ਸੋਚ ਨੂੰ ਗ੍ਰਹਿਣ------ਪ੍ਰੀਤ ਰਾਮਗੜ੍ਹੀਆ

ਸੋਚ ਨੂੰ ਗ੍ਰਹਿਣ------ਪ੍ਰੀਤ ਰਾਮਗੜ੍ਹੀਆ

ਸੋਚ ਨੂੰ ਗ੍ਰਹਿਣ------ਪ੍ਰੀਤ ਰਾਮਗੜ੍ਹੀਆ

ਕਦ ਹੋਊ ਪ੍ਰਭਾਤ,  ਕਦ ਹੋਊ ਸਵੇਰਾ

ਲੱਗਿਆ ਗ੍ਰਹਿਣ ਜੋ ਸੋਚ ਨੂੰ

ਕਦ ਉਤਰੇਗਾ ਇਹ ਜ਼ੰਜੀਰ ਰੂਪੀ ਗਹਿਣਾ

ਕਿਉਂ ਮਰਦੀਆਂ ਨੇ ਧੀਆਂ ਕੁੱਖਾਂ ਵਿਚ

ਕਿਉਂ ਹੁੰਦਾ ਵਿਤਕਰਾ ਧੀਆਂ ਪੁੱਤਾਂ ਵਿਚ

ਕਿਉਂ ਨੂੰਹ ਬਣ ਕੇ ਆਈ , ਆਪਣੀ ਧੀ ਜਿਹੀ ਨਾ ਲੱਗੇ

ਕਿਉਂ ਦਹੇਜ ਬਿਨਾ ਨਾ ਵਿਆਹ ਫਬਦੇ

ਕਿਉਂ ਵਿਆਹ ਦੇ ਨਾਮ ਤੇ ਵਪਾਰ ਚਲਦੇ....

 

ਕਦ ਹੋਊ ਪ੍ਰਭਾਤ, ਕਦ ਹੋਊ ਸਵੇਰਾ 

ਲੱਗਿਆ ਗ੍ਰਹਿਣ ਜੋ ਸੋਚ ਨੂੰ

ਕਦ ਉਤਰੇਗਾ ਇਹ ਜ਼ੰਜੀਰ ਰੂਪੀ ਗਹਿਣਾ 

ਕਿਉਂ ਬਾਪੂ ਦੀ ਕਮਾਈ , ਖੇਹ 'ਚ ਪਾਉਂਦੇ

ਕਿਉਂ ਖੁਸ਼ੀਆਂ ਭਰੇ ਘਰ , ਕਲੇਸ਼ ਨੇ ਪਾਉਂਦੇ

ਕਿਉਂ ਨਸ਼ਿਆਂ ਹੱਥ ਆਪਣੀ ਜਵਾਨੀ ਗਵਾਈ

ਕਿਉਂ ਕਰ ਵਪਾਰ ਨਸ਼ਿਆਂ ਦਾ , ਪੰਜਾਬ ਦੀ ਬਦਨਾਮੀ ਕਰਾਈ

ਕਿਉਂ ਨਸ਼ਾ ਬਣ ਗਿਆ ਜਾਨ , ਤੇ ਜਾਨ ਆਪਣੀ ਗਵਾਈ

 

ਕਦ ਹੋਊ ਪ੍ਰਭਾਤ, ਕਦ ਹੋਊ ਸਵੇਰਾ 

ਲੱਗਿਆ ਗ੍ਰਹਿਣ ਜੋ ਸੋਚ ਨੂੰ

ਕਦ ਉਤਰੇਗਾ ਇਹ ਜ਼ੰਜੀਰ ਰੂਪੀ ਗਹਿਣਾ 

ਕਿਉਂ ਭ੍ਰਿਸ਼ਟਾਚਾਰ ਨੇ ਮੁਲਕ ਖਾ ਲਿਆ

ਕਿਉਂ ਹੱਕ ਗਰੀਬ ਦਾ ਮਾਰ ਮੁਕਾ ਲਿਆ

ਕਿਉਂ ਨਹੀਂ ਰੋਟੀ ਹੁੰਦੀ ਨਸੀਬ ਮਜਦੂਰ ਨੂੰ

ਕਿਉਂ ਰਿਸ਼ਵਤਖੋਰੀ ਦਾ ਪਰਚਮ ਲਹਿਰਾ ਗਿਆ

 

ਕਦ ਹੋਊ ਪ੍ਰਭਾਤ, ਕਦ ਹੋਊ ਸਵੇਰਾ 

ਲੱਗਿਆ ਗ੍ਰਹਿਣ ਜੋ ਸੋਚ ਨੂੰ

ਕਦ ਉਤਰੇਗਾ ਇਹ ਜ਼ੰਜੀਰ ਰੂਪੀ ਗਹਿਣਾ 

ਕਿਉਂ ਨਹੀਂ ਦਾਖ਼ਲੇ ਸਕੂਲਾਂ `ਚ ਕਾਬਿਲ ਬੱਚਿਆਂ ਨੂੰ

ਕਿਉਂ ਵਿਕਦੀ ਸਿੱਖਿਆ , ਕੁਝ ਨੋਟਾਂ ਵਿਚ

ਕਿਉਂ ਸਿਫਾਰਿਸ਼ਾਂ ਤੇ ਭਰਦੀਆਂ ਸੀਟਾਂ ਰੁਜ਼ਗਾਰ ਦੀਆਂ

ਕਿਉਂ ਲਾਈਨਾਂ ਨੇ ਲੱਗੀਆਂ ਬੇਰੁਜ਼ਗਾਰ ਦੀਆਂ....

 

ਸਵਾਲ ਬੜੇ ਨੇ , ਜਵਾਬ ਨਾ ਕੋਈ ਥਿਆਵੇ

" ਪ੍ਰੀਤ " ਲਿਖ ਦਿੱਤਾ , ਜੋ ਨਜ਼ਰੀਂ ਆਵੇ

ਸ਼ੁਰੂਆਤ ਕੱਲ ਤੋਂ ਨਹੀਂ , ਅੱਜ ਤੋਂ ਜੇ ਕੀਤੀ ਜਾਵੇ

ਥੋੜ੍ਹਾ ਤਾਂ ਸਭ ਨੂੰ ਹੀ ਬਦਲਣਾ ਪਊਗਾ

ਤਾਂ ਹੀ ਇਹ ਗ੍ਰਹਿਣ ਸੋਚ ਤੋਂ ਦੂਰ ਹੋਊਗਾ 

 

                                ਪ੍ਰੀਤ ਰਾਮਗੜ੍ਹੀਆ 

                               ਲੁਧਿਆਣਾ, ਪੰਜਾਬ 

         ਮੋਬਾਇਲ : +918427174139

E-mail : Lyricistpreet@gmail.com