ਵਿਦਿਆਰਥਣਾਂ ਨੂੰ ਸਟੇਜ ਤੋਂ ਕੀਰਤਨ ਕਰਨੋਂ ਰੋਕਿਆ
Mon 14 Jan, 2019 0ਅੰਮ੍ਰਿਤਸਰ : ਸਿੱਖ ਧਰਮ ਦੀ ਪੁਜਾਰੀ ਸ਼੍ਰੇਣੀ ਇਸਤਰੀ ਜਾਤੀ ਨੂੰ ਬਰਾਬਰ ਦਾ ਸਥਾਨ ਦੇਣ ਦਾ ਦਾਅਵਾ ਕਰਦੀ ਹੈ ਪਰ ਇਹ ਗੱਲਾਂ ਮਹਿਜ਼ ਰਸਮੀ ਬਿਆਨ ਲਗਦੀਆਂ ਹਨ। ਹਰ ਰੋਜ਼ ਟੈਲੀਵਿਜ਼ਨ 'ਤੇ ਇਕ ਨਿਜੀ ਚੈਨਲ ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਤੋਂ ਬਾਅਦ ਇਕ ਅਕਾਲੀ ਆਗੂ ''ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ'' ਦੀ ਦੁਹਾਈ ਦਿੰਦੀ ਹੈ, ਪਰ ਅਕਾਲੀ ਦਲ ਦੀ ਨੱਕ ਹੇਠ ਉਸੇ ਪਾਰਟੀ ਦੀ ਅਗਵਾਈ ਵਿਚ ਚਲਦੀ ਸੰਸਥਾ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਅੱਜ ਧੀਆਂ ਦੀ ਅਣਦੇਖੀ ਦੀ ਮੂੰਹ ਬੋਲਦੀ ਮਿਸਾਲ ਦੇਖਣ ਨੂੰ ਮਿਲੀ।
ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹਿਰ ਦੀ ਇਕ ਨਾਮੀ ਸੰਸਥਾ ਵਲੋਂ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਲੋਂ ਕੀਰਤਨ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਵਿਚ ਸ਼ਹਿਰ ਦੇ ਨਾਮੀ ਸਕੂਲਾਂ ਦੇ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਇਕ ਸਕੂਲ ਦੇ ਵਿਦਿਆਰਥੀ ਜਦ ਕੀਰਤਨ ਕਰਨ ਲਈ ਅੱਗੇ ਆਏ ਤਾਂ ਨਾਲ ਆਈਆਂ ਵਿਦਿਆਰਥਣਾਂ ਨੂੰ ਸਟੇਜ ਤੋਂ ਕੀਰਤਨ ਲਈ ਬੈਠਣ ਤੋਂ ਰੋਕ ਦਿਤਾ। ਸਟੇਜ ਦੇ ਉਪਰ ਸਿਰਫ਼ ਲੜਕੇ ਹੀ ਬੈਠ ਕੇ ਸ਼ਬਦ ਗਾਇਨ ਕਰਦੇ ਰਹੇ ਜਦਕਿ ਲੜਕੀਆਂ ਨੂੰ ਇਹ ਅਧਿਕਾਰ ਨਹੀਂ ਦਿਤਾ ਗਿਆ
ਕਿ ਉਹ ਕੀਰਤਨ ਵਿਚ ਵਿਦਿਆਰਥੀਆਂ ਦਾ ਸਾਥ ਦੇ ਸਕਣ। ਕੀਰਤਨ ਦਰਬਾਰ ਦਾ ਆਯੋਜਨ ਕਰਦੀ ਸੰਸਥਾ ਦੇ ਇਕ ਅਹੁਦੇਦਾਰ ਨੇ ਦਸਿਆ ਕਿ ਸਾਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਹਦਾਇਤ ਕੀਤੀ ਹੋਈ ਹੈ ਕਿ ਔਰਤਾਂ ਤੇ ਲੜਕੀਆਂ ਸਟੇਜ 'ਤੇ ਬੈਠ ਕੇ ਕੀਤਰਨ ਨਹੀਂ ਕਰ ਸਕਦੀਆਂ। ਹੈਰਾਨੀ ਦੀ ਗੱਲ ਹੈ ਕਿ ਇਸਤਰੀ ਜਾਤੀ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਕਹਾਣੀ ਕਿਸ ਮੂੰਹ ਨਾਲ ਕੀਤੀ ਜਾ ਰਹੀ ਹੈ ਇਹ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ।
Comments (0)
Facebook Comments (0)