
ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਮੁਲਜ਼ਮਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ ਕਾਂਗਰਸ : ਸਿਰਸਾ
Fri 18 Jan, 2019 0
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਪਾਰਟੀ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਆਖਿਆ ਕਿ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਜੇਲ੍ਹ ਭੇਜੇ ਗਏ ਆਪਣੇ ਆਗੂਆਂ ਨੂੰ ਛੁਡਵਾਉਣਾ ਚਾਹੁੰਦੀ ਹੈ ਤੇ ਨਾਲ ਹੀ ਕੇਸਾਂ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਨੂੰ ਬਚਾਉਣ ਦੀ ਵੀ ਇੱਛੁਕ ਹੈ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ 'ਹੱਥ ਪੰਜਾ' ਚੋਣ ਨਿਸ਼ਾਨ 'ਤੇ ਵੋਟਾਂ ਪਾਉਣ ਦੀ ਅਪੀਲ ਕਰ ਰਹੀ ਹੈ ਤਾਂ ਜੋ ਕਿ ਇਸ ਹੱਥ ਦੀ ਤਾਕਤ ਦੀ ਵਰਤੋਂ
ਉਹ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਜੇਲ੍ਹ ਭੇਜੇ ਗਏ ਵਿਅਕਤੀਆਂ ਨੂੰ ਰਿਹਾਅ ਕਰਵਾਉਣ ਵਾਸਤੇ ਵਰਤ ਸਕੇ ਅਤੇ ਜੇਕਰ ਇਹ ਸੱਤਾ ਵਿਚ ਆ ਗਈ ਤਾਂ ਫਿਰ ਇਹ ਉਸੇ ਤਰੀਕੇ ਸੱਤਾ ਦੀ ਦੁਰਵਰਤੋਂ ਕਰੇਗੀ ਜਿਵੇਂ ਕਿ ਹਾਈ ਕੋਰਟ ਨੇ ਆਪਣੇ ਵਿਸਥਾਰਿਤ ਹੁਕਮ ਵਿਚ ਦੱਸਿਆ ਹੈ ਕਿ 34 ਸਾਲਾਂ ਤੱਕ ਸਿੱਖਾਂ ਨੂੰ ਨਿਆਂ ਕਿਉਂ ਨਹੀਂ ਮਿਲ ਸਕਿਆ। ਸ੍ਰ. ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਦਿੱਲੀ ਵਿਚ ਕਦੇ ਵੀ ਕਿਸੇ ਸਿੱਖ ਆਗੂ ਨੂੰ ਪ੍ਰੋਮੋਟ ਨਹੀਂ ਕੀਤਾ ਕਿਉਂਕਿ ਇਹ ਜਾਣਦੀ ਸੀ ਕਿ ਸਿੱਖ ਹਾਲੇ ਵੀ 1984 ਦਾ ਦਰਦ ਤੇ ਪੀੜਤ ਮਹਿਸੂਸ ਕਰਦੇ ਹਨ
ਅਤੇ ਸਿੱਖ ਆਗੂਆਂ ਨੂੰ ਉਤਸ਼ਾਹਿਤ ਕਰਨ ਨਾਲ ਇਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਆਗੂਆਂ ਨੂੰ ਬੇਨਕਾਬ ਕਰ ਦੇਣਗੇ ਜਿਹਨਾਂ ਦੀ ਡਿਊਟੀ ਪਾਰਟੀ ਨੇ ਦੇਸ਼ ਵਿਚੋਂ ਸਿੱਖਾਂ ਨੂੰ ਖਤਮ ਕਰਨ ਲਈ ਕਤਲੇਆਮ ਵਾਸਤੇ ਲਗਾਈ ਸੀ। ਉਹਨਾਂ ਕਿਹਾ ਕਿ ਹੁਣ ਕਾਂਗਰਸ ਕੇਂਦਰ ਵਿਚ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ ਤਾਂ ਜੋ ਉਹ ਆਪਣੇ ਆਗੂਆਂ ਨੂੰ ਦੋਸ਼ੀ ਠਹਿਰਾਏ ਜਾਣ ਤੇ ਜੇਲ 'ਚ ਭੇਜੇ ਜਾਣ ਤੋਂ ਬਚਾਅ ਸਕੇ। ਉਨ੍ਹਾਂ ਨੇ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਵੀ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸ ਨਾਲ ਇਕਸੁਰ ਹੈ
ਤੇ ਇਸੇ ਲਈ ਇਸਨੇ ਆਪ ਕੋਈ ਵੀ ਸਿੱਖ ਆਗੂ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਤਾਂ ਜੋ ਇਹ ਮਾਮਲਾ ਸੰਸਦ ਵਿਚ ਨਾ ਉਠ ਸਕੇ । ਇੰਨਾ ਹੀ ਨਹੀਂ ਬਲਕਿ ਕੇਜਰੀਵਾਲ ਮੰਤਰੀ ਮੰਡਲ ਵਿਚ ਕੋਈ ਸਿੱਖ ਸ਼ਾਮਲ ਨਹੀਂ ਕੀਤਾ ਗਿਆ ਤਾਂ ਜੋ ਕਾਂਗਰਸ ਨੂੰ ਖੁਸ਼ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਦੋਵੇਂ ਪਾਰਟੀਆਂ ਸਿੱਖ ਵਿਰੋਧੀ ਹੋਣ ਦੇ ਆਪਣੇ ਸਾਂਝੇ ਏਜੰਡੇ ਨੂੰ ਅੱਗੇ ਤੋਰਦਿਆਂ ਲੋਕਾਂ ਸਾਹਮਣੇ ਆਪਣੇ ਗਠਜੋੜ ਦਾ ਐਲਾਨ ਕਰਨ ਦੀ ਤਿਆਰੀ ਵਿਚ ਹਨ।
ਉਹਨਾਂ ਇਹ ਵੀ ਕਿਹਾ ਕਿ ਭਾਵੇਂ ਦੋਵਾਂ ਪਾਰਟੀਆਂ ਨੇ ਸਿੱਖ ਵਿਰੋਧੀ ਏਜੰਡਾ ਅਪਣਾ ਰੱਖਿਆ ਹੈ ਪਰ ਸਿੱਖ ਭਾਈਚਾਰੇ ਨੇ ਵੀ ਇਹਨਾਂ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ ਤੇ ਸਾਰਾ ਭਾਈਚਾਰਾ ਐਨ. ਡੀ. ਏ. ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਕਿਉਂਕਿ ਐਨ. ਡੀ. ਏ. ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਹੀ ਸੱਜਣ ਕੁਮਾਰ ਵਰਗੇ ਆਗੂ 34 ਸਾਲਾਂ ਬਾਅਦ ਜੇਲ੍ਹ ਭੇਜੇ ਜਾ ਸਕੇ ਹਨ।
Comments (0)
Facebook Comments (0)