
ਕੈਪਟਨ ਸਰਕਾਰ ਨੇ ਗੁੰਡਾ ਅਨਸਰ ਨੂੰ ਤਾਂ ਕਾਬੂ ਕਰ ਲਿਆ ਹੈ ਪਰ...
Tue 22 Jan, 2019 0
(ਚੰਡੀਗੜ੍ਹ) : ਪਿਛਲੇ ਦੋ ਸਾਲਾਂ ਵਿਚ ਅਕਾਲੀ ਦਲ ਦੇ ਵਰਕਰਾਂ ਨੂੰ ਹਰ ਮੈਦਾਨ ਵਿਚ ਕਾਂਗਰਸੀ ਵਰਕਰਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦੋਂ ਵੀ ਉਹ ਅਪਣੇ ਨਾਲ ਹੋਈ ਕਿਸੇ ਵੀ ਧੱਕੇਸ਼ਾਹੀ ਵਿਰੁਧ ਆਵਾਜ਼ ਚੁਕਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਅਣਸੁਣੀ ਕਰ ਦਿਤੀ ਜਾਂਦੀ ਹੈ। ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬੀਰ ਸਿੰਘ ਬਾਦਲ ਨੇ ਹਾਲ ਵਿਚ ਹੀ ਇਕ ਦੂਜੇ ਉਤੇ ਜਵਾਬੀ ਇਲਜ਼ਾਮ ਲਾ ਕੇ, ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ (ਬਾਦਲ) ਦੇ ਰਾਜ ਵਿਚ ਗ਼ੈਰਸਮਾਜਕ ਸੰਗਠਨਾਂ ਦੀ ਗਿਣਤੀ ਅਤੇ ਤਾਕਤ ਵਿਚ ਭਾਰੀ ਵਾਧਾ ਹੋਇਆ ਸੀ।
ਸੁਖਜਿੰਦਰ ਸਿੰਘ ਰੰਧਾਵਾ ਦੇ ਸ਼ਬਦਾਂ ਵਿਚ ਸੱਚਾਈ ਜ਼ਰੂਰ ਹੈ। ਭਾਵੇਂ ਰਾਜ ਪ੍ਰਬੰਧ ਦੀ ਕਮਜ਼ੋਰੀ ਸਦਕਾ ਜਾਂ ਕੁੱਝ ਸਿਆਸਤਦਾਨਾਂ ਦੀ ਸ਼ਹਿ ਤੇ, ਪੰਜਾਬ ਵਿਚ ਨਸ਼ੇ ਦਾ ਵਪਾਰ ਅਕਾਲੀ ਰਾਜ ਵਿਚ ਹੀ ਪਨਪਿਆ ਸੀ। ਜਿੱਥੇ ਮਾਫ਼ੀਆ ਪਲਦਾ ਹੈ, ਉਥੇ ਗੁੰਡਾਗਰਦੀ ਜਨਮ ਲੈਂਦੀ ਹੀ ਹੈ। ਮਾਫ਼ੀਆ ਕੋਲ ਕਾਲਾ ਪੈਸਾ ਆਉਂਦਾ ਹੈ, ਜਿਸ ਨਾਲ ਸਾਰੇ ਗ਼ਲਤ ਕੰਮ ਵਾਧੇ ਵਲ ਜਾਣ ਲਗਦੇ ਹਨ। ਜਦੋਂ ਤਕ ਨਸ਼ੇ ਦੇ ਕਾਰੋਬਾਰ ਦਾ ਕੱਚਾ ਚਿੱਠਾ ਸਾਹਮਣੇ ਨਹੀਂ ਆਉਂਦਾ, ਉਦੋਂ ਤਕ ਹਰ ਕਿਸੇ ਉਤੇ ਸ਼ੱਕ ਬਣਿਆ ਹੀ ਰਹੇਗਾ।
ਕਦੇ ਆਖਿਆ ਜਾਂਦਾ ਹੈ ਕਿ ਇਹ ਤਾਂ ਪੰਜਾਬ ਪੁਲਿਸ ਦਾ ਜਾਲ ਹੈ ਜੋ ਜੇਲਾਂ ਤਕ ਫੈਲ ਗਿਆ ਹੈ ਅਤੇ ਕਦੇ ਨਸ਼ਿਆਂ ਨੂੰ ਕਿਸੇ ਸਾਬਕਾ ਮੰਤਰੀ ਦਾ ਕਾਰੋਬਾਰ ਦਸਿਆ ਜਾਂਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ ਸੀ। ਪੰਜਾਬ ਵਿਚ ਬੰਦੂਕਾਂ ਦੀ ਵਿਕਰੀ ਇਸ ਗੱਲ ਦਾ ਸਬੂਤ ਸੀ। ਪੰਜਾਬ ਵਿਚ 'ਗੈਂਗ' ਬਣ ਗਏ। 'ਗੈਂਗਵਾਰ' ਆਮ ਜਹੀ ਗੱਲ ਹੋ ਗਈ। ਲੋਕ ਦੁਖੀ ਸਨ ਕਿਉਂਕਿ ਸਰਕਾਰ ਇਨ੍ਹਾਂ ਨੂੰ ਕਾਬੂ ਕਰਨ ਵਿਚ ਅਸਮਰੱਥ ਸਾਬਤ ਹੋ ਰਹੀ ਸੀ। ਸੋ ਸਰਕਾਰ ਬਦਲ ਗਈ। ਪਰ ਕੀ ਅੱਜ ਸਥਿਤੀ ਬਦਲ ਗਈ ਹੈ? ਪੰਚਾਇਤੀ ਚੋਣਾਂ ਖ਼ੂਨੀ ਸਾਬਤ ਹੋਈਆਂ।
ਕਲ ਬਟਾਲੇ ਵਿਚ ਇਕ ਸਾਬਕਾ ਸਰਪੰਚ ਦੇ ਪੁੱਤਰ ਦੀ ਮੌਤ ਹੋਈ ਹੈ ਅਤੇ ਹੁਣ ਇਲਜ਼ਾਮ ਕਾਂਗਰਸ ਵਰਕਰਾਂ ਉਤੇ ਲੱਗ ਰਹੇ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਪਿਛਲੇ ਦੋ ਸਾਲਾਂ ਵਿਚ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਹਾਲਾਤ ਵਿਚ ਕਾਂਗਰਸ ਹਾਈਕਮਾਂਡ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੇ ਪੰਜਾਬ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਗੁੰਡਿਆਂ ਉਤੇ ਸਰਕਾਰ ਹਾਵੀ ਹੋ ਚੁੱਕੀ ਹੈ ਪਰ ਕੀ ਹੁਣ ਕਾਂਗਰਸੀ ਵਰਕਰ ਉਨ੍ਹਾਂ ਦੀ ਥਾਂ ਲੈ ਲੈਣਗੇ? ਜੇ ਕਾਂਗਰਸ ਵਰਕਰਾਂ ਨੇ ਅਕਾਲੀ ਦਲ ਦੇ ਵਰਕਰਾਂ ਵਾਂਗ ਹੀ ਬਣ ਜਾਣਾ ਹੈ ਤਾਂ ਫਿਰ ਬਦਲਾਅ ਕੀ ਆਇਆ?
ਲੋਕਾਂ ਨੇ ਵਿਕਾਸ ਦੀ ਉਮੀਦ ਲਾ ਕੇ, ਕਾਂਗਰਸ ਨੂੰ ਵੋਟ ਪਾਈ ਸੀ, ਪਹਿਲਾਂ ਵਰਗੀ ਰਾਜਸੀ ਕਿਸਮ ਦੀ ਹਿੰਸਾ ਦੀ ਨਹੀਂ। ਇਨ੍ਹਾਂ ਕਾਂਗਰਸੀ ਵਰਕਰਾਂ ਨੂੰ ਇਕ ਸਖ਼ਤ ਸੰਦੇਸ਼ ਕਾਂਗਰਸ ਪਾਰਟੀ ਵਲੋਂ ਦਿਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਪਾਰਟੀ 'ਚੋਂ ਬੇਦਖ਼ਲ ਕਰਨ ਨਾਲ ਹੀ ਸਾਬਤ ਹੋਵੇਗਾ ਕਿ ਕਾਂਗਰਸ ਗੁੰਡਾਗਰਦੀ ਦੇ ਏਜੰਡੇ ਨੂੰ ਬਰਦਾਸ਼ਤ ਨਹੀਂ ਕਰੇਗੀ।
Comments (0)
Facebook Comments (0)