ਅਸਫ਼ਲਤਾ ਸਫ਼ਲਤਾ ਦੀ ਪਹਿਲੀ ਪੌੜੀ

ਅਸਫ਼ਲਤਾ ਸਫ਼ਲਤਾ ਦੀ ਪਹਿਲੀ ਪੌੜੀ

ਅਸਫਲਤਾ ਦਾ ਖਿਆਲ ਆਉਂਦੇ ਹੀ ਸਾਡੇ ਸਭ ਦੇ ਦਿਲਾਂ ਵਿੱਚ ਅਨੇਕਾਂ ਹੀ ਵਾ-ਵਰੋਲੇ ਉਠਦੇ ਹਨ, ਅਣਗਿਣਤ ਹੀ ਸਵਾਲ ਸਿਰ ਤੇ ਸਵਾਰ ਹੋ ਜਾਂਦੇ ਨੇ, ਹਰ ਇਕ ਇਨਸਾਨ ਦੀ ਜ਼ਿੰਦਗੀ ਬਹੁਤ ਸੰਘਰਸ਼ ਦਾ ਸਾਹਮਣਾ ਕਰਕੇ ਕਿਸੇ ਮੰਜ਼ਿਲ ਵੱਲ ਜਾਂਦੀ ਹੈ। ਮੁਸ਼ਕਿਲਾਂ ਜ਼ਿੰਦਗੀ ਦਾ ਇਕ ਅਜਿਹਾ ਕੌੜਾ ਸੱਚ ਹੈ ਜੋ ਜਿੰਨਾ ਕੌੜਾ ਹੈ ਓਨਾ ਲਾਭਦਾਇਕ ਵੀ ਹੈ। ਹਰ ਇਨਸਾਨ ਕੋਈ ਨਾ ਕੋਈ ਸੁਪਨਾ ਆਪਣੀਆਂ ਅੱਖਾਂ ਵਿੱਚ ਸਜਾ ਕੇ ਉਸਦੇ ਸਕਾਰ ਹੋਣ ਲਈ ਮਿਹਨਤ ਕਰਦਾ ਹੈ ਅਤੇ ਉਸ ਸਮੇਂ ਦੀ ਉਡੀਕ ਵਿੱਚ ਦਿਨ ਰਾਤ ਸੰਘਰਸ਼ ਕਰਦਾ ਹੈ। ਸੁਪਨਿਆਂ ਤੋਂ ਹਕੀਕਤ ਤੱਕ ਦੇ ਇਸ ਸਫ਼ਰ ਵਿੱਚ ਬਹੁਤ ਉਤਾਰ-ਚੜ੍ਹਾ ਆਉਂਦੇ ਹਨ, ਜੋ ਲੋਕ ਆਪਣੇ ਆਪ ਨੂੰ ਸਮਝਦੇ ਹਨ ਆਪਣੇ ਤੇ ਯਕੀਨ ਕਰਦੇ ਹਨ ਉਹ ਲੋਕ ਯਕੀਨਣ ਮੈਦਾਨ ਫਤਿਹ ਕਰ ਲੈਂਦੇ ਹਨ ਤੇ ਜੋ ਮਿਹਨਤ ਨਾਲੋਂ ਜ਼ਿਆਦਾ ਕਿਸਮਤ ਦਾ ਹੱਥ ਫੜ ਕੇ ਕਿਤੇ ਪਹੁੰਚਣਾ ਚਾਉਂਦੇ ਹਨ ਉਹ ਅਕਸਰ ਰਾਹ ਵਿੱਚ ਹੀ ਭਟਕਦੇ ਰਹਿ ਜਾਂਦੇ ਹਨ।

ਅਸੀਂ ਬਚਪਨ ਤੋਂ ਹੀ ਇਹ ਪੜ੍ਹਦੇ ਆ ਰਹੇ ਹਾਂ ਕਿ ਅਸਫਲਤਾ ਸਫਲਤਾ ਦੀ ਪਹਿਲੀ ਪੌੜੀ ਹੈ, ਤੇ ਇਸ ਲੇਖ ਵੀ ਇਸੇ ਗੱਲ ਉੱਤੇ ਹੀ ਅਧਾਰਿਤ ਹੈ। ਪੜਨ-ਸੁਨਣ ਨੂੰ ਬਹੁਤ ਹੀ ਆਸਾਨ ਜਿਹੀ ਲਗਦੀ ਇਸ ਗੱਲ ਨੂੰ ਸਮਝਣ ਲਈ ਕਈ ਵਾਰੀ ਪੂਰੀ ਜ਼ਿੰਦਗੀ ਵੀ ਘੱਟ ਪੈ ਜਾਂਦੀ ਹੈ ਤੇ ਕਈ ਵਾਰ ਬਸ ਉਹ ਇਕ ਪਲ ਹੀ ਪੂਰੀ ਜ਼ਿੰਦਗੀ ਦਾ ਫੈਸਲਾ ਕਰ ਦੇਂਦਾ ਹੈ ਜਦ ਸਫਲਤਾ ਤੇ ਅਸਫਲਤਾ ਦੇ ਰਿਸ਼ਤੇ ਦੀ ਸਮਝ ਸਾਨੂੰ ਆ ਜਾਂਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਕਸਰ ਇਹ ਗੱਲ ਸੋਚਦੇ ਜਾਂ ਪੁੱਛਦੇ ਹੋਣਗੇ ਕਿ ਕਾਮਯਾਬ ਲੋਕ ਅਜਿਹਾ ਕੀ ਕਰਦੇ ਹਨ ਜੋ ਉਹ ਕਾਮਯਾਬ ਹਨ ਤੇ ਅਸੀਂ ਅਜਿਹਾ ਕੀ ਕਰ ਸਕਦੇ ਹਾਂ ਜੋ ਅਸੀਂ ਕਾਮਯਾਬ ਹੋ ਸਕੀਏ। ਇਸ ਸਵਾਲ ਦਾ ਜਵਾਬ ਸਾਡੇ ਵਿੱਚੋਂ ਲਗਭਗ ਸਾਰੇ ਲੋਕ ਪਹਿਲਾਂ ਤੋਂ ਹੀ ਜਾਣਦੇ ਹੀ ਹਨ ਪਰ ਜਾਣਦੇ ਹੋਏ ਵੀ ਧਿਆਨ ਨਹੀਂ ਦੇਂਦੇ ਕਿ ਕੀ ਫਰਕ ਹੈ ਸਾਡੇ ਵਿੱਚ ਜਾਂ ਜੇਤੂ ਲੋਕਾਂ ਵਿੱਚ। ਸਭ ਤੋਂ ਪਹਿਲਾਂ ਤੇ ਮੁੱਖ ਫਰਕ ਇਕ ਸਫ਼ਲ ਤੇ ਅਸਫਲ ਆਦਮੀ ਵਿੱਚ ਜੋ ਹੈ ਉਹ ਹੈ ਸੋਚ, ਸੋਚ ਹੀ ਸਭ ਤੋਂ ਬੁਨਿਆਦੀ ਤੱਤ ਹੈ ਜੋ ਹਰ ਕਿਸੇ ਚੀਜ ਦੀ ਹੋਂਦ ਦਾ ਸਰੋਤ ਹੈ। ਸੋਚ ਹੀ ਇਸ ਗੱਲ ਦਾ ਫੈਸਲਾ ਕਰਦੀ ਹੈ ਕਿ ਸਾਡੀ ਜ਼ਿੰਦਗੀ ਕਿਸ ਦਿਸ਼ਾ ਵੱਲ ਜਾਵੇਗੀ, ਅਸੀਂ ਜ਼ਿੰਦਗੀ ਤੋਂ ਕੀ ਲੈਣਾ ਹੈ ਅਤੇ ਜ਼ਿੰਦਗੀ ਨੂੰ ਕੀ ਦੇਣਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਸਿਰਫ ਇਸ ਕਸ਼ਮਕਸ਼ ਵਿੱਚ ਹੀ ਬਿਤਾ ਰਹੇ ਹੁੰਦੇ ਹਨ ਕਿ ਉਹਨਾਂ ਦੀ ਮੰਜ਼ਿਲ ਕੀ ਹੈ, ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕੇ ਉਹ ਕੀ ਕਰਨਾ ਚਾਉਂਦੇ ਹਨ, ਉਨ੍ਹਾਂ ਦਾ ਜ਼ਿੰਦਗੀ ਵਿਚ ਟੀਚਾ ਕੀ ਹੈ।

ਆਪਣੇ ਆਪ ਨੂੰ ਇਹ ਸਵਾਲ ਜਰੂਰ ਪੁੱਛਣਾ ਚਾਹੀਦਾ ਹੈ ਕੇ ਮੈਂ ਜ਼ਿੰਦਗੀ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹਾਂ, ਮੈਂ ਅਜਿਹਾ ਕੀ ਕਰ ਸਕਦਾ ਹਾਂ ਜੋ ਮੈਨੂੰ ਸਫਲ ਲੋਕਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰੇ, ਮੈਂ ਕਿਵੇਂ ਆਪਣੇ ਆਪ ਨੂੰ ਇਸ ਕਾਬਿਲ ਬਣਾ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਦੀ ਦਿਸ਼ਾ ਮੈਂ ਖੁਦ ਤੈਅ ਕਰ ਸਕਾਂ। ਕੋਈ ਵੀ ਕੰਮ ਆਸਾਨ ਜਾਂ ਮੁਸ਼ਕਿਲ ਨਹੀਂ ਹੁੰਦਾ ਬੱਸ ਸਾਡੀ ਸੋਚ ਉਸ ਕੰਮ ਨੂੰ ਇਨ੍ਹਾਂ ਸ਼੍ਰੇਣੀਆਂ ਵਿੱਚ ਵੰਡ ਦੇਂਦੀ ਹੈ।

ਅਸਫਲਤਾ ਇਹ ਨਹੀਂ ਕੇ ਅਸੀਂ ਕੋਈ ਕੰਮ ਕੀਤਾ ਤੇ ਉਸ ਵਿੱਚ ਕਾਮਯਾਬ ਨਹੀਂ ਹੋਏ, ਅਸਲੀ ਅਸਫਲਤਾ ਉਹ ਹੈ ਜੋ ਕੁਝ ਨਾ ਕਰਕੇ ਬਸ ਲੰਘਦੇ ਸਮੇਂ ਨਾਲ ਹਲਾਤਾਂ ਅਤੇ ਕਿਸਮਤ ਨੂੰ ਦੋਸ਼ ਦੇ ਕੇ ਆਪਣੇ ਆਪ ਨੂੰ ਤਸੱਲੀ ਦੇਂਦੇ ਰਹਿਣਾ ਹੈ। ਹਰ ਇਕ ਇਨਸਾਨ ਆਪਣੇ ਆਪ ਵਿੱਚ ਵਿਲੱਖਣ ਹੈ, ਹਰ ਕਿਸੇ ਵਿੱਚ ਕੋਈ ਨਾ ਕੋਈ ਅਜਿਹੀ ਚੀਜ਼ ਜਰੂਰ ਹੁੰਦੀ ਹੈ ਜੋ ਉਸਦੀ ਤਾਕਤ ਬਣ ਸਕਦੀ ਹੈ, ਲੋੜ ਹੈ ਉਸ ਤਾਕਤ ਨੂੰ ਪਛਾਨਣ ਦੀ।

ਅਸਫਲ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕੇ ਅਸੀਂ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਇਕ ਵਾਰੀ ਫੇਲ ਹੋਏ, ਹੌਸਲਾ ਹਾਰ ਕੇ ਬੈਠਣ ਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕੇ ਕਿਥੇ ਕੀ ਗ਼ਲਤੀ ਹੋਈ ਜੋ ਸਹੀ ਨਤੀਜੇ ਨਹੀਂ ਆਏ। ਹੋਰ ਮਿਹਨਤ ਕਰਕੇ ਆਪਣੀ ਉਸ ਕਮੀ ਤੇ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਜੋ ਅਸਫਲਤਾ ਦਾ ਕਾਰਨ ਬਣ ਰਹੀ ਹੈ। ਨਿਰੰਤਰ ਆਪਣੇ ਆਪ ਨੂੰ ਬਿਹਤਰ ਕਰਨਾ ਹੀ ਸਫਲਤਾ ਹੈ, ਅਗਰ ਅਸੀਂ ਇਕ ਇਕ ਕਰਕੇ ਆਪਣੀਆਂ ਸਭ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਕਮੀਆਂ ਨੂੰ ਦੂਰ ਕਰ ਲਵਾਂਗੇ ਤਾਂ ਹਰ ਵਾਰ ਅਸਫਲਤਾ ਤੇ ਸਫਲਤਾ ਵਿਚਲਾ ਫਾਸਲਾ ਘਟਦਾ ਜਾਵੇਗਾ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਸਫਲ ਹੋਣ ਦੇ ਡਰ ਤੋਂ ਹੀ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦੇ, ਅਸੀਂ ਸੋਚਦੇ ਹਾਂ ਅਗਰ ਅਸੀਂ ਕਾਮਯਾਬ ਨਾ ਹੋਏ ਤਾਂ ਜੋ ਸਾਡੇ ਕੋਲ ਹੈ ਅਸੀਂ ਉਸਤੋਂ ਵੀ ਹੱਥ ਧੋ ਬੈਠਾਂਗੇ, ਬਸ ਇਹੀ ਡਰ ਸਾਨੂੰ ਇਕ ਸੀਮਤ ਦਾਇਰੇ ਵਿੱਚੋ ਕਦੇ ਬਾਹਰ ਨਹੀਂ ਨਿਕਲਣ ਦੇਂਦਾ, ਇਨਸਾਨ ਕੁਦਰਤ ਦਾ ਬਣਾਇਆ ਇਕ ਅਜਿਹਾ ਕ੍ਰਿਸ਼ਮਾ ਹੈ ਜਿਸ ਵਿੱਚ ਅਸੀਮਤ ਸ਼ਕਤੀ ਹੈ, ਪਰ ਉਹ ਸ਼ਕਤੀ ਉਸਦੀ ਸੋਚ ਦੀ ਗੁਲਾਮ ਹੈ, ਜਿੰਨੀ ਕਿਸੇ ਦੀ ਸੋਚ ਵਿਸ਼ਾਲ ਹੋਵੇਗੀ ਓਨੀ ਹੀ ਇਹ ਸ਼ਕਤੀ ਆਪਣਾ ਵਿਰਾਟ ਰੂਪ ਦਿਖਾਉਂਦੀ ਰਹੇਗੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਵੇਂ ਇਸ ਸੋਚ ਨੂੰ ਘੁੰਮਣਘੇਰੀ ਵਿਚੋਂ ਕੱਢ ਕੇ ਇਸਨੂੰ ਸਹੀ ਦਿਸ਼ਾ ਦਿੱਤੀ ਜਾਵੇ, ਕਿਵੇਂ ਆਉਣੇ ਦਿਮਾਗ ਨੂੰ ਇਹ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ, ਕਿਵੇਂ ਅਸਫਲਤਾ ਦੇ ਡਰ ਨੂੰ ਸਫਲਤਾ ਦੇ ਮਾਣ ਵਿੱਚ ਬਦਲਿਆ ਜਾਵੇ, ਇਹਨਾਂ ਸਭ ਸਵਾਲਾਂ ਦੇ ਜਵਾਬ ਫਿਰ ਉਸ ਗੱਲ ਤੇ ਹੀ ਅਧਾਰਿਤ ਹਨ ਕਿ ਸਭ ਤੋਂ ਪਹਿਲਾਂ ਸਾਰੀਆਂ ਵਾਧੂ ਤੇ ਫਾਲਤੂ ਸੋਚਾਂ ਛੱਡ ਕੇ ਆਪਣੇ ਆਪ ਨੂੰ ਕੁਝ ਸਵਾਲ ਪੁੱਛਣੇ ਚਾਹੀਦੇ ਹਨ, ਤੇ ਇਮਾਨਦਾਰੀ ਨਾਲ ਉਨ੍ਹਾਂ ਸਵਾਲਾਂ ਦੇ ਜਵਾਬ ਆਪਣੇ ਆਪ ਨੂੰ ਦੇਣੇ ਚਾਹੀਦੇ ਹਨ। ਇਕ ਤਰੀਕੇ ਨਾਲ ਅਸੀਂ ਐਵੇਂ ਕਰਕੇ ਆਪਣਾ ਮੁਲਾਂਕਣ ਕਰ ਰਹੇ ਹਾਂ ਆਪਣੀਆਂ ਕਮੀਆਂ ਖੂਬੀਆਂ ਨੂੰ ਜਾਂਚ ਕੇ ਆਪਣੇ ਆਪਣੇ ਆਪ ਨੂੰ ਨੰਬਰ ਦੇ ਰਹੇ ਹਾਂ, ਕਿਉਂਕ ਇਨਸਾਨ ਦੁਨੀਆ ਨੂੰ ਝੂਠ ਬੋਲ ਸਕਦਾ, ਦੁਨੀਆ ਨੂੰ ਦਿਖਾਵਾ ਕਰ ਸਕਦਾ ਪਰ ਆਉਣੇ ਆਪ ਤੋਂ ਆਪਣੀ ਅਸਲੀਅਤ ਨਹੀਂ ਲੂਕਾ ਸਕਦਾ। ਉਹ ਸਵਾਲ ਹਨ ਮੈਂ ਕੀ ਹਾਂ, ਮੈਂ ਕੀ ਚਾਉਂਦਾ ਹਾਂ, ਮੇਰੀਆਂ ਇਹੋ ਜਿਹੀਆਂ ਕੀ ਕਮੀਆਂ ਹਨ ਜੋ ਮੇਰੇ ਰਾਹ ਦਾ ਰੋੜਾ ਨੇ, ਮੇਰੀਆਂ ਕੀ ਖੂਬੀਆਂ ਹਨ ਜੋ ਮੈਨੂੰ ਅੱਗੇ ਲੈ ਕੇ ਜਾਣ ਵਿੱਚ ਮਦਦ ਕਰ ਸਕਦੀਆਂ ਹਨ, ਮੇਰੇ ਲਈ ਕੀ ਸਭ ਤੋਂ ਜਰੂਰੀ ਹੈ, ਕੀ ਜੋ ਮੈਂ ਕਰ ਰਿਹਾ ਹਾਂ ਮੈਂ ਉਸਤੋਂ ਖੁਸ਼ ਹਾਂ, ਕੀ ਮੈਂ ਐਨੀ ਹਿੰਮਤ ਰੱਖਦਾ ਹਾਂ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੜ੍ਹ ਸਕਾਂ, ਕੀ ਮੈਂ ਅਸਫਲ ਹੋਣ ਲਈ ਤਿਆਰ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਇਹ ਤੈਅ ਕਰਨਗੇ ਕੇ ਤੁਸੀਂ ਕਿਸ ਸ਼੍ਰੇਣੀ ਵਿੱਚ ਜਾਣਾ ਹੈ ਕਾਮਯਾਬੀ ਜਾਂ ਨਾਕਾਮਯਾਬੀ। ਜਿੰਨਾ ਜਿਆਦਾ ਅਸੀਂ ਆਪਣੇ ਆਪ ਨੂੰ ਜਾਣ ਸਕਾਂਗੇ ਉਨ੍ਹਾਂ ਬੇਹਤਰ ਕੰਮ ਹੋ ਸਕੇਗਾ ਤੇ ਜਿੰਨਾ ਬੇਹਤਰ ਕੰਮ ਹੋਵੇਗਾ ਓਨੇ ਵਧੀਆ ਤੇ ਸਕਾਰਾਤਮਕ ਨਤੀਜੇ ਨਿਕਲਣਗੇ।

 ਕੋਈ ਵੀ ਦੂਜਾ ਇਨਸਾਨ ਨਾ ਤਾਂ ਕਿਸੇ ਨੂੰ ਕਾਮਯਾਬ ਬਣਾ ਸਕਦਾ ਹੈ ਅਤੇ ਨਾ ਹੀ ਨਾਕਾਮਯਾਬ, ਇਹ ਦੋਨੋ ਸਾਡੇ ਆਪਣੇ ਹੱਥ ਵਿੱਚ ਹਨ, ਚੋਣ ਵੀ ਅਸੀਂ ਖੁਦ ਹੀ ਕਰਦੇ ਹਾਂ ਤੇ ਸਾਹਮਣਾ ਵੀ ਅਸੀਂ ਖ਼ੁਦ ਹੀ ਕਰਨਾ ਹੈ। ਹਾਲੇ ਵੀ ਦੇਰ ਨਹੀਂ ਹੋਈ ਉਠੋ ਤੇ ਤੁਰ ਪਵੋ ਆਪਣੇ ਰਾਹ, ਮੰਜ਼ਿਲ ਬਾਹਾਂ ਖਿਲਾਰ ਕੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਅੰਤ ਵਿੱਚ ਇਕਬਾਲ ਸਾਹਬ ਦਾ ਇਕ ਸ਼ੇਅਰ ਯਾਦ ਆ ਗਿਆ ਜ਼ਰੂਰ ਸਾਂਝਾ ਕਰਾਂਗਾ।

ਆਪਣੇ ਸੁਝਾਅ ਤੇ ਸਵਾਲ ਜਰੂਰ ਸਾਂਝੇ ਕਰਿਓ।

ਖ਼ੁਦੀ ਕੋ ਕਰ ਬੁਲੰਦ ਇਤਨਾ ਕੇ ਹਰ ਤਕਦੀਰ ਸੇ ਪਹਿਲੇ

ਖ਼ੁਦਾ ਬੰਦੇ ਸੇ ਪੂਛੇ ਬਤਾ ਤੇਰੀ ਰਜ਼ਾ ਕਿਆ ਹੈ..

ਸਨਦੀਪ…