ਨਵਜੋਤ ਸਿੱਧੂ ’ਤੇ ਦਰਜ ਹੋਈ ਐਫ਼ਆਈਆਰ, ਜਾਣੋ ਪੂਰਾ ਮਾਮਲਾ
Wed 17 Apr, 2019 0ਚੰਡੀਗੜ੍ਹ:
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਿਹਾਰ ਦੇ ਕਟਿਹਾਰ ਵਿਚ ਇਕ ਰੈਲੀ ਦੇ ਦੌਰਾਨ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਵੋਟ ਕਰਨ ਦੀ ਅਪੀਲ ਕਰਕੇ ਫਸ ਗਏ ਹਨ। ਸਿੱਧੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਵੋਟ ਪਾਉਣ ਦੀ ਅਪੀਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੂ ਵਿਰੁਧ ਐਫ਼ਆਈਆਰ ਦਰਜ ਕਰਵਾਈ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ ਸ਼੍ਰੀਨਿਵਾਸ ਨੇ ਦੱਸਿਆ ਕਿ ਸਿੱਧੂ ਵਿਰੁਧ ਧਾਰਾ 123(3) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਉਮੀਦਵਾਰਾਂ ਵਲੋਂ ਭਾਰਤੀ ਨਾਗਰਿਕਾਂ ਵਿਚ ਧਰਮ, ਜਾਤੀ, ਫਿਰਕੇ ਤੇ ਭਾਸ਼ਾ ਦੇ ਅਧਾਰ ’ਤੇ ਨਫਰ਼ਤ ਤੇ ਦੁਸ਼ਮਣੀ ਦੀ ਭਾਵਨਾ ਨੂੰ ਵਧਾਵਾ ਦੇਣ ਦੀਆਂ ਕੋਸ਼ਿਸ਼ਾਂ ’ਤੇ ਰੋਕ ਲਾਉਂਦੀ ਹੈ। ਦੱਸ ਦਈਏ ਕਿ ਸਿੱਧੂ ਦੀ ਫਿਰਕੂ ਬਿਆਨਬਾਜ਼ੀ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਸਿੱਧੂ ਨੇ ਵਿਰੋਧੀ ਮਹਾਂਗੱਠਜੋੜ ਵਿਚ ਸ਼ਾਮਲ ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਦੇ ਪੱਖ ਵਿਚ ਮੁਸਲਿਮ ਬਹੁਗਿਣਤੀ ਵਾਲੇ ਕਟਿਹਾਰ ਵਿਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਮੁਸਲਮਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ। ਕਟਿਹਾਰ ਦੇ ਗੁਆਂਢੀ ਹਲਕੇ ਕਿਸ਼ਨਗੰਜ ਜਿੱਥੋਂ ਏਆਈਐਮਆਈਐਮ ਨੇ ਅਪਣਾ ਉਮੀਦਵਾਰ ਉਤਾਰਿਆ ਹੈ, ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ ਕਿ ਇਥੇ ਓਵੈਸੀ ਜਿਹੇ ਲੋਕਾਂ ਨੂੰ ਲਿਆ ਕੇ ਵਿਰੋਧੀ ਸਥਾਨਕ ਲੋਕਾਂ ਨੂੰ ਵੰਡ ਕੇ ਜਿੱਤਣਾ ਲੋਚਦੇ ਹਨ। ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਇਥੇ ਘੱਟਗਿਣਤੀ ਭਾਈਚਾਰਾ ਬਹੁਗਿਣਤੀ ਵਿਚ ਹੈ। ਉਨ੍ਹਾਂ ਕਿਹਾ ਕਿ ਜੇ ਸਾਰਿਆਂ ਨੇ ਇਕਜੁੱਟ ਹੋ ਕੇ ਵੋਟ ਪਾਈ ਤਾਂ ਸਭ ਪਲਟ ਜਾਵੇਗਾ।
Comments (0)
Facebook Comments (0)