ਗ਼ਜ਼ਲ/ ਗੁਰਭਜਨ ਗਿੱਲ :- ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ

ਗ਼ਜ਼ਲ/ ਗੁਰਭਜਨ ਗਿੱਲ    :-  ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ

ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ।
ਆ ਜਾ ਕਦੇ ਸੋਹਣਿਆ, ਵਿਚਾਰਾਂ ਨਾਲ ਖੇਡੀਏ।

ਤੈਨੂੰ ਮੈਨੂੰ ਰੋਕਦੀਆਂ, ਨਜ਼ਰਾਂ ਮਿਲਾਉਣ ਤੋਂ,
ਕਾਹਨੂੰ ਸੜ ਜਾਣੀਆਂ ਦੀਵਾਰਾਂ ਨਾਲ ਖੇਡੀਏ।

ਸ਼ਿਕਰੇ ਤੇ ਬਾਜ਼ ਦੋਵੇਂ ਮਹਿਲਾਂ ਪੱਲੇ ਰਹਿਣ ਦੇ,
ਆ ਜਾ ਦੋਵੇਂ ਘੁੱਗੀਆਂ, ਗੁਟਾਰਾਂ ਨਾਲ ਖੇਡੀਏ।

ਜੋੜਦੇ ਨਾ, ਤੋੜਦੇ ਨੇ, ਕਹਿਰਵਾਨ ਬਾਗਬਾਨ,
ਖਿੜੇ ਹੋਏ ਫੁੱਲਾਂ ਗੁਲਜ਼ਾਰਾਂ ਨਾਲ ਖੇਡੀਏ।

ਅੱਥਰੀ ਬੰਦੂਕ ਦਿਆਂ ਘੋੜਿਆਂ ਨੂੰ ਛੱਡ ਦੇ,
ਪੋਟਿਆਂ ਨੂੰ ਆਖ ਦੇ, ਸਿਤਾਰਾਂ ਨਾਲ ਖੇਡੀਏ।

ਹੀਲੇ ਤੇ ਵਸੀਲੇ ਜਦੋਂ ਮਰ ਮੁੱਕ ਜਾਣ ਜੇ,
ਗੁਰੂ ਫੁਰਮਾਨ ਹੈ ਕਟਾਰਾਂ ਨਾਲ ਖੇਡੀਏ।

ਜਿੱਤ ਹਾਰ ਕਾਹਦੀ ਵੀਰਾ ਹੁੰਦੀ ਪਰਿਵਾਰ ‘ਚ,
ਜਿੰਨੀ ਦੇਰ ਖੇਡਣਾ ਪਿਆਰਾਂ ਨਾਲ ਖੇਡੀਏ।

ਸੰਪਰਕ: 98726 31199