਤਾਵਰਣ ਨੂੰ ਸੰਭਾਲੋ...। ਉਸ ਨਾਲ ਪਿਆਰ ਕਰੋ ਤੇ ਸਾਰਥਕ ਸਮੇਂ ਤੇ ਹਰ ਕੰਮ ਕਰੋ। ਜੋ ਸਮੇਂ ਦੀ ਕਦਰ ਕਰਦਾ ਹੈ, ਸਮਾਂ ਉਸ ਦੀ ਕਦਰ ਕਰਦਾ ਹੈ। ਵਰਨਾ ਇਹ ਨਾ ਹੋਵੇ ਕਿ ਸਾਨੂੰ ਇਕ ਦਿਨ ਆਕਸੀਜਨ ਦੇ ਮਾਸਕ ਲਗਾ ਕੇ ਜੀਵਨ ਨਿਰਬਾਹ ਕਰਨਾ ਪਵੇ। ਜੇਕਰ ਇਕ ਰੁੱਖ ਦੇ ਲਗਾਉਣ ਨਾਲ ਸੌ ਸੁੱਖ ਮਿਲ ਸਕਦੇ ਹਨ ਤਾਂ ਹਜ਼ਾਰਾਂ ਰੁੱਖਾਂ ਦੇ ਲਗਾਉਣ ਨਾਲ ਉਨ੍ਹਾਂ ਦੀ ਸੰਭਾਲ ਕਰਨ ਨਾਲ ਕਿੰਨੇ ਸੁੱਖ ਅਨੰਦ ਪ੍ਰਾਪਤ ਹੋ ਸਕਦੇ ਹਨ... ਵਿਚਾਰ ਕਰੋ...?

ਸੰਪਰਕ : 80540-56182