ਕਤਲ

ਕਤਲ

ਜਦੋਂ ਜੀਣਾ ਜੱਗ ਤੇ ਜਟਲ ਹੋ ਗਿਆ।
ਮੇਰੇ ਹੱਥੋਂ ਫਿਰ ਮੇਰਾ ਕਤਲ ਹੋ ਗਿਆ।
ਰੂਹ ਬੋਝ ਦੀ ਭਰੀ, ਦੁਖੀ ਨਾਲ ਹੀ ਤੁਰੀ,
ਬਸ ਤਨ ਦਾ ਹੀ ਕਪੜਾ ਬਦਲ ਹੋ ਗਿਆ।


ਖੀਸੇ ਖ਼ਾਲੀ ਜਿਨ੍ਹਾਂ ਦੇ, ਕੀ ਜੀਣੇ ਉਨ੍ਹਾਂ ਦੇ,
ਅੱਜ ਪੈਸਾ ਹੀ ਪੈਸਾ ਅਸਲ ਹੋ ਗਿਆ। 
ਬਸ ਅੱਜ ਦੀ ਕਹਾਣੀ, ਹੋਣੀ ਲੋਕਾਂ ਦੀ ਜ਼ੁਬਾਨੀ,
ਭੁੱਲ ਜਾਣਾ ਸੱਭ ਨੇ, ਜਦੋਂ ਕਲ ਹੋ ਗਿਆ। 


ਲਾਸ਼ ਝੂਲਦੀ ਨੂੰ ਤੱਕ, ਚਾਰ ਛਿੱਲੜ ਕੋਈ ਸਿੱਟੂ,
ਅਸੀ ਸਮਝਾਂਗੇ ਮਰਨਾ ਸਫ਼ਲ ਹੋ ਗਿਆ। 
ਗ਼ੁਲਾਬ ਬਣ ਕੋਈ ਖਿੜਿਆ, ਪਰ ਚੜ੍ਹਿਆ ਕਬਰ ਤੇ,
ਕੋਈ ਛੱਪੜ 'ਚ ਖਿੜ ਕੇ ਕਮਲ ਹੋ ਗਿਆ। 


ਕੌਣ ਬੀਜੂਗਾ, ਵਾਹੂਗਾ, ਵੱਢੂਗਾ, ਸਾਂਭੂਗਾ,
ਜਦੋਂ ਕੰਮੀ ਦਾ ਜੀਣਾ ਮੁਸ਼ਕਿਲ ਹੋ ਗਿਆ। 
ਨਾ ਦੂਰ ਕਰਿਉ ਗ਼ਰੀਬੀ, ਗ਼ਰੀਬ ਨੂੰ ਹੀ ਮਾਰੋ,
ਸਰਮਾਏਦਾਰਾਂ ਲਈ ਇਹ ਸੌਖਾ ਹੱਲ ਹੋ ਗਿਆ। 


ਪਰ ਬਿਖਰੇਗਾ ਚਾਨਣ, ਕੰਮੀਆਂ ਦੇ ਵਿਹੜੇ ਵੀ,
ਚੜ੍ਹਦਾ ਸੂਰਜ ਜਦੋਂ ਸਾਡੇ ਵਲ ਹੋ ਗਿਆ। 
ਕੀ ਹੋਇਆ, ਮੈਂ ਨੀ ਹੋਣਾ, ਮੇਰੀ ਪੁਸ਼ਤ ਤਾਂ ਦੇਖੂ,
ਬਣਦਾ ਹੱਕ ਜਦੋਂ ਸਾਨੂੰ ਹਾਸਲ ਹੋ ਗਿਆ।

 
-ਸੁਖਜੀਤ ਕੁਲਵੀਰ ਸਿੰਘ, 
ਸੰਪਰਕ : 73409-23044