( ਕਵਿਤਾ ) ਬਹੁਤੇ ਰੁੱਖ ਉਗਾਵਾਂਗੇ

( ਕਵਿਤਾ )  ਬਹੁਤੇ ਰੁੱਖ ਉਗਾਵਾਂਗੇ

ਜੀਵਨ ਦਾ ਆਨੰਦ ਆਊਗਾ ਬਹੁਤੇ ਰੁੱਖ ਉਗਾਵਾਂਗੇ,
ਪਾਲ ਪਲੋਸ ਕੇ ਵੱਡੇ ਕਰ ਕੇ, ਕੁਦਰਤ ਨੂੰ ਰੁਸ਼ਨਾਵਾਂਗੇ।

ਪੱਤਿਆਂ ਦੀ ਖੜ ਖੜ ਦੇ ਵਿਚੋਂ ਜਦ ਵੰਡਦੇ ਖ਼ੁਸ਼ਬੋਈਆਂ ਨੇ,
ਪੀਂਘਾਂ ਪੈਂਦੀਆਂ ਲੈਣ ਹੁਲਾਰੇ, ਰੀਝਾਂ ਦਿਲੋਂ ਪਰੋਈਆਂ ਨੇ,

ਬੋਹੜਾਂ ਥੱਲੇ ਗਿੱਧਿਆਂ ਦੀ ਹੁਣ, ਮੁੜ ਕੇ ਸ਼ਾਨ ਬਣਾਵਾਂਗੇ,
ਜੀਵਨ ਦਾ ਆਨੰਦ...।

ਤਰਵਰਾਂ ਤਾਈਂ ਪਿਆਰ ਕਰੋ, ਜਿੰਨਾ ਕਰਦੇ ਮਾਵਾਂ ਦਾ,
ਜਿਹੜੇ ਮਾਣਨ ਉਹੀ ਜਾਣਨ, ਬਹੁਤਾ ਗੁਣ ਛਾਵਾਂ ਦਾ,

ਇਨ੍ਹਾਂ ਤੇ ਜਦ ਪੰਛੀ ਚਹਿਕਣ, ਮਸਤੀ ਵਿਚ ਨਸ਼ਿਆਵਾਂਗੇ,
ਜੀਵਨ ਦਾ ਆਨੰਦ...।

ਵੱਡੇ ਵਡੇਰਿਆਂ ਖੇਤ ਸਾਡੇ ਵਿਚ, ਝੁੰਡ ਰੁੱਖਾਂ ਦਾ ਲਾਇਆ ਹੈ,
ਨਾਲੇ ਦਿੰਦੇ ਸ਼ੁੱਧ ਹਵਾਵਾਂ, ਨਾਲੇ ਸੀਤਲ ਛਾਇਆ ਹੈ,

ਨਿੰਮ, ਤੂਤ ਤੇ ਟਾਹਲੀਆਂ, ਬੇਰੀਆਂ, ਉਨ੍ਹਾਂ ਵਾਂਗ ਹੀ ਲਾਵਾਂਗੇ,
ਜੀਵਨ ਦਾ ਆਨੰਦ...।

ਵਾਤਾਵਰਣ ਨੂੰ ਸਾਫ਼ ਬਣਾਉਂਦੇ, ਕਦੇ ਕਿਸੇ ਤੋਂ ਕੁੱਝ ਲੈਂਦੇ ਨਾ,
ਵੱਢੋ, ਟੁੱਕੋ, ਝੱਖੜ ਝੁੱਲਣ, ਕਿੰਨੀ ਜੀਰਾਂਦ ਕੁੱਝ ਕਹਿੰਦੇ ਨਾ,

ਇਨ੍ਹਾਂ ਤੋਂ ਬਣੀਆਂ ਚੀਜ਼ਾਂ ਦੇ ਨਾਲ, ਘਰਾਂ ਨੂੰ ਅਸੀ ਸਜਾਵਾਂਗੇ,
ਜੀਵਨ ਦਾ ਆਨੰਦ...।

ਔਸ਼ਧੀਆਂ ਤੇ ਫੱਲ ਵੀ ਦਿੰਦ, ਦਿਲੋਂ ਇਨ੍ਹਾਂ ਨੂੰ ਪਿਆਰ ਕਰੋ,
ਫੁੱਲਾਂ ਨਾਲ ਸੌਗੰਧੀਆਂ ਦਿੰਦੇ, ਭੌਰਿਆਂ ਵਾਂਗ ਹਿਤਕਾਰ ਕਰੋ,

ਅਸਮਾਨੀ ਕਿਸ਼ਨਗੜ੍ਹ ਵਾਲੇ ਵਾਂਗ, ਧਰਤੀ ਹਰੀ ਬਣਾਵਾਂਗੇ, 
ਜੀਵਨ ਦਾ ਆਨੰਦ...।

-ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104